ਮੁਕਾਬਲੇ ਵਿੱਚ ਜਖਮੀ ਹੋਇਆ ਗੈਂਗਸਟਰ ਦਿਲਪ੍ਰੀਤ ਬਾਬਾ ਚੰਡੀਗੜ੍ਹ ਵਿਚੋਂ ਕਾਬੂ

ਚੰਡੀਗੜ੍ਹ, 9 ਜੁਲਾਈ (ਸ.ਬ.) ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅਤੇ ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਅੱਜ ਸੈਕਟਰ 43 ਵਿੱਚ ਹੋਏ ਮੁਕਾਬਲੇ ਦੌਰਾਨ ਮਸ਼ਹੂਰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਕਾਬੂ ਕਰ ਲਿਆ ਗਿਆ| ਇਸ ਦੌਰਾਨ ਦੋਵੇਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਕਈ ਰਾਉਂਡ ਫਾਇਰ ਹੋਏ| ਇਸ ਮੁਕਾਬਲੇ ਦੌਰਾਨ ਦਿਲਪ੍ਰੀਤ ਸਿੰਘ ਬਾਬਾ ਨੂੰ ਤਿੰਨ ਗੋਲੀਆਂ ਵੱਜੀਆਂ ਦੱਸੀਆਂ ਜਾ ਰਹੀਆਂ ਹਨ| ਚੰਡੀਗੜ੍ਹ ਪੁਲੀਸ ਦੇ ਇੱਕ ਇੰਸਪੈਕਟਰ ਨੂੰ ਵੀ ਗੋਲੀ ਲੱਗਣ ਦੀ ਖਬਰ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਲਪ੍ਰੀਤ ਸਵਿਫਟ ਡਿਜ਼ਾਇਰ ਗੱਡੀ ਵਿੱਚ ਸਵਾਰ ਹੋ ਕੇ ਸੈਕਟਰ 43 ਦੇ ਬੱਸ ਸਟੈਂਡ ਨੇੜੇ ਘੁੰਮ ਰਿਹਾ ਹੈ| ਸੂਚਨਾ ਮਿਲਣ ਤੋਂ ਬਾਅਦ ਤੁਰੰਤ ਹੀ ਸਾਂਝੀ ਕਾਰਵਾਈ ਕਰਦਿਆਂ ਪੰਜਾਬ ਪੁਲੀਸ ਅਤੇ ਚੰਡੀਗੜ੍ਹ ਕ੍ਰਾਈਮ ਪੁਲੀਸ ਨੇ ਸੈਕਟਰ 43 ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਦਿਲਪ੍ਰੀਤ ਨੂੰ ਘੇਰ ਲਿਆ, ਪੁਲੀਸ ਦਾ ਘੇਰਾ ਪੈਂਦਿਆਂ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲੀਸ ਮੁਕਾਬਲੇ ਦੌਰਾਨ ਉਸ ਦੇ ਪੈਰ ਅਤੇ ਲੱਤ ਤੇ ਤਿੰਨ ਗੋਲੀਆਂ ਲੱਗੀਆਂ| ਗੈਂਗਸਟਰ ਦਿਲਪ੍ਰੀਤ ਬਾਬਾ ਨੇ ਪੁਲੀਸ ਦਾ ਪੂਰਾ ਮੁਕਾਬਲਾ ਕੀਤਾ ਅਤੇ ਉਸ ਵਲੋਂ ਚਲਾਈਆਂ ਗੋਲੀਆਂ ਕਾਰਨ ਚੰਡੀਗੜ੍ਹ ਕ੍ਰਾਈਮ ਪੁਲੀਸ ਦਾ ਇੰਸਪੈਕਟਰ ਅਮਨਜੋਤ ਸਿੰਘ ਵੀ ਜਖਮੀ ਹੋਇਆ ਹੈ|
ਪੰਜਾਬ ਪੁਲੀਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੀ ਟੀਮ ਦੀ ਅਗਵਾਈ ਡੀ ਐਸ ਪੀ ਤੇਜਿੰਦਰ ਸਿੰਘ ਸੰਧੂ ਨੇ ਕੀਤੀ| ਜਿਸ ਵਿੱਚ ਇੰਸਪੈਕਟਰ ਗੁਰਚਰਨ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ| ਚੰਡੀਗੜ੍ਹ ਟੀਮ ਦੀ ਅਗਵਾਈ ਇੰਸਪੈਕਟਰ ਅਮਨਜੋਤ ਸਿੰਘ ਵੱਲੋਂ ਕੀਤੀ ਗਈ| ਦਿਲਪ੍ਰੀਤ ਸਿੰਘ ਕਲੀਨ ਸ਼ੇਵ ਹਾਲਤ ਵਿੱਚ ਸੀ ਅਤੇ ਉਸ ਨੇ ਵਾਲ ਵੀ ਛੋਟੇ ਛੋਟੇ ਕਰਵਾਏ ਹੋਏ ਸਨ, ਪਰੰਤੂ ਪੁਲੀਸ ਦੇ ਕੋਲ ਉਸ ਦੀ ਪੁਖਤਾ ਜਾਣਕਾਰੀ ਸੀ| ਮੁਕਾਬਲੇ ਤੋਂ ਬਾਅਦ ਉਸ ਦੀ ਗੱਡੀ ਵਿੱਚੋਂ ਕੁੱਝ ਖਾਣ ਪੀਣ ਦਾ ਸਾਮਾਨ ਅਤੇ ਹੋਰ ਅਸਲਾ ਵੀ ਬਰਾਮਦ ਹੋਇਆ ਹੈ|
ਦਿਲਪ੍ਰੀਤ ਨੂੰ ਜ਼ਖਮੀ ਹਾਲਤ ਵਿੱਚ ਪੀ.ਜੀ.ਆਈ. ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ| ਪੀ. ਜੀ. ਆਈ. ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ| ਜ਼ਿਕਰਯੋਗ ਹੈ ਦਿਲਪ੍ਰੀਤ ਨੇ ਕੁਝ ਮਹੀਨੇ ਪਹਿਲਾਂ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਜਾਨਲੇਵਾ ਹਮਲਾ ਕੀਤਾ ਸੀ| ਇਸ ਤੋਂ ਇਲਾਵਾ ਉਹ ਚੰਡੀਗੜ੍ਹ ਦੇ ਸੈਕਟਰ-38 ਵਿੱਚ ਹੋਏ ਸਰਪੰਚ ਸਤਨਾਮ ਦੇ ਕਤਲ ਮਾਮਲੇ ਵਿੱਚ ਵੀ ਪਿਛਲੇ 2 ਸਾਲਾਂ ਤੋਂ ਪੁਲੀਸ ਨੂੰ ਲੋੜੀਂਦਾ ਸੀ|

Leave a Reply

Your email address will not be published. Required fields are marked *