ਮੁਫ਼ਤ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖਾਬਾਜ਼ਾਂ ਦੇ ਝਾਂਸੇ ਵਿੱਚ ਨਾ ਆਉਣ ਲੋਕ : ਸਿੱਖਿਆ ਮੰਤਰੀ

ਚੰਡੀਗੜ੍ਹ, 14 ਅਗਸਤ (ਸ.ਬ.)   ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਰਾਜ ਦੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਅਧੀਨ ਮੁਫ਼ਤ ਵਿੱਚ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖੇਬਾਜ਼ਾਂ ਦੇ ਝਾਂਸੇ ਵਿੱਚ ਨਾ ਆਉਣ|
ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੇ ਘੁੰਮ ਰਹੇ ਫ਼ਰਜ਼ੀ ਸੰਦੇਸ਼ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਸਿਰਫ਼ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਲਈ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਦੇ ਆਧਾਰ ਤੇ ਮੁਫ਼ਤ ਵਿੱਚ ਸਮਾਰਟ ਫ਼ੋਨ ਮੁਹੱਈਆ ਕਰਵਾਏ ਜਾ ਰਹੇ ਹਨ| ਇਸ ਲਈ ਹੋਰ ਲੋਕਾਂ ਨੂੰ ਅਜਿਹੀ ਸਕੀਮ ਦੇ ਘੇਰੇ ਵਿੱਚ ਲਿਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ|
ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਜਿਹੀ ਕੋਈ ਵੈਬਸਾਈਟ ਜਾਂ ਸੋਸ਼ਲ ਮੀਡੀਆ          ਪਲੇਟਫ਼ਾਰਮ ਦੀ ਸ਼ੁਰੂਆਤ ਨਹੀਂ ਕੀਤੀ, ਜਿਸ ਤੇ ਸਮਾਰਟ ਫ਼ੋਨਾਂ ਲਈ             ਰਜਿਸਟ੍ਰੇਸ਼ਨ ਹੋ ਰਹੀ ਹੋਵੇ| ਉਨ੍ਹਾਂ ਆਨਲਾਈਨ ਧੋਖੇਬਾਜ਼ਾਂ ਨੂੰ ਸਾਈਬਰ ਕ੍ਰਾਈਮ ਰੋਕਥਾਮ ਕਾਨੂੰਨਾਂ ਅਧੀਨ ਗੰਭੀਰ ਸਿੱਟੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ|
ਉਨ੍ਹਾਂ ਕਿਹਾ ਕਿ ਲੋਕ ਅਜਿਹੇ ਸੰਦੇਸ਼ਾਂ ਅਤੇ ਯੂ.ਆਰ.ਐਲ. ਲਿੰਕ ਤੇ ਕਲਿੱਕ ਨਾ ਕਰਨ, ਜਿੱਥੇ ਸਰਕਾਰ ਵੱਲੋਂ ਮੁਫ਼ਤ ਸਮਾਰਟ ਫ਼ੋਨ ਦੇਣ ਲਈ ਰਜਿਸਟ੍ਰੇਸ਼ਨ ਕਰਨ ਵਾਸਤੇ ਕਿਹਾ ਗਿਆ ਹੋਵੇ ਕਿਉਂਕਿ ਕਲਿੱਕ ਕਰਨ ਨਾਲ ਉਹਨਾਂ ਦੇ ਮੋਬਾਈਲ ਦਾ ਕੰਟਰੋਲ ਸਾਈਬਰ ਅਪਰਾਧੀਆਂ ਦੇ ਹੱਥ ਵਿੱਚ ਜਾਣ ਦੀ ਸੰਭਾਵਨਾ ਹੈ|

Leave a Reply

Your email address will not be published. Required fields are marked *