ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ: ਜ਼ਿਲ੍ਹਾ ਜੰਗਲਾਤ ਅਫਸਰ

ਐਸ.ਏ.ਐਸ. ਨਗਰ, 11 ਜੂਨ (ਸ.ਬ.) ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਮਿਸ਼ਨ ਤੰਦਰੁਸਤ ਤਹਿਤ ਲੋਕਾਂ ਨੂੰ ਚੰਗੀ ਸਿਹਤ, ਸਾਫ ਹਵਾ, ਸਵੱਛ ਵਾਤਾਵਰਣ ਪ੍ਰਦਾਨ ਕਰਨ ਦੇ ਮੱਦੇਨਜ਼ਰ ਜੰਗਲਾਤ ਵਿਭਾਗ ਵੱਲੋਂ ਵਾਤਾਵਰਣ ਦੀ ਸਵੱਛਤਾ ਲਈ ਜ਼ਿਲ੍ਹੇ ਵਿੱਚ ਵੱਧ ਤੋ ਵੱਧ ਰੁੱਖ ਲਗਾਏ ਜਾਣਗੇ ਅਤੇ ਰੁੱਖਾਂ ਦੀ ਸਾਂਭ ਸੰਭਾਲ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ| ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਜੰਗਲਾਤ ਅਫਸਰ ਸ੍ਰੀ ਗੁਰਅਮਨਪ੍ਰੀਤ ਸਿੰਘ ਨੇ ਸਵੱਛ ਵਾਤਾਵਰਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਲੋਕਾਂ ਨੂੰ ਮੁਫਤ ਪੌਦੇ ਵੰਡ ਕੇ ਕਰਨ ਉਪਰੰਤ ਦਿੱਤੀ|
ਜ਼ਿਲ੍ਹਾ ਜੰਗਲਾਤ ਅਫਸਰ ਨੇ ਦੱਸਿਆ ਕਿ ਅਜੋਕੇ ਯੁੱਗ ਵਿੱਚ ਪ੍ਰਦੂਸ਼ਣ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਜਿਸ ਦਾ ਮੁੱਖ ਕਾਰਨ ਰੁੱਖਾਂ ਦੀ ਅੰਨੇਵਾਹ ਕਟਾਈ ਕਰਨਾ ਵੀ ਸ਼ਾਮਿਲ ਹੈ| ਉਨ੍ਹਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਠੱਲ ਪਾ ਸਕਦੇ ਹਨ| ਉਨ੍ਹਾਂ ਦੱਸਿਆ ਕਿ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਹਰਿਆਲੀ ਮਿਸ਼ਨ ਤਹਿਤ ਇਸ ਸਾਲ 20 ਲੱਖ ਬੂਟੇ ਲਾਏ ਜਾਣਗੇ ਅਤੇ ਕਿਸਾਨਾਂ ਨੂੰ ਮੁੱਲਾਂਪੁਰ ਸਥਿਤ ਵਣ ਵਿਭਾਗ ਦੀ ਨਰਸਰੀ ਤੋਂ ਚੰਦਨ ਦੇ ਬੂਟੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ| ਇਸ ਤੋਂ ਇਲਾਵਾ ਖਰੜ, ਬਹੇੜਾ, ਆਵਲਾ, ਨਿੰਮ, ਤੂਤ, ਪਿੱਪਲ ਜਾਮਣ ਕਿੱਕਰ ਆਦਿ ਦੇ ਬੂਟੇ ਵੀ ਵੰਡੇ ਜਾਣਗੇ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਵਾਸੀ ਨੂੰ ਘਰ-ਘਰ ਹਰਿਆਲੀ ਸਕੀਮ ਤਹਿਤ ਆਪਣੇ ਘਰ ਜਾਂ ਆਲੇ ਦੁਆਲੇ ਰੁੱਖ ਲਗਾਉਣ ਲਈ ਵੀ ਬੂਟੇ ਮੁਫਤ ਮੁਹੱਈਆ ਕਰਵਾਏ ਜਾਣਗੇ|
ਉਹਨਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਸੜਕਾਂ ਦੇ ਕਿਨਾਰਿਆਂ ਦੇ ਦੁਆਲੇ ਅਤੇ ਖਾਸ ਤੌਰ ਤੇ ਸਕੂਲਾਂ ਹੋਰ ਵਿਦਿਅਕ ਸੰਸਥਾਵਾਂ, ਪੰਚਾਇਤਾਂ ਨਗਰ ਨਿਗਮ, ਨਗਰ ਕੌਂਸਲਾਂ ਵਿਖੇ ਵੀ ਢੁੱਕਵੀਆਂ ਥਾਵਾਂ ਤੇ ਰੁੱਖ ਲਗਾਏ ਜਾਣਗੇ| ਇਸ ਤੋਂ ਇਲਾਵਾ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 10.75 ਫੀਸਦੀ ਰਕਬਾ ਵਣਾਂ ਹੇਠ ਹੈ ਅਤੇ ਕੁਦਰਤੀ ਵਣ ਰਕਬੇ ਦਾ ਤਕਰੀਬਨ 10 ਹਜ਼ਾਰ ਹੈਕਟੇਅਰ ਰਕਬਾ ਪਹਾੜੀ ਹੈ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਖਰੜ, ਸੋਤਲ, ਮੁੱਲਾਂਪੁਰ ਗ਼ਰੀਬਦਾਸ, ਸੁਲਤਾਨਪੁਰ, ਸਿਉਂਕ, ਪੀਰਸੋਹਾਣਾ, ਸ਼ਾਮਪੁਰ ਅਤੇ ਪਲਣਪੁਰ ਵਿਖੇ ਵਣ ਵਿਭਾਗ ਦੀਆਂ ਨਰਸਰੀਆਂ ਹਨ, ਜਿੱਥੋਂ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਵੱਖ ਵੱਖ ਕਿਸਮ ਦੇ ਬੂਟੇ ਦਿੱਤੇ ਜਾਂਦੇ ਹਨ| ਇਨ੍ਹਾਂ ਬੂਟਿਆਂ ਵਿੱਚ ਫ਼ਲ ਅਤੇ ਫੁਲਦਾਰ ਬੂਟਿਆਂ ਦੇ ਨਾਲ ਨਾਲ ਪੰਜਾਬ ਦੇ ਰਵਾਇਤੀ ਬੂਟੇ ਮੁਫ਼ਤ ਦਿੱਤੇ ਜਾਂਦੇ ਹਨ| ਇਸ ਮੌਕੇ ਜੰਗਲਾਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *