ਮੀਟਰ ਰੀਡਿੰਗ ਲੈਣ ਉਪਰੰਤ ਹੀ ਬਿਜਲੀ ਦਾ ਬਿੱਲ ਭੇਜੇ ਪਾਵਰਕਾਮ : ਕਾਹਲੋਂ

ਐਸ.ਏ.ਐਸ ਨਗਰ, 7 ਸਤੰਬਰ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਪੀ.ਐਸ.ਪੀ.ਸੀ.ਐਲ. ਦੇ ਕਾਰਜਕਾਰੀ ਇੰਜੀਨੀਅਰ ਨੂੰ ਪੱਤਰ ਲਿਖ ਕੇ ਮੀਟਰ ਰੀਡਿੰਗ ਲੈਣ ਉਪਰੰਤ ਬਿਜਲੀ ਦਾ ਬਿੱਲ ਭੇਜਣ ਦੀ ਮੰਗ ਕੀਤੀ ਹੈ| ਉਹਨਾਂ ਵਲੋਂ ਅੱਜ ਮੁਹਾਲੀ ਵਿਖੇ  ਪਾਵਰਕਾਮ ਦੇ ਦਫਤਰ ਜਾ ਕੇ ਐਸ ਡੀ ਓ ਕਮਰਸ਼ੀਅਲ ਪਰਮਜੀਤ ਸਿੰਘ ਨਾਲ ਮੁਲਾਕਾਤ ਕਰਕੇ  ਕਾਰਜਕਾਰੀ ਇੰਜਨੀਅਰ ਦੇ ਨਾਮ ਪੱਤਰ ਸੌਂਪਿਆ ਗਿਆ| 
ਪੱਤਰ ਵਿੱਚ ਸ੍ਰ. ਕਾਹਲੋਂ ਨੇ ਕਿਹਾ ਹੈ ਕਿ ਮੁਹਾਲੀ ਨਿਵਾਸੀ ਪਿੱਛਲੇ ਲਗਭਗ 6 ਮਹੀਨੇ ਤੋਂ ਔਸਤ ਖਪਤ ਦੇ ਅਧਾਰ ਤੇ ਬਿਜਲੀ ਦਾ ਬਿੱਲ ਭਰ ਰਹੇ ਹਨ ਅਤੇ ਇਸ ਦੌਰਾਨ ਕਈ ਲੋਕਾਂ ਵਲੋਂ ਆਪਣੀਆਂ ਰੀਡਿੰਗਾਂ ਦੇਖ ਕੇ ਬਿੱਲ ਠੀਕ ਕਰਵਾ ਕੇ ਭਰੇ ਹਨ ਜਿਸ ਵਿੱਚ  ਉਹਨਾਂ ਦਾ 30 ਤੋਂ 35 ਹਜ਼ਾਰ ਰੁਪਏ ਤੱਕ ਦਾ ਵੀ ਅੰਤਰ ਆਇਆ ਹੈ| ਉਹਨਾਂ ਕਿਹਾ ਕਿ ਕੋਰੋਨਾ ਮਾਹਾਂਮਾਰੀ ਦੇ ਇਸ ਦੌਰ ਵਿੱਚ ਜਿਆਦਾਤਰ ਸੀਨੀਅਰ ਸਿਟੀਜ਼ਨ ਇਸ ਮਾਹਾਂਮਾਰੀ ਦੇ ਡਰ ਕਾਰਨ ਦਫਤਰ ਆ ਕੇ ਬਿੱਲ ਠੀਕ ਕਰਵਾਉਣ ਤੋਂ ਅਸਮਰੱਥ ਹਨ|
ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ ਕਾਹਲੋਂ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਸਪਲਾਈ ਦੀ ਦਰ ਦੇਸ਼ ਦੇ ਸਾਰੇ ਸੂਬਿਆਂ ਜਿਆਦਾ ਹੈ ਅਤੇ ਪੰਜਾਬ ਵਿੱਚ ਸਭਤੋਂ ਮਹਿੰਗੀ ਬਿਜਲੀ ਸਪਲਾਈ ਮਿਲਣ ਦੇ ਬਾਵਜੂਦ ਲੋਕਾਂ ਨੂੰ ਲੋੜੀਂਦੀ ਸੁਵਿਧਾ ਨਹੀਂ ਮਿਲਦੀ ਜਿਸ ਕਾਰਨ ਖਪਤਕਾਰਾਂ ਨੂੰ ਵੱਧ ਬਿੱਲ ਅਦਾ ਕਰਨਾ ਪੈ ਰਿਹਾ ਹੈ ਅਤੇ ਪਾਵਰਕਾਮ ਦੀ ਇਹ ਕਾਰਵਾਈ ਖਪਤਕਾਰਾਂ ਨਾਲ ਜਿਆਦਤੀ ਹੈ| 
ਉਹਨਾਂ ਮੰਗ ਕੀਤੀ ਕਿ ਬਿਜਲੀ ਦੇ ਬਿੱਲ ਮੀਟਰ ਰੀਡਿੰਗ ਲੈ ਕੇ ਹੀ             ਭੇਜੇ ਜਾਣ ਤਾਂ ਜੋ ਲੋਕਾਂ ਦੀ ਸੱਮਸਿਆ ਦਾ ਹੱਲ ਹੋ ਸਕੇ| 

Leave a Reply

Your email address will not be published. Required fields are marked *