ਮਿਸ਼ਨ 2019 ਲਈ ਭਾਜਪਾ ਤੇ ਕਾਂਗਰਸ ਵਲੋਂ ਸ਼ੁਰੂ ਹੋ ਗਈ ਜੋੜ ਤੋੜ ਦੀ ਰਾਜਨੀਤੀ

ਕਾਂਗਰਸ ਨੇ 2019 ਦੀਆਂ ਲੋਕਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਯੂਪੀਏ-3 ਦੇ ਗਠਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਸਦਾ ਜਿੰਮਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਉਤੇ ਪਾ ਦਿੱਤਾ ਹੈ| ਇਸ ਤਰ੍ਹਾਂ ਇਹ ਭੁਲੇਖਾ ਦੂਰ ਹੋ ਗਿਆ ਕਿ ਰਾਹੁਲ ਆਪਣਾ ਧਿਆਨ ਪਾਰਟੀ ਉਤੇ ਕੇਂਦਰਿਤ ਕਰਣਗੇ ਅਤੇ ਸਹਿਯੋਗੀ ਦਲਾਂ ਨੂੰ ਜੋੜਨ ਦਾ ਕੰਮ ਸੋਨੀਆ ਗਾਂਧੀ ਕਰੇਗੀ| ਅਜਿਹੀਆਂ ਅਟਕਲਾਂ ਕਰਨਾਟਕ ਵਿੱਚ ਐਚ ਡੀ ਕੁਮਾਰ ਸਵਾਮੀ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਵਿੱਚ ਸੋਨੀਆ ਗਾਂਧੀ ਦੀ ਸਰਗਰਮੀ ਨੂੰ ਦੇਖ ਕੇ ਲਗਾਈਆਂ ਜਾ ਰਹੀਆਂ ਸਨ| ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਐਤਵਾਰ ਨੂੰ ਹੋਈ ਮੀਟਿੰਗ ਵਿੱਚ ਪਾਰਟੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਮੌਜੂਦਾ ਹਲਾਤਾਂ ਵਿੱਚ ਕਾਂਗਰਸ ਆਪਣੇ ਦਮ ਉਤੇ ਬਹੁਮਤ ਹਾਸਲ ਨਹੀਂ ਕਰ ਸਕਦੀ| ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ-ਮੰਤਰੀ ਪੀ ਚਿਦੰਬਰਮ ਨੇ ਜਿੱਤ ਦਾ ਇੱਕ ਫਾਰਮੂਲਾ ਦਿੱਤਾ| ਉਨ੍ਹਾਂ ਦਾ ਕਹਿਣਾ ਸੀ ਕਿ 12 ਰਾਜਾਂ ਵਿੱਚ ਕਾਂਗਰਸ ਪਾਰਟੀ ਦਾ ਜਨਾਧਾਰ ਮਜਬੂਤ ਹੈ, ਇਹਨਾਂ ਵਿੱਚ ਪਾਰਟੀ ਆਪਣੀਆਂ ਸੀਟਾਂ ਵਧਾ ਕੇ ਤਿੰਨ ਗੁਣਾ ਕਰ ਲਵੇ ਤਾਂ 150 ਸੀਟਾਂ ਦਾ ਅੰਕੜਾ ਪ੍ਰਾਪਤ ਕੀਤਾ ਜਾ ਸਕਦਾ ਹੈ|
ਚਿਦੰਬਰਮ ਦੇ ਮੁਤਾਬਕ, ਕਾਂਗਰਸ ਜੇਕਰ 2019 ਲੋਕਸਭਾ ਚੋਣਾਂ ਵਿੱਚ 150 ਸੀਟਾਂ ਜਿੱਤ ਜਾਂਦੀ ਹੈ ਤਾਂ ਯੂਪੀਏ ਦਾ ਨਵਾਂ ਸੰਸਕਰਣ 300 ਸੀਟਾਂ ਆਪਣੀ ਝੋਲੀ ਵਿੱਚ ਲਿਆ ਸਕਦਾ ਹੈ| ਜਿਆਦਾਤਰ ਨੇਤਾਵਾਂ ਦੀ ਰਾਏ ਇਹੀ ਸੀ ਕਿ ਗਠਜੋੜ ਦੇ ਕੇਂਦਰ ਵਿੱਚ ਰਾਹੁਲ ਗਾਂਧੀ ਹੋਣ ਅਤੇ ਉਨ੍ਹਾਂ ਨੂੰ ਚਿਹਰਾ ਬਣਾ ਕੇ ਹੀ ਇਹ ਰਣਨੀਤੀ ਸਫਲ ਹੋ ਸਕਦੀ ਹੈ| ਪਰੰਤੂ ਯੂਪੀਏ-3 ਦੀ ਰਾਹ ਨਿਸ਼ਚੇ ਹੀ ਇਸਦੇ ਪੁਰਾਣੇ ਸੰਸਕਰਣਾਂ ਤੋਂ ਕਾਫ਼ੀ ਵੱਖ ਅਤੇ ਮੁਸ਼ਕਿਲ ਹੋਵੇਗੀ| ਸੱਚ ਇਹ ਹੈ ਕਿ ਆਰਜੇਡੀ ਨੂੰ ਛੱਡ ਕੇ ਯੂਪੀਏ ਦਾ ਕੋਈ ਵੀ ਪੁਰਾਨਾ ਘਟਕ ਦਲ ਕਾਂਗਰਸ ਅਤੇ ਰਾਹੁਲ ਗਾਂਧੀ ਦੀਆਂ ਸਮਰਥਾਵਾਂ ਨੂੰ ਲੈ ਕੇ ਆਸਵੰਦ ਨਹੀਂ ਦਿਖ ਰਿਹਾ|
ਭਾਜਪਾ ਦੇ ਖਿਲਾਫ ਇੱਕ ਮਹਾਗਠਬੰਧਨ ਦੀ ਜ਼ਰੂਰਤ ਇਹਨਾਂ ਵਿਚੋਂ ਹਰ ਕੋਈ ਮਹਿਸੂਸ ਕਰਦਾ ਹੈ, ਪਰੰਤੂ ਅਲਾਇੰਸ ਦੇ ਸਵਰੂਪ ਨੂੰ ਲੈ ਕੇ ਉਨ੍ਹਾਂ ਦੀ ਦੁਵਿਧਾ ਵਾਰ – ਵਾਰ ਉਨ੍ਹਾਂ ਦੇ ਬਿਆਨਾਂ ਵਿੱਚ ਝਲਕ ਰਹੀ ਹੈ| ਜਿਵੇਂ, ਸਮਾਜਵਾਦੀ ਪਾਰਟੀ ਕਦੇ ਕਾਂਗਰਸ ਦੇ ਨਾਲ ਚਲਣ ਦੀ ਗੱਲ ਕਰਦੀ ਹੈ ਤਾਂ ਕਦੇ ਇਸ ਤੋਂ ਇਨਕਾਰ ਵੀ ਕਰਦੀ ਹੈ| ਬੀਐਸਪੀ ਨੇ ਅਜੇ ਪੱਤੇ ਨਹੀਂ ਖੋਲ੍ਹੇ ਹਨ| ਸੀਪੀਐਮ ਨੇਤਾ ਕਾਂਗਰਸ ਨਾਲ ਸਹਿਯੋਗ ਦੀ ਗੱਲ ਕਰਦੇ ਹਨ ਪਰੰਤੂ ਮਹਾਗਠਬੰਧਨ ਨੂੰ ਲੈ ਕੇ ਗੋਲਮਟੋਲ ਬਿਆਨ ਦਿੰਦੇ ਹਨ|
ਮਮਤਾ ਬੈਨਰਜੀ ਦੇ ਜਿਆਦਾਤਰ ਬਿਆਨ ਦੱਸਦੇ ਹਨ ਕਿ ਉਨ੍ਹਾਂ ਦਾ ਜ਼ੋਰ ਕਾਂਗਰਸ ਨੂੰ ਬਾਹਰ ਰੱਖ ਕੇ ਥਰਡ ਫਰੰਟ ਬਣਾਉਣ ਤੇ ਹੈ, ਹਾਲਾਂਕਿ ਸੋਨੀਆ ਗਾਂਧੀ ਦੇ ਪ੍ਰਤੀ ਉਨ੍ਹਾਂ ਦਾ ਰੁਖ਼ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਨਰਮ ਹੀ ਬਣਿਆ ਹੋਇਆ ਹੈ| ਸੰਸਦ ਵਿੱਚ ਅਵਿਸ਼ਵਾਸ ਪ੍ਰਸਤਾਵ ਦੇ ਮੌਕੇ ਤੇ ਵੱਖ ਵੱਖ ਦਲਾਂ ਦੇ ਸਟੈਂਡ ਨੇ ਉਲਝਨ ਕੁੱਝ ਹੋਰ ਵਧਾ ਦਿੱਤੀ ਹੈ| ਜਿਵੇਂ, ਟੀਆਰਐਸ ਅਤੇ ਬੀਜੇਡੀ ਨੇ ਪ੍ਰਸਤਾਵ ਤੇ ਮਤਦਾਨ ਤੋਂ ਖੁਦ ਨੂੰ ਵੱਖ ਰੱਖ ਕੇ ਆਪਣੇ ਤਰੀਕੇ ਨਾਲ ਭਾਜਪਾ ਸਰਕਾਰ ਨੂੰ ਮਜਬੂਤੀ ਦਿੱਤੀ| ਅਜਿਹੇ ਵਿੱਚ ਉਨ੍ਹਾਂ ਦੇ ਯੂਪੀਏ ਵਿੱਚ ਆਉਣ ਦੀ ਸੰਭਾਵਨਾ ਘੱਟ ਹੀ ਹੈ|
ਜਿਆਦਾਤਰ ਖੇਤਰੀ ਦਲਾਂ ਨੂੰ ਕਾਂਗਰਸ ਦੇ ਨਾਲ ਖੜੇ ਹੋਣ ਨਾਲ ਆਪਣਾ ਜਨਾਧਾਰ ਛਿਟਕ ਜਾਣ ਦਾ ਡਰ ਸਤਾ ਰਿਹਾ ਹੈ| ਅਜਿਹੇ ਵਿੱਚ ਯੂਪੀਏ-3 ਦਾ ਗਠਨ ਰਾਹੁਲ ਗਾਂਧੀ ਦੀ ਇੱਕ ਵੱਡੀ ਪ੍ਰੀਖਿਆ ਸਾਬਤ ਹੋਣ ਵਾਲਾ ਹੈ| ਉਨ੍ਹਾਂ ਨੂੰ ਆਪਣੇ ਪੁਰਾਣੇ ਸਹਿਯੋਗੀ ਦਲਾਂ ਦੀ ਇੱਕਜੁੱਟਤਾ ਦਾ ਕੋਈ ਕੇਂਦਰਬਿੰਦੂ ਲੱਭਣਾ ਪਵੇਗਾ| ਇਸਦੇ ਲਈ ਕਾਂਗਰਸ ਨੂੰ ਕਾਫ਼ੀ ਕੁੱਝ ਗੁਆਉਣਾ ਵੀ ਪੈ ਸਕਦਾ ਹੈ|
ਵਿਪਨ ਕੁਮਾਰ

Leave a Reply

Your email address will not be published. Required fields are marked *