ਮਿਹਨਤ ਨਾਲ ਹੀ ਮਿਲਦੀ ਹੈ ਸਫਲਤਾ: ਬਠਲਾਣਾ

ਐਸ ਏ ਐਸ ਨਗਰ, 9 ਮਾਰਚ (ਸ.ਬ.) ਮਿਹਨਤ ਨੂੰ ਸਫਲਤਾ ਦੀ ਕੂੰਜੀ ਕਿਹਾ ਜਾਂਦਾ ਹੈ ਅਤੇ ਇਸ ਲਈ ਹਰੇਕ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਮਨ ਲਗਾ ਕੇ ਕਰਨੀ ਚਾਹੀਦੀ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਕੁੱਝ ਸਮਾਂ ਖੇਡਾਂ ਲਈ ਵੀ ਕੱਢਣਾ ਚਾਹੀਦਾ ਹੈ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਕਾਂਗਰਸ ਕਮੇਟੀ ਮੁਹਾਲੀ (ਦਿਹਾਤੀ) ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ ਨੇ ਸਰਕਾਰੀ ਮਿਡਲ ਸਕੂਲ ਪਿੰਡ ਬਠਲਾਣਾ ਦੇ ਬੱਚਿਆਂ ਨੂੰ ਸਕੂਲ ਬੈਗ ਵੰਡਣ ਮੌਕੇ ਕੀਤਾ|
ਇਸ ਮੌਕੇ ਇਕੱਤਰ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਠੇਕੇਦਾਰ ਬਠਲਾਣਾ ਨੇ ਕਿਹਾ ਕਿ ਹੁਣ ਜਦੋਂ ਪ੍ਰੀਖਿਆਵਾਂ ਦਾ ਸਮਾਂ ਸ਼ੁਰੂ ਹੋ ਚੁਕਾ ਹੈ ਤਾਂ ਵਿਦਿਆਰਥੀਆਂ ਨੂੰ ਆਪਣਾ ਮਨ ਇਕਾਗਰ ਕਰਕੇ ਸਿਰਫ ਅਤੇ ਸਿਰਫ ਪੜ੍ਹਾਈ ਉਤੇ ਹੀ ਧਿਆਨ ਦੇਣਾ ਚਾਹੀਦਾ ਹੈ ਅਤੇ ਨਕਲ ਵਰਗੀਆਂ ਬੁਰੀਆਂ ਅਲਾਮਤਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਨਕਲ ਇਕ ਮਿੱਠਾ ਜ਼ਹਿਰ ਹੈ ਅਤੇ ਨਕਲ ਸਹਾਰੇ ਪ੍ਰਾਪਤ ਕੀਤੀ ਸਫਲਤਾ ਸਿਰਫ ਕੁੱਝ ਸਮੇਂ ਲਈ ਹੀ ਹੁੰਦੀ ਹੈ, ਜਦੋਂਕਿ ਮਿਹਨਤ ਨਾਲ ਪ੍ਰਾਪਤ ਕੀਤੀ ਸਫਲਤਾ ਚਿਰਸਥਾਈ ਬਣੀ ਰਹਿੰਦੀ ਹੈ|
ਉਨ੍ਹਾਂ ਇਸ ਮੌਕੇ ਸਕੂਲ ਦੀਆਂ ਸਾਰੀਆਂ ਸਮੱਸਿਆਵਾਂ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਕੇ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਵੀ ਦਿਵਾਇਆ| ਇਸ ਮੌਕੇ ਸਕੂਲ ਦੇ ਲਗਭਗ 100 ਵਿਦਿਆਰਥੀਆਂ ਨੂੰ ਬੈਗ ਤਕਸੀਮ ਕੀਤੇ ਗਏ| ਸਕੂਲ ਦੀ ਪ੍ਰਿੰਸੀਪਲ ਪੂਜਾ ਰਾਣੀ ਨੇ ਠੇਕੇਦਾਰ ਮੋਹਨ ਸਿੰਘ ਬਠਲਾਣਾ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਮੌਕੇ ਪਹੁੰਚੇ ਪਤਵੰਤਿਆਂ ਦਾ ਧੰਨਵਾਦ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਬਠਲਾਣਾ, ਜਗੀਰ ਸਿੰਘ ਪੰਚ ਬਠਲਾਣਾ, ਮਨਜੀਤ ਸਿੰਘ ਸਾਬਕਾ ਸਰਪੰਚ ਤੰਗੌਰੀ, ਗੁਰਮੇਲ ਸਿੰਘ ਨੰਬਰਦਾਰ ਚਾਓਮਾਜਰਾ, ਟਹਿਲ ਸਿੰਘ ਮਾਣਕਪੁਰ ਕੱਲਰ, ਸ਼ੇਰ ਸਿੰਘ ਦੈੜੀ, ਬੱਲਾ ਕੁਰੜੀ, ਹਰਕਰਨੈਲ ਸਿੰਘ, ਮਨਦੀਪ ਸਿੰਘ, ਚਰਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *