‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਬਾਰੇ ਕੀਤਾ ਜਾਗਰੂਕ

ਐਸ.ਏ.ਐਸ. ਨਗਰ, 15 ਜੂਨ (ਸ.ਬ.) ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਅਤੇ ਮਨੁੱਖੀ ਸਿਹਤ ਲਈ ਇਸ ਦੇ ਮਹੱਤਵ ਤੇ ਦੁੱਧ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦੇਣ ਲਈ ਐਸ.ਏ.ਐਸ. ਨਗਰ ਦੇ ਫੇਜ਼ 1 ਐਚ.ਈ. ਵਿਖੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਦੁੱਧ ਪਰਖ ਕੈਂਪ ਲਾਇਆ ਗਿਆ|
ਡੇਅਰੀ ਟੈਕਨਾਲੋਜਿਸਟ ਦਰਸ਼ਨ ਸਿੰਘ ਦੀ ਦੇਖ ਰੇਖ ਹੇਠ ਲਗਾਏ ਗਏ ਦੁੱਧ ਪਰਖ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫੇਜ਼ 1 ਵਿਖੇ ਮੋਬਾਇਲ ਲੈਬਾਰਟਰੀ ਰਾਹੀਂ ਦੁੱਧ ਦੇ 41 ਸੈਂਪਲ ਚੈਕ ਕੀਤੇ ਗਏ, ਜਿਨ੍ਹਾਂ ਵਿੱਚੋਂ 21 ਸੈਂਪਲ ਮਿਆਰਾਂ ਅਨੁਸਾਰ ਪਾਏ ਗਏ ਅਤੇ ਬਾਕੀ 20 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ, ਜਿਸ ਦੀ ਮਿਕਦਾਰ 12 ਤੋਂ 28 ਪ੍ਰਤੀਸ਼ਤ ਤੱਕ ਸੀ| ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਵੀ ਨਮੂਨੇ ਵਿੱਚ ਹਾਨੀਕਾਰਕ ਕੈਮੀਕਲ/ਬਾਹਰੀ ਪਦਾਰਥ ਨਹੀਂਂ ਪਾਏ ਗਏ| ਦਰਸ਼ਨ ਸਿੰਘ ਨੇ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੇ ਨਮੂਨੇ ਟੈਸਟ ਕਰਨ ਉਪਰੰਤ ਨਤੀਜੇ ਲਿਖਤੀ ਰੂਪ ਵਿੱਚ ਮੌਕੇ ਤੇ ਹੀ ਮੁਫਤ ਦਿੱਤੇ ਗਏ|
ਡੇਅਰੀ ਟੈਕਨੋਲੋਜਿਸਟ ਨੇ ਦੱਸਿਆ ਕਿ ਹੁਣ ਸਾਰੇ ਵਿਭਾਗੀ ਦਫਤਰਾਂ ਵਿੱਚ ਵੀ ਦੁੱਧ ਦੀ ਪਰਖ ਮੁਫਤ ਕਰਵਾਈ ਜਾ ਸਕਦੀ ਹੈ| ਕਿਸੇ ਵੀ ਥਾਂ ਤੇ ਜੇਕਰ ਅਜਿਹਾ ਕੈਂਪ ਆਯੋਜਿਤ ਕਰਵਾਉਣਾ ਹੋਵੇ ਤਾਂ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫਤਰ ਜਾਂ ਹੈਲਪ ਲਾਈਨ ਨੰਬਰ 0172-2219276 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ| ਉਨ੍ਹਾਂ ਦੱਸਿਆ ਕਿ ਜਾਗਰੂਕ ਖਪਤਕਾਰ ਹੀ ਦੁੱਧ ਵਿੱਚ ਮਿਲਾਵਟ ਦੀ ਸੰਭਾਵਨਾਵਾਂ ਨੂੰ ਖਤਮ ਕਰ ਸਕਦੇ ਹਨ| ਇਸ ਮੌਕੇ ਸਮਾਜ ਸੇਵੀ ਸ੍ਰੀਮਤੀ ਨੀਲਮ ਰਾਣੀ, ਪ੍ਰਧਾਨ ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਇੰਜ ਪੀ.ਐਸ. ਵਿਰਦੀ, ਡੇਅਰੀ ਇੰਸਪੈਕਟਰ ਹਰਦੇਵ ਸਿੰਘ, ਗੁਰਦੀਪ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ|

Leave a Reply

Your email address will not be published. Required fields are marked *