ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਮਰ ਕੈਂਪ ਲਾ ਕੇ ਦਿੱਤੀ ਜਾ ਰਹੀ ਖੇਡਾਂ ਦੀ ਸਿਖਲਾਈ: ਜ਼ਿਲ੍ਹਾ ਖੇਡ ਅਫ਼ਸਰ

ਐਸ.ਏ.ਐਸ. ਨਗਰ, 18 ਜੂਨ (ਸ.ਬ.) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁਹਾਲੀ ਵਿੱਚ ਖੇਡ ਵਿਭਾਗ ਵੱਲੋਂ ਸਪਰ ਕੈਂਪ ਲਾ ਕੇ ਉਭਰਦੇ ਖਿਡਾਰੀਆਂ ਨੂੰ ਹੈਂਡਬਾਲ, ਬੈਡਮਿੰਟਨ, ਅਥਲੈਟਿਕਸ, ਤੈਰਾਕੀ, ਵੇਟ ਲਿਫਟਿੰਗ, ਟੇਬਲ ਟੈਨਿਸ, ਖੇਡਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਵਿੱਚ 200 ਤੋਂ ਵੱਧ ਖਿਡਾਰੀ ਸਿਖਲਾਈ ਹਾਸਲ ਕਰ ਰਹੇ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਮਨੋਹਰ ਸਿੰਘ ਨੇ ਦੱਸਿਆ ਕਿ ਖੇਡ ਵਿਭਾਗ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਗਿਆਨ ਜੋਯਤੀ ਸਕੂਲ ਫੇਜ਼-2 ਵਿਖੇ ਹੈਂਡਬਾਲ ਕੋਚਿੰਗ ਸੈਂਟਰ ਚਲਾਏ ਜਾ ਰਹੇ ਹਨ, ਜਿੱਥੇ ਕਿ ਲੜਕੇ ਅਤੇ ਲੜਕੀਆਂ ਹੈਂਡਬਾਲ ਦੀ ਸਿਖਲਾਈ ਪ੍ਰਾਪਤ ਕਰ ਰਹੇ ਹਨ|
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਮਰ ਕੈਂਪ ਦੌਰਾਨ ਖੇਡ ਵਿਭਾਗ ਦੇ ਕੋਚ ਵੱਖ ਵੱਖ ਖੇਡਾਂ ਲਈ ਖਿਡਾਰੀਆਂ ਨੂੰ ਸਿਖਲਾਈ ਦੇ ਰਹੇ ਹਨ ਅਤੇ ਸਿਖਲਾਈ ਪ੍ਰਾਪਤ ਕਰ ਰਹੇ ਖਿਡਾਰੀਆਂ ਨੂੰ ਰੋਜ਼ਾਨਾ ਖ਼ੁਰਾਕ, ਜਿਸ ਵਿੱਚ ਕੇਲੇ, ਬਾਦਾਮ, ਦੁੱਧ ਆਦਿ ਸ਼ਾਮਲ ਹਨ, ਮੁਫ਼ਤ ਦਿੱਤੀ ਜਾਂਦੀ ਹੈ| ਉਨ੍ਹਾਂ ਦੱਸਿਆ ਕਿ ਸਮਰ ਕੈਂਪ 30 ਜੂਨ ਤੱਕ ਚਲਾਏ ਜਾਣਗੇ| ਉਨ੍ਹਾਂ ਦੱਸਿਆ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੜਕੀਆਂ ਅਤੇ ਲੜਕਿਆਂ ਦੇ ਹੈਂਡਬਾਲ ਦੇ ਮੁਕਾਬਲੇ ਕਰਵਾਏ ਗਏ, ਲੜਕਿਆਂ ਦੀ ਟੀਮ ਵਿੱਚੋਂ ਯੈਲੋ ਹਾਊਸ ਨੇ ਗਰੀਨ ਹਾਊਸ ਨੂੰ 19 -17 ਨਾਲ ਹਰਾਇਆ ਅਤੇ ਲੜਕੀਆਂ ਦੀ ਟੀਮ ਵਿੱਚ ਗਰੀਨ ਹਾਊਸ ਨੇ ਯੈਲੋ ਹਾਊਸ ਨੂੰ 14-11 ਨਾਲ ਹਰਾਇਆ|
ਇਸ ਮੌਕੇ ਹੈਂਡਬਾਲ ਦੇ ਕੋਚ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲ 2016 ਵਿੱਚ ਹੈਂਡਬਾਲ ਕੋਚਿੰਗ ਸੈਂਟਰ ਖੋਲ੍ਹਿਆ ਗਿਆ ਸੀ ਤੇ ਇਸ ਸਮੇਂ ਸਮਰ ਕੈਂਪ ਵਿੱਚ 22 ਲੜਕੀਆਂ ਤੇ 30 ਲੜਕੇ ਹਿੱਸਾ ਲੈ ਰਹੇ ਹਨ| ਉਨ੍ਹਾਂ ਦੱਸਿਆ ਕਿ ਹੈਂਡਬਾਲ ਕੋਚਿੰਗ ਸੈਂਟਰ ਨੇ ਪੰਜਾਬ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ| ਉਨ੍ਹਾਂ ਦੱਸਿਆ ਕਿ ਇਸ ਕੋਚਿੰਗ ਸੈਂਟਰ ਦੇ ਖਿਡਾਰੀ ਰਾਜੀਵ ਸਿੰਘ ਨੇ ਸਾਲ 2017 ਵਿੱਚ ਨੈਸ਼ਨਲ ਪੱਧਰ ਤੇ ਖੇਲੋ ਇੰਡੀਆ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਤਿੰਨ ਹੋਰ ਖਿਡਾਰੀ ਵੀ ਨੈਸ਼ਨਲ ਪੱਧਰ ਦੇ ਹੋਏ ਮੁਕਾਬਿਲਆਂ ਵਿੱਚ ਹਿੱਸਾ ਲਿਆ ਅਤੇ ਇਸ ਕੋਚਿੰਗ ਸੈਂਟਰ ਦੀ ਟੀਮ ਨੇ ਜਿੱਥੇ ਪੰਜਾਬ ਪੱਧਰ ਤੇ ਆਪਣਾ ਨਾਮਣਾ ਖੱਟਿਆ ਹੈ, ਉਥੇ ਜ਼ਿਲ੍ਹਾ ਪੱਧਰ ਤੇ ਹੋਏ ਮੁਕਾਬਲਿਆਂ ਵਿੱਚ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਰਹਿਆਂ ਹਨ|
ਇਸ ਮੌਕੇ ਗਿਆਨ ਜੋਯਤੀ ਸਕੂਲ ਦੇ ਕੋਚਿੰਗ ਸੈਂਟਰ ਦੇ ਕੋਚ ਸ੍ਰੀ ਨੰਦ ਲਾਲ, ਬੈਡਮਿੰਟਨ ਦੇ ਕੋਚ ਅਬਦੁਲ ਜਮੀਨ, ਅਥਲੈਟਿਕਸ ਦੇ ਕੋਚ ਸ੍ਰੀ ਜੁਲਫੀਕਾਰ, ਤੈਰਾਕੀ ਦੇ ਕੋਚ ਗਗਨਦੀਪ ਸਿੰਘ ਅਤੇ ਜੋਯਤੀ ਭਾਟੀਆ, ਵੇਟ ਲਿਫਟਿੰਗ ਦੀ ਕੋਚ ਕੁਮਾਰੀ ਅਨੀਤਾ, ਟੈਬਲ ਟੈਨਿਸ ਦੇ ਕੋਚ ਰਾਜੀਵ ਸਿੰਘ ਅਤੇ ਪੀ.ਟੀ.ਆਈ ਹਰਬੰਸ ਸਿੰਘ ਸਮੇਤ ਹੋਰ ਖੇਡ ਪ੍ਰੇਮੀ ਵੀ ਮੌਜੂਦ ਸਨ|

Leave a Reply

Your email address will not be published. Required fields are marked *