ਮੁਕਤਸਰ ਟੁੱਟੀ ਗੰਢੀ

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹੀਨੇ ਪੋਹ ਸੰਮਤ 1761 ਬਿਕਰਮੀ ਵਿੱਚ ਜਦੋਂ ਮੁਗਲ ਬਾਦਸ਼ਾਹ ਔਰੰਗਜੇਬ ਦੀਆਂ ਫੌਜਾਂ ਨਾਲ ਧਰਮ ਯੁੱਧ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਵਸੇਬਾ ਛੱਡਿਆਂ ਤਾਂ ਆਪ ਬੜੀਆਂ ਤਕਲੀਫਾਂ ਵਿੱਚ ਆਪਣਾ ਸਰਬੰਸ ਕੁਰਬਾਨ ਕਰਕੇ ਕੀਰਤਪੁਰ ਤੋਂ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਕੋਟ ਕਪੂਰੇ ਪੁੱਜੇ| ਰਸਤੇ ਵਿੱਚ ਹੀ ਖਬਰਾਂ ਮਿਲੀਆਂ ਕਿ ਸੂਬਾ ਸਰਹੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾ ਬੜੀ ਤੇਜੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਹਨ ਤਾਂ ਗੁਰੂ ਸਾਹਿਬ ਆਪਣੇ ਯੋਧਿਆਂ ਦੀ ਮਦਦ ਦੇ ਭਰੋਸੇ ਤੇ ਰਸਤੇ ਵਿੱਚ ਬੜੇ ਜੋਸ਼ ਨਾਲ ਪੂਰੀ ਤਰ੍ਹਾਂ ਸਨਧ-ਬੋਧ ਹੋ ਕੇ ਤਿਆਰ ਬਰ ਤਿਆਰ ਸਨ| ਇੱਥੇ ਪੁੱਜ ਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਚੌਧਰੀ ਕਪੂਰ ਸਿੰਘ ਤੋਂ ਕਿਲ੍ਹਾ ਮੰਗਿਆ| ਚੌਧਰੀ ਕਪੂਰ ਸਿੰਘ ਦੇ ਅਧੀਨ ਮੁਗਲ ਹਕੂਮਤ ਵੱਲੋਂ ਉਸ ਸਮੇਂ 81 ਪਿੰਡ ਸਨ| ਭਾਵੇਂ ਇਸ ਸਮੇਂ ਚੌਧਰੀ ਕਪੂਰ ਸਿੰਘ ਨੇ ਗੁਰੂ ਜੀ ਦਾ ਆਦਰ ਭਾਉਂ ਤਾਂ ਚੰਗਾ ਕੀਤਾ| ਪਰ ਉਹ ਮੁਗਲਾਂ ਤੋਂ ਡਰ ਕੇ ਕਿਲ੍ਹਾ ਦੋਣੇ ਸਾਫ ਮੁਕਰ ਗਿਆ| ਗੁਰੂ ਸਾਹਿਬ ਨੇ ਉਸ ਦੀ ਇਹ ਕਮਜੋਰੀ ਵੇਖ ਕੇ ਸੁਭਾਵਕ ਹੀ ਕਿਹਾ:-
‘ਚੌਧਰੀ ਕਪੂਰ ਸਿੰਘ ਅਸੀਂ ਤਾਂ ਤੈਨੂੰ ਤੁਰੰਤ ਹੀ ਰਾਜ ਦੇਣਾ ਚਾਹੁੰਦੇ ਸਾਂ ਪਰ ਹੁਣ ਤੂੰ ਤੁਰਕਾਂ ਤੋਂ ਡਰਿਆਂ ਹੈ ਇਸ ਲਈ ਉਨ੍ਹਾਂ ਦੇ ਹੱਥੋਂ ਹੀ ਤਸੀਹੇ ਝੱਲ ਕੇ ਤੇਰੀ ਮੌਤ ਹੋਵੇਗੀ|’
ਇਹ ਬਚਨ ਕਰਕੇ ਗੁਰੂ ਸਾਹਿਬ ਜੀ ਇਥੋਂ ਯੋਧਿਆਂ ਨਾਲ ਮੁਕਤਸਰ ਵੱਲ ਚਲ ਪਏ ਤੇ ਖਿਦਰਾਣੇ ਦੀ ਢਾਬ ਤੇ ਪੁੱਜੇ|
ਇਸ ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਖੇ ਕਿਤਾਬਚੇ ਅਨੁਸਾਰ ਮੁਕਤਸਰ ਦਾ ਮੁਢਲਾ ਹਾਲ ਇਸ ਪ੍ਰਕਾਰ ਹੈ ਕਿ ਪਹਿਲਾਂ ਇੱਥੇ ਖਿਦਰਾਣੇ ਦੀ ਢਾਬ ਮਸ਼ਹੂਰ ਸੀ ਨਗਰ ਜਲਾਲਾਬਾਦ ਦੇ ਜਿਲ੍ਹਾ ਫਿਰੋਜਪੁਰ ਦੇ ਤਿੰਨ ਖੱਤਰੀ ਭਰਾ ਸਨ| ਖਿਦਰਾਣਾ , ਸਿੰਗਾਣਾ, ਰੋਪਾਣਾ| ਇਹ ਤਿੰਨੇ ਸ਼ਿਵ ਦੇ ਉਪਾਸ਼ਕ ਸਨ| ਇਨ੍ਹਾਂ ਤਿੰਨਾਂ ਭਰਾਵਾਂ ਨੇ ਇਸ ਇਲਾਕੇ ਵਿੱਚ ਪਾਣੀ ਦੀ ਕਮੀ ਕਾਰਨ ਤਿੰਨ ਢਾਬਾਂ ਖੁਦਵਾਈਆਂ| ਹਰੇਕ ਸਾਲ ਬਰਸਾਤਾਂ ਦਾ ਪਾਣੀ ਜਮ੍ਹਾਂ ਹੋਣ ਤੇ ਇਹ ਉਥੇ ਪਸ਼ੂ ਚਾਰਨ ਲੱਗੇ ਤੇ ਫਿਰ ਆਪਣੇ ਨਾਮ ਵੱਖ-ਵੱਖ ਪਿੰਡ ਵਸਾ ਲਏ| ਮੁਕਤਸਾਰ ਦੀ ਢਾਬ ਖਿਦਰਾਣੇ ਖੱਤਰੀ ਦੇ ਨਾਂ ਤੇ ਹੋਣ ਕਰਕੇ ਢਾਬ ਖਿਦਰਾਣੇ ਦੇ ਨਾਮ ਨਾਲ ਮਸ਼ਹੂਰ ਹੋ ਗਈ|
ਮੁਕਤਸਾਰ ਦਾ ਇਲਾਕਾ ਪੁਰਾਤਨ ਨਾਲ ਤੋਂ ਮਾਲਕਾਂ ਜਾਂ ਜੰਗਲ ਹੋਣ ਕਰਕੇ ਇਥੇ ਪਾਣੀ ਦੀ ਥੁੜ ਸੀ| ਧਰਤੀ ਦਾ ਤਲ ਦੂਰ ਹੋਣ ਕਰਕੇ ਇਕ ਤਾਂ ਇਥੇ ਖੂਹ ਲੱਗਣ ਉਸ ਸਮੇਂ ਉਂਜ ਹੀ ਬੜੇ ਔਖੇ ਸਨ ਦੂਜੇ ਜੇ ਕਿਸੇ ਪਾਸੇ ਖੂਹ ਲਾਉਣ ਦਾ ਯਤਨ ਵੀ ਕੀਤਾ ਜਾਂਦਾ ਤਾਂ ਥਲਿਉਂ ਪਾਣੀ ਏਨਾ ਖਾਰਾ ਨਿਕਲਦਾ ਸੀ, ਜੋ ਪੀਣ ਦੇ ਕੰਮ ਨਹੀਂ ਸੀ ਹੁੰਦਾ| ਜੇ ਕੋਈ ਵਿਅਕਤੀ ਪਾਣੀ ਪੀ ਵੀ ਲੈਂਦਾ ਸੀ ਤਾਂ ਉਹ ਦਸਤ ਜਾਂ ਮਰੋੜ ਕਰਕੇ ਬਿਮਾਰ ਹੋ ਜਾਂਦਾ ਸੀ, ਇਸ ਕਰਕੇ ਇਸ ਇਲਾਕੇ ਦੇ ਲੋਕ ਉਸ ਸਮੇਂ ਛਪੜਾ ਜਾ ਢਾਬਾ ਦਾ ਬਰਸਾਤਾਂ ਪਾਣੀ ਜੋ ਪੰਜ-ਦੱਸ ਮੀਲਾਂ ਤੋਂ ਬੜੇ ਯਤਨਾਂ ਨਾਲ ਲਿਆਂਦਾ ਜਾਂਦਾ ਸੀ ਪੀ ਕੇ ਹੀ ਗੁਜਾਰਾ ਕਰਦੇ ਸਨ|
ਗੁਰੂ ਸਾਹਿਬ ਜੀ ਅਜੇ ਖਿਦਰਾਣੇ ਦੀ ਢਾਬ ਪੁੱਜੇ ਹੀ ਸਨ ਕਿ ਪਿਛੇ ਦੁਸ਼ਮਣ ਦੀਆਂ ਮੁਗਲਈ ਫੌਜਾਂ ਜਿਨ੍ਹਾਂ ਦਾ ਸਾਥ ਇੱਥੋਂ ਦੇ ਚੌਧਰੀ ਕਪੂਰ ਸਿਘ ਨੇ ਦਿੱਤਾ ਸੀ ਧੂੜ ਧਮਾਈ ਆਉਂਦੀਆਂ ਨਜ਼ਰ ਆਈਆਂ| ਗੁਰੂ ਸਾਹਿਬ ਜੀ ਨੇ ਨਾਲ ਲਗਦੀ ਟਿੱਬੀ ਉਤੇ ਮੋਰਚੇ ਲਾ ਲਏ| ਇਸੇ ਦੌਰਾਨ 41 ਸਿੰਘਾਂ ਦਾ ਇਕ ਜਥਾ ਜੋ ਪੰਜਾਬ ਦੇ ਮਾਝੇ ਦੇ ਇਲਾਕੇ ਵਿਚੋਂ ਆਇਆ ਸੀ, ਦੁਸ਼ਮਣ ਫੌਜਾਂ ਦਾ ਮੁਕਾਬਲਾ ਕਰਨ ਲਈ ਢਾਬ ਦੇ ਉਸ ਪਾਸੇ ਵੱਟ ਗਿਆ, ਜਿਧਰੋਂ ਦੁਸ਼ਮਣ  ਫੌਜਾਂ ਆ ਰਹੀਆਂ ਸਨ| ਇਹ ਸਿੰਘ ਉਹੀ ਸਨ ਜੋ ਪਿਛਲੇ ਸਮੇਂ ਅਨੰਦਪੁਰ ਸਾਹਿਬ ਦੀ ਲੜਾਈ ਸਮੇਂ ਗੁਰੂ ਸਾਹਿਬ ਜੀ ਨੂੰ ਬੇ-ਦਾਬਾ ਦੇ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ| ਪਰ ਜਦੋਂ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਬੜੇ ਤਾਹਨੇ ਮਿਹਣੇ ਮਾਰੇ ਔਰਤਾਂ ਨੇ ਤਾਂ ਇਨ੍ਹਾਂ ਨੂੰ ਆਪਣੀਆਂ ਚੂੜੀਆਂ ਤੱਕ ਲਾਹ ਕੇ ਦਿੱਤੀਆਂ ਤੇ ਕਿਹਾ ਕਿ ਇਹ ਪਹਿਨ ਕੇ ਘਰਾਂ ਵਿੱਚ ਬੈਠੋ ਅਸੀਂ ਜੰਗ ਵਿੱਚ ਜਾਵਾਂਗੀਆਂ ਤੇ ਗੁਰੂ ਲਈ ਕੁਰਬਾਨ ਹੋਵਾਂਗੀਆਂ| ਪਿੰਡ ਝੁਬਾਣ ਦੀ ਇਕ ਮਾਈ ਭਾਗੋ ਨਾਮ ਦੀ ਔਰਤ ਜੋ ਕਿ ਬੜੀ ਦਲੇਰ ਤੇ ਜਾਂਬਾਜ ਸੀ|
ਉਸ ਬੀਬੀ ਨੇ ਖਾਲਸੇ ਦੀ ਚੜ੍ਹਦੀ ਕਲਾ ਕਾਇਮ ਰੱਖਣ ਲਈ ਉਨ੍ਹਾਂ ਸਿੰਘਾਂ ਨੂੰ ਕੁਰਬਾਨੀ ਦੇਣ ਲਈ ਤਿਆਰ ਕੀਤਾ| ਇਹ ਸਿੰਘ ਭਾਈ ਮਹਾਂ ਸਿੰਘ ਦੀ             ਜਥੇਦਾਰੀ ਹੇਠ ਗੁਰੂ ਸਾਹਿਬ ਜੀ ਨੂੰ  ਮਿਲਣ ਲਈ ਰਵਾਨਾ ਹੋਏ| ਜਦੋਂ ਇਹ ਜੱਥਾ ਪੁਛਦਾ ਪੁਛਾਂਦਾ ਖਿਦਰਾਣੇ ਦੀ ਢਾਬ ਨੇੜੇ ਪੁੱਜਾ ਤਾਂ ਉਦੋਂ ਉਨ੍ਹਾਂ ਦੀ ਦੁਸ਼ਮਣ ਫੌਜਾਂ ਵੱਲੋਂ ਗੁਰੂ ਸਾਹਿਬ ਦਾ ਪਿੱਛਾ ਕਰਨ ਦਾ ਪਤਾ ਲੱਗਾ| ਇਨ੍ਹਾਂ ਨੇ ਦੁਸ਼ਮਣ ਨੂੰ ਢਾਬ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਘੇਰਨ ਦਾ ਫੈਸਲਾ ਲੈ ਲਿਆ| ਦੁਸ਼ਮਣ ਨੂੰ ਭੁਲੇਖਾ ਪਾਉਣ ਲਈ ਇਨ੍ਹਾਂ ਨੇ ਆਪਣੇ ਪਾਸ ਵਾਧੂ ਲੀੜੇ ਕਪੜਿਆਂ ਨੂੰ ਝਾੜੀਆਂ ਉੱਤੇ ਇੰਜ ਖਿਲਾਰ ਦਿੱਤਾ ਜਿਵੇਂ ਕਿ ਉੱਥੇ ਬੜੀ ਵੱਡੀ ਫੌਜ ਹੋਣ ਦਾ ਅਹਿਸਾਸ ਹੋਵੇ ਅਤੇ ਆਪ ਮੋਰਚੇ ਬਣਾ ਕੇ ਡੱਟ ਗਏ| ਦੁਸ਼ਮਣ ਦੇ ਨੇੜੇ ਆਉਣ ਤੇ ਜੋਰਦਾਰ ਹਮਲਾ ਬੋਲਿਆ ਇਸ ਤਰ੍ਹਾਂ ਅਚਾਨਕ ਹੱਲਾ ਹੋਣ ਤੇ ਦੁਸ਼ਮਣ ਦਾ ਬੜਾ ਭਾਰੀ ਜਾਨੀ ਨੁਕਸਾਨ ਹੋਇਆ ਇਕ ਵੱਡੀ ਗਿਣਤੀ ਵਾਲੀ ਫੌਜ ਉਤੇ ਇਸ ਛੋਟੇ ਜਿਹੇ ਜੱਥੇ ਨੇ ਕਮਾਲ ਦੀ ਬਹਾਦਰੀ ਦਿਖਾਈ ਜਿਸ ਵਿੱਚ ਸਾਰੇ ਲੜਦੇ-ਲੜਦੇ ਸ਼ਹੀਦੀਆਂ ਪਾ ਗਏ| ਗੁਰੂ ਸਾਹਿਬ ਉੱਚੀ ਟਿੱਬੀ ਤੇ ਬੈਠ ਕੇ ਇਹ ਜੰਗ ਦੇਖ ਰਹੇ ਸਨ| ਇਸ ਦੇ ਨਾਲ ਹੀ ਦੁਸ਼ਮਣਾਂ ਦੀਆਂ ਫੌਜਾਂ ਉੱਤੇ ਤੀਰਾਂ ਦੀ ਵਰਖਾ ਕਰ ਰਹੇ ਸਨ| ਸਿੰਘਾਂ ਨੇ ਦੁਸ਼ਮਣ ਫੌਜਾਂ ਨੂੰ ਪਾਣੀ ਦੀ ਢਾਬ ਤੱਕ ਨਾ ਪੁੱਜਣ ਦਿੱਤਾ| ਅੰਤ ਦੁਖੀ ਹੋ ਕੇ ਦੁਸ਼ਮਣ ਫੌਜਾਂ ਆਪਣੇ ਸਾਥੀਆਂ ਦੀਆਂ ਲਾਸ਼ਾਂ ਉਥੇ ਛੱਡ ਕੇ ਮੈਦਾਨ ਤੋਂ ਭੱਜ ਗਈਆਂ|
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਵੇਖਿਆ ਕਿ ਹੁਣ ਮੈਦਾਨ ਖਾਲੀ ਹੋ ਚੁੱਕਾ ਹੈ ਤਾਂ ਟਿੱਬੀ ਤੋਂ ਉਠ ਕੇ ਲੜਾਈ ਦੇ ਮੈਦਾਨ ਵਿੱਚ ਆ ਕੇ ਆਪਣੇ ਹਰ ਇਕ ਸ਼ਹੀਦ ਸਿੰਘ ਨੂੰ ਗਲ ਨਾਲ ਲਗਾ ਕੇ ਜਿੰਨੇ ਜਿੰਨੇ ਮੁਗਲ ਫੌਜੀ  ਨੇੜੇ ਮਰੇ ਪਏ ਸਨ ਉਸ ਦੇ ਹਿਸਾਬ ਨਾਲ ਸਿੰਘ ਪੰਜ ਹਜਾਰੀ, ਦਸ ਹਜਾਰੀ ਵੀਹ ਹਜਾਰੀ ਦਾ ਖਿਤਾਬ ਦੇ ਰਹੇ ਸਨ ਤੇ ਜਖਮੀਆਂ ਦੀ ਸੰਭਾਲ ਕਰ ਰਹੇ ਸਨ| ਅਖੀਰ ਵਿੱਚ ਭਾਈ ਮਹਾਂ ਸਿੰਘ ਕੌਲ ਪੁਜੇ ਜੋ ਅਜੇ ਸਹਿਕ ਰਿਹਾ ਸੀ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ:-
ਭਾਈ ਮਹਾਂ ਸਿੰਘ ਤੇਰੀ ਕੁਰਬਾਨੀ ਤੋਂ ਅਸੀਂ ਖੁਸ਼ ਹਾਂ
ਜੋ ਤੇਰੇ ਮਨ ਵਿੱਚ ਇੱਛਾ ਹੋਵੇ ਮੰਗ ਲੈ|
ਭਾਈ ਮਹਾਂ ਸਿੰਘ ਸਰਮਿੰਦਗੀ ਕਾਰਨ ਮਹਾਰਾਜ ਦੀਆਂ ਅੱਖਾਂ ਨਾਲ ਅੱਖਾਂ ਨਹੀਂ ਮਿਲਾ ਰਿਹਾ ਸੀ ਉਸ ਨੇ ਫਰਕਦੇ ਬੁਲਾਂ ਨਾਲ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ ਜੇਕਰ ਤਰੁਠੇ ਹੋ ਤਾਂ ਸਾਡਾ ਅਨੰਦਪੁਰ ਵਾਲਾ ਬੇ-ਦਾਬ ਪਾੜ ਦਿਓ ਤੇ ਸਾਡੀ ਟੁੱਟੀ ਗੰਢ ਲਵੋ, ਗੁਰੂ ਸਾਹਿਬ ਕਹਿਣ ਲੱਗੇ ਮਹਾਂ ਸਿੰਘ ਮੈਂ ਸਭ ਕੁਝ ਸੁਣਾ ਕੇ ਵੀ ਤੁਹਾਡਾ ਬੇ-ਦਾਵੇ ਵਾਲਾ ਕਾਗਜ ਸੰਭਾਲ ਕੇ ਰੱਖਿਆ ਹੋਇਆ  ਹੈ ਮੈਨੂੰ ਪੱਕਾ ਯਕੀਨ ਸੀ ਕਿ ਇਕ ਦਿਨ ਤੁਸੀਂ ਜਰੂਰ ਹੀ ਵਾਪਸ       ਆਉਂਣਗੇ| ਇੰਨਾ ਕਹਿ ਕੇ ਆਪਣੇ ਕਮਰ ਕਸੇ ਵਿੱਚੋਂ ਬੇ-ਦਾਵੇ ਵਾਲਾ ਕਾਗਜ ਮਹਾਂ ਸਿੰਘ ਨੂੰ ਦਿਖਾਉਂਦੇ ਹੋਏ ਪਾੜ ਦਿੱਤਾ|
ਬੇ-ਦਾਵਾ ਪਾੜਨ ਤੇ ਮਹਾਂ ਸਿੰਘ ਦੇ ਸਵਾਸ ਪੂਰੇ ਹੋ ਗਏ| ਗੁਰੂ ਸਾਹਿਬ ਜੀ ਨੇ ਚਾਲੀ ਸਿੰਘਾਂ ਦੇ ਸ਼ਹੀਦ ਹੋਣ ਤੇ ਸਾਰਿਆਂ ਦੀਆਂ ਲਾਸ਼ਾਂ ਇਕੱਠੀਆਂ ਕਰਕੇ ਸੰਸਕਾਰ ਕਰ ਦਿੱਤਾ| ਉਥੇ ਨਜਦੀਕ ਹੀ ਮਾਈ ਭਾਗੋਂ ਵੀ ਮੁਰਛਾ ਹੋਈ ਪਈ ਸੀ ਉਸ ਨੂੰ ਸਿੰਘਾਂ ਨੇ ਚੁੱਕ ਕੇ ਇਲਾਜ ਕਰਵਾਇਆ ਤੇ ਛੇਤੀ ਹੀ ਠੀਕ ਹੋ ਗਈ|
ਮੁਕਤਸਰ ਵਿਖੇ ਜਿਥੇ ਇਹ ਭਾਣਾ ਵਾਪਰਿਆਂ ਉਥੇ ਯਾਦ ਗਿਰੀ ਵਿੱਚ ਇਹ ਗੁਰਦਵਾਰੇ ਬਣੇ ਹੋਏ ਨੇ:
1. ਦਰਬਾਰ ਮੁਕਤਸਰ ਸਾਹਿਬ:- ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 40 ਮੁਕਤਿਆਂ ਨੂੰ ਉਨ੍ਹਾਂ ਦੀਆਂ ਅਦੁੱਤੀ ਕੁਰਬਾਨੀਆਂ ਬਦਲੇ ਮੁਕਤ ਪਦ ਪ੍ਰਦਾਨ ਕੀਤਾ ਸੀ|
2. ਸ੍ਰੀ ਮੁਕਤ ਸਰੋਵਰ:- ਇਹ ਸਰੋਵਰ ਜਿਸ ਦਾ ਨਾਂ ਪੁਰਾਣੇ ਕਾਗਜਾਂ ਵਿੱਚ ਈਸਰਸਰ ਖਿਦਰਾਣੇ ਦੀ ਢਾਬ ਜਾਂ ਮੁਕਤਸਰ ਹੈ|
3. ਬੋਹੜ ਵਾਲਾ ਖੂਹ:- ਖਿਦਰਾਣੇ ਦੀ ਢਾਬ ਕਈ ਵਰ੍ਹੇ ਸੁੱਕੀ ਰਹਿੰਦੀ ਸੀ| ਇਸ  ਸਥਾਨ ਦੇ ਨੇੜੇ ਖੂਹ ਲਗਵਾਉਣ ਦੀ ਲੋੜ ਪਈ| ਇਥੋਂ ਦੇ ਪੁਜਾਰੀਆਂ ਨੇ ਸਭ ਤੋਂ ਪਹਿਲਾ ਖੂਹ ਲਵਾਉਣ ਦੀ        ਸੇਵਾ ਅਰੰਭੀ| ਪੱਕੀਆਂ ਇੱਟਾਂ ਉਸ ਸਮੇਂ ਮਦਰਸਾ ਦੇ ਪੁਰਾਣੇ ਕਿਲ੍ਹੇ ਤੋਂ ਮੁਕਤਸਰ ਤੋਂ 10 ਮੀਲ ਦੇ ਫਾਂਸਲੇ ਤੇ ਸੀ ਪੁਜਾਰੀਆਂ ਨੇ ਸਿਰ ਤੇ ਚੁੱਕ ਕੇ ਲਿਆਂਦੀਆਂ ਸਨ
4. ਤੰਬੂ ਸਾਹਿਬ:- ਇਸ ਸਥਾਨ ਤੇ 40 ਮੁਕਤਿਆਂ ਨੇ ਤੁਰਕਾਂ ਦੀ ਫੋਜ ਆਉਂਦੀ ਵੇਖ ਕੇ ਝਾੜਾ ਕਰੀਰ ਦੇ ਝੁੰਡਾਂ ਉਤੇ ਆਪਣੇ ਕਪੜੇ ਅਥਵਾ ਚਾਦਰੇ ਤਾਣ ਕੇ ਦੁਸ਼ਮਣ ਦੀ ਫੌਜ ਨੂੰ ਸਿੱਖਾਂ ਦੇ ਤੰਬੂ ਲੱਗੇ ਹੋਣ ਦਾ ਭੁਲੇਖਾ ਪਾਉਣ ਲਈ ਕੰਮ ਕੀਤਾ ਸੀ|
5. ਗੁਰਦੁਆਰਾ ਸੀਸ ਗੰਜ:- ਇਸ ਸਥਾਨ ਤੇ ਗੁਰੂ ਸਾਹਿਬ ਜੀ ਨੇ 40 ਮੁਕਤਿਆਂ ਦਾ ਸੰਸਕਾਰ ਕੀਤਾ ਸੀ ਜੋ ਕਿ ਤੁਰਕਾਂ ਨਾਲ ਧਰਮ ਯੁੱਧ ਕਰਦੇ ਹੋਏ ਸ਼ਹੀਦ ਹੋ ਗਏ ਸਨ|
6. ਗੁਰਦੁਆਰਾ ਦਾਤਣ ਸਰ:- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕ ਦਿਨ ਸੰਨ 1705 ਵਿੱਚ ਟਿੱਬੀ ਸਾਹਿਬ ਆਏ ਤਾਂ ਸਵੇਰੇ ਦਾਤਣ ਕੀਤੀ ਸੀ| ਇਸ ਸਥਾਨ ਤੇ ਹੀ ਸੂਬਾ ਸਰਹਿੰਦ ਦੇ ਹੁਕਮ ਨਾਲ ਇੱਕ ਮੁਗਲ ਸੂਹੀਆਂ ਨੂਰਦੀਨ ਭੇਸ ਬਦਲ ਕੇ ਸ੍ਰੀ ਗੁਰੂ ਜੀ ਨੂੰ ਕਤਲ ਕਰਨ ਵਾਸਤੇ ਆਇਆ ਤੇ ਗੁਰੂ ਜੀ ਦੇ ਹੱਥੋਂ ਸਰਬਲੋਹ ਦੇ ਗੜ੍ਹਵੇ ਦੀ ਚੋਟ ਨਾਲ ਮਾਰਿਆ ਗਿਆ| ਸਿੱਖ ਯਾਤਰੂ ਇਸ ਦੀ ਕਬਰ ਦੀ ਸੇਵਾ 5-5 ਜੁੱਤੀਆਂ ਮਾਰਕੇ ਕਰਦੇ ਹਨ|
7. ਗੁਰਦੁਆਰਾ ਰਕਾਬ ਸਰ:- ਟਿੱਬੀ ਸਾਹਿਬ ਤੋਂ ਉਤਰ ਕੇ ਗੁਰੂ ਸਾਹਿਬ ਖਿਦਰਾਣੇ ਦੀ ਰਣ-ਭੂਮੀ ਵੱਲ ਚਾਲੇ ਪਾਉਣ ਸਮੇਂ ਘੋੜੇ ਦੀ ਰਕਾਬ ਤੇ ਕਦਮ ਰਖਦਿਆਂ ਹੀ ਰਕਾਬ ਟੁਟ ਗਈ| ਉਹੀ ਟੁੱਟੀ ਹੋਈ ਰਕਾਬ ਅਜੇ ਵੀ ਗੁਰਦੁਆਰਾ ਸਾਹਿਬ ਵਿਖੇ ਪਈ ਹੈ|
ਗੁਰਦੁਆਰਾ ਟਿੱਬੀ ਸਿਹਬ:- ਗੁਰੂ ਸਾਹਿਬ ਜਦੋਂ ਮੁਗਲ ਸੈਨਾ ਨੇ ਚੜਾਈ ਕੀਤੀ ਤਾਂ ਇਸ ਟਿੱਬੀ ਉੱਤੇ ਬੈਠ ਕੇ ਤੀਰਾਂ ਦੀ ਵਰਖਾ ਕੀਤੀ ਤੇ ਬਹੁਤ ਸਾਰੇ ਮੁਗਲ ਸੈਨਿਕ ਮਾਰ ਦਿੱਤੇ|
ਹੁਣ ਸਰਕਾਰ ਵੱਲੋਂ ਇਸ ਸਥਾਨ ਤੇ ਇਕ ਮੁਕਤੇ ਮੀਨਾਰ ਦੀ ਉਸਾਰੀ ਕੀਤੀ ਹੈ ਜਿਸ ਉਤੇ 40 ਮੁਕਤਿਆਂ ਦੇ ਨਾਮ ਲਿਖੇ ਹੋਏ ਹਨ ਜੋ ਕਿ ਇਸ ਪ੍ਰਕਾਰ ਹਨ:-
1. ਸਮੀਰ ਸਿੰਘ, ਸਾਧੂ ਸਿੰਘ, ਸਰਜਾ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਕੀਰਤ ਸਿੰਘ, ਕਿਰਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਟਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾਂ ਸਿੰਘ, ਮੰਜਾ ਿਸੰਘ, ਮਾਨ ਸਿੰਘ, ਮਯਾ ਸਿੰਘ, ਰਾਇ ਸਿੰਘ, ਲਛਮਣ ਸਿੰਘ| ਇਨ੍ਹਾਂ 40 ਮੁਕਤਿਆਂ ਦੀ ਯਾਦ ਵਿੱਚ ਹੀ ਮਾਘੀ ਦੀ ਸੰਗਰਾਦ ਨੂੰ ਮੇਲਾ ਮਾਘੀ ਇਸ ਸਥਾਨ ਤੇ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਜਾਂਦਾ ਹੈ| ਆਓ ਸਾਰੇ ਰਲਕੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰੀਏ| ਲੇਖਕ  ਤੇ ਸ੍ਰ. ਗੁਰਮੀਤ ਸਿੰਘ ਨੇ ਮਿਤੀ 14.9.2014 ਨੂੰ ਤਖਤ ਸ੍ਰੀ ਆਨੰਦਪੁਰ  ਸਾਹਿਬ ਤੋਂ 19.4.2014 ਤੱਕ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਤਰਾ ਕੀਤੀ ਸੀ| ਉਸ ਦੋਰਾਨ ਹੀ ਮੁਕਤਸਰ ਸਾਹਿਬ ਤੇ ਇਸ ਸਬੰਧੀ ਹੋਰ ਧਰਮ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ|
ਮਹਿੰਗਾ ਸਿੰਘ ਕਲਸੀ

Leave a Reply

Your email address will not be published. Required fields are marked *