ਮਿਸ਼ਨ ਤੰਦਰੁਸਤ ਪੰਜਾਬ’ ਦੇ ਸੂਬਾ ਪੱਧਰੀ ਸਮਾਗਮ ਲਈ ਪ੍ਰਬੰਧ ਮੁਕੰਮਲ: ਮਿਸ਼ਨ ਡਾਇਰੈਕਟਰ

ਐਸ.ਏ.ਐਸ. ਨਗਰ, 4 ਜੂਨ (ਸ.ਬ.) ਪੰਜਾਬ ਨੂੰ ਸਿਹਤਮੰਦ ਬਣਾਉਣ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਭਲਕੇ (5 ਜੂਨ) ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਸ.ਏ.ਐਸ.ਨਗਰ ਤੋਂ ਕਰਨਗੇ ਤੇ ਇਸ ਸੂਬਾ ਪੱਧਰੀ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ| ਇਹ ਜਾਣਕਾਰੀ ਮਿਸ਼ਨ ਡਾਇਰੈਕਟਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂੰ ਨੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ) ਵਿਖੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ|
ਸ. ਪੰਨੂੰ ਨੇ ਦੱਸਿਆ ਕਿ ਆਈਸਰ ਦੇ ਆਡੀਟੋਰੀਅਮ ਵਿਖੇ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਲਈ ਹੋਣ ਵਾਲੇ ਸਮਾਗਮ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ| ਉਨ੍ਹਾਂ ਦੱਸਿਆ ਮੁੱਖ ਮੰਤਰੀ, ਪੰਜਾਬ ਆਈਸਰ ਦੇ ਵਿਹੜੇ ਵਿਖੇ ਵਿਸ਼ੇਸ਼ ਵਾਤਾਵਰਣ ਦਿਵਸ ਮੌਕੇ ਬੂਟਾ ਵੀ ਲਾਉਣਗੇ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਬੂਟੇ ਲਾਉਣਗੀਆਂ| ਸ. ਪੰਨੂੰ ਨੇ ਦੱਸਿਆ ਕਿ ਸਮਾਗਮ ਮੌਕੇ ਵਾਤਾਵਰਣ ਦੀ ਸੰਭਾਲ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਆਪਣੀਆਂ ਗਤੀਵਿਧੀਆਂ ਸਬੰਧੀ ਸਟਾਲ ਵੀ ਲਾਏ ਜਾਣਗੇ| ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਇਸ ਮੌਕੇ ਘਰ-ਘਰ ਹਰਿਆਲੀ ਮਿਸ਼ਨ, ਆਈ-ਹਰਿਆਲੀ ਐਪ, ਹਰਿਆਲੀ ਮਿਸ਼ਨ ਐਸ.ਏ.ਐਸ. ਨਗਰ ਸਮੇਤ ਮਿਸ਼ਨ ਤੰਦਰੁਸਤ ਪੰਜਾਬ ਦਾ ਕਿਤਾਬਚਾ ਵੀ ਜਾਰੀ ਕਰਨਗੇ| ਮਿਸ਼ਨ ਡਾਇਰੈਕਟਰ ਨੇ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਲਈ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬੂਟੇ ਵੀ ਵੰਡੇ ਜਾਣਗੇ|
ਇਸ ਮੌਕੇ ਵਿਸ਼ੇਸ਼ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਤੇ ਮਿਸ਼ਨ ਡਾਇਰੈਕਟਰ ਕੌਮੀ ਸਿਹਤ ਮਿਸ਼ਨ ਵਰੁਣ ਰੂਜਮ, ਮੁੱਖ ਮੰਤਰੀ, ਪੰਜਾਬ ਦੀ ਵਧੀਕ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਖੇਡ ਵਿਭਾਗ ਪੰਜਾਬ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਪ੍ਰਧਾਨ ਮੁੱਖ ਵਣਪਾਲ ਜਿਤੇਂਦਰ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ.ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਜੀਵ ਕੁਮਾਰ ਗਰਗ, ਐਸ.ਡੀ.ਐਮ. ਡਾ. ਆਰ.ਪੀ. ਸਿੰਘ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਸਕੱਤਰ ਆਰ.ਟੀ.ਏ. ਸੁਖਵਿੰਦਰ ਕੁਮਾਰ, ਐਸ.ਪੀ. ਸਿਟੀ ਜਗਜੀਤ ਸਿੰਘ ਜੱਲਾ, ਡੀ.ਐਫ.ਓ. ਗੁਰਅਮਨਪ੍ਰੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ|

Leave a Reply

Your email address will not be published. Required fields are marked *