ਮੁਖਤਾਰ ਅੰਸਾਰੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ

ਐਸ ਏ ਐਸ ਨਗਰ, 24 ਜਨਵਰੀ (ਸ.ਬ.) ਯੂ ਪੀ ਤੋਂ ਬਸਪਾ ਦੇ ਸਾਬਕਾ ਵਿਧਾਇਕ ਅਤੇ ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ ਅੱਜ ਦੋ ਦਿਨਾਂ ਪੁਲੀਸ ਰਿਮਾਂਡ ਖਤਮ ਹੋਣ ਤੇ ਮੁਹਾਲੀ ਪੁਲੀਸ ਵਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਵਲੋਂ ਮੁਖਤਾਰ ਅੰਸਾਰੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਅੰਸਾਰੀ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੋਪੜ ਜੇਲ੍ਹ ਭੇਜ ਦਿੱਤਾ ਗਿਆ|
ਅੱਜ ਸਵੇਰੇ ਜਦੋਂ ਮੁਹਾਲੀ ਪੁਲੀਸ ਵਲੋਂ ਮੁਖਤਾਰ ਅੰਸਾਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਸਖਤ ਸਰੁਖਿਆ ਪ੍ਰਬੰਧਾਂ ਦੇ ਨਾਲ ਨਾਲ ਪੁਲੀਸ ਵਲੋਂ ਪੂਰੀ ਗੋਪਨੀਅਤਾ ਵਰਤੀ ਗਈ| ਬਾਅਦ ਵਿੱਚ ਮੁਹਾਲੀ ਦੇ ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅੰਸਾਰੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦੀ ਪੁਸ਼ਟੀ ਕੀਤੀ| ਇਸ ਮਾਮਲੇ ਵਿੱਚ ਵਰਤੀ ਜਾ ਰਹੀ ਗੋਪਨੀਅਤਾ ਬਾਰੇ ਪੁੱਛਣ ਤੇ ਉਹਨਾਂ ਕਿਹਾ ਕਿ ਅੰਸਾਰੀ ਨੂੰ ਕਈ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਉਸਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੁਲੀਸ ਵਲੋਂ ਗੋਪਲੀਅਤਾ ਵਰਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਅੰਸਾਰੀ ਨੂੰ ਯੂ ਪੀ ਦੀ ਬਾਂਦਾ ਜੇਲ੍ਹ ਤੋਂ ਪ੍ਰੌਡਕਸ਼ਨ ਵਾਰੰਟ ਤੇ ਲਿਆਂਦੇ ਜਾਣ ਵੇਲੇ ਮੁਹਾਲੀ ਪੁਲੀਸ ਉਥੇ ਲਿੱਖ ਕੇ ਦੇ ਕੇ ਆਈ ਸੀ ਕਿ ਅੰਸਾਰੀ ਦੀ ਸੁਰਖਿਆ ਦੀ ਜਿੰਮੇਵਾਰੀ ਉਸਦੀ ਹੋਵੇਗੀ| ਉਹਨਾਂ ਕਿਹਾ ਕਿ ਅੰਸਾਰੀ ਨੂੰ ਅਦਾਲਤ ਲੈ ਕੇ ਜਾਣ ਆਉਣ ਵੇਲੇ ਕਮਾਂਡੋ ਸੁਰੱਖਿਆ ਦਿੱਤੀ ਗਈ ਹੈ ਅਤੇ ਇਸ ਦੌਰਾਨ ਐਂਬੂਲਸ ਵੀ ਨਾਲ ਰੱਖੀ ਗਈ|
ਜਿਕਰਯੋਗ ਹੈ ਕਿ ਮੁਹਾਲੀ ਪੁਲੀਸ ਵਲੋਂ ਮੁਖਤਾਰ ਅੰਸਾਰੀ ਨੂੰ ਇੱਕ ਬਿਲਡਰ ਤੋਂ ਦਸ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ| ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਵੱਲੋਂ ਮੁਹਾਲੀ ਦੇ ਸੈਕਟਰ 70 ਦੇ ਇੱਕ ਬਿਲਡਰ ਨੂੰ ਫੋਨ ਕਰਕੇ 10 ਕਰੋੜ ਰੁਪਏ ਅਦਾ ਕਰਨ ਜਾਂ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ| ਜਿਸ ਦੀ ਸ਼ਿਕਾਇਤ ਬਿਲਡਰ ਵੱਲੋਂ ਮੁਹਾਲੀ ਪੁਲੀਸ ਨੂੰ ਦਿੱਤੀ ਗਈ ਸੀ ਅਤੇ ਥਾਣਾ ਮਟੌਰ ਵਿੱਚ ਆਈ ਪੀ ਸੀ ਦੀ ਧਾਰਾ 386 ਦੇ ਤਹਿਤ ਮਾਮਲਾ ਦਰਜ ਕਰਕੇ ਮੁਹਾਲੀ ਪੁਲੀਸ ਦੀ ਟੀਮ ਨੇ ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਮਾਣਯੋਗ ਜੱਜ ਸ੍ਰੀ ਅਮਿਤ ਬਖਸ਼ੀ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿੱਥੇ ਅਦਾਲਤ ਵਲੋਂ ਮੁਖਤਾਰ ਅੰਸਾਰੀ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ| ਅੱਜ ਪੁਲੀਸ ਵਲੋਂ ਅੰਸਾਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਮਾਣਯੋਗ ਅਦਾਲਤ ਵਲੋਂ ਅੰਸਾਰੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿਤਾ ਗਿਆ|

Leave a Reply

Your email address will not be published. Required fields are marked *