ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਸਾਬਕਾ ਡੀ ਜੀ ਪੀ ਸੈਣੀ ਨੂੰ ਨਹੀਂ ਮਿਲੀ ਜਮਾਨਤ

ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਸਾਬਕਾ ਡੀ ਜੀ ਪੀ ਸੈਣੀ ਨੂੰ ਨਹੀਂ ਮਿਲੀ ਜਮਾਨਤ
ਹਾਈਕੋਰਟ ਵਲੋਂ ਸੈਣੀ ਦੀ ਜਮਾਨਤ ਦੀ ਅਪੀਲ ਅਤੇ ਜਾਂਚ ਏੰਜਸੀ ਬਦਲਣ ਦੀ ਮੰਗ ਵਾਲੀਆਂ ਦੋਵੇਂ ਪਟੀਸ਼ਨਾਂ ਖਾਰਿਜ
ਚੰਡੀਗੜ੍ਹ, 8 ਸਤੰਬਰ (ਸ.ਬ.) ਬਹੁਚਰਚਿਤ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਸਾਬਕਾ ਡੀ ਜੀ ਪੀ ਸੈਣੀ ਨੂੰ ਜਮਾਨਤ ਦੇਣ ਤੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਇਨਕਾਰ ਕਰ ਦਿੱਤਾ ਗਿਆ ਹੈ ਜਿਸ ਕਾਰਨ ਸੈਣੀ ਦੇ ਸਿਰ ਤੇ ਗ੍ਰਿਫਤਾਰੀ ਦੀ ਤਲਵਾਰ ਲਮਕ ਗਈ ਹੈ ਅਤੇ ਉਸਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਹੋ ਸਕਦੀ ਹੈ| 
ਇੱਥੇ ਜਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਫਤਹਿ ਸਿੰਘ ਦੀ ਅਦਾਲਤ ਵਲੋਂ ਬੀਤੇ ਕੱਲ ਸ੍ਰੀ ਸੈਣੀ ਦੀ ਜਮਾਨਤ ਅਰਜੀ ਬਾਰੇ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ ਅਤੇ ਅੱਜ ਅਦਾਲਤ ਵਲੋਂ ਜਾਰੀ ਹੁਕਮਾਂ ਅਨੁਸਾਰ ਸੈਣੀ ਦੀ ਜਮਾਨਤ ਦੀ ਅਰਜੀ ਨੂੰ ਖਾਰਿਜ ਕਰ ਦਿੱਤਾ ਗਿਆ ਹੈ| 
ਇਸਦੇ ਨਾਲ ਹੀ ਮਾਣਯੋਗ ਅਦਾਲਤ ਵਲੋਂ ਸੇਣੀ ਦੀ ਇਸ ਕੇਸ ਨੂੰ ਟ੍ਰਾਂਸਫਰ ਕਰਨ ਦੀ ਪਟੀਸ਼ਨ ਵੀ ਖਾਰਜ਼ ਕਰ ਦਿੱਤੀ ਹੈ ਜਿਸਤੋਂ ਬਾਅਦ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਿਲਾਂ ਹੋਰ ਵੰਧ ਗਈਆਂ ਹਨ| 
ਜ਼ਿਕਰਯੋਗ ਹੈ ਕਿ 1991 ਵਿੱਚ ਚੰਡੀਗੜ੍ਹ ਦਾ ਐਸ ਐਸ ਪੀ ਹੁੰਦਿਆਂ ਸੁਮੇਧ ਸੈਣੀ ਵਲੋਂ ਮੁਹਾਲੀ ਵਾਸੀ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਫੇਜ਼ 7 ਤੋਂ ਗ੍ਰਿਫਤਾਰ ਕਰਕੇ ਲਿਜਾਣ ਤੋਂ ਬਾਅਦ ਉਸਦਾ ਕੋਈ ਥਹੁ ਪਤਾ ਨਹੀਂ ਲੱਗਿਆ ਸੀ ਅਤੇ ਇਸ ਮਾਮਲੇ ਵਿੱਚ ਮਈ ਦੇ ਮਹੀਨੇ ਵਿੱਚ ਮੁਹਾਲੀ ਦੇ ਥਾਣਾ ਮਟੌਰ ਵਿੱਚ ਸੈਣੀ ਸਮੇਤ ਹੋਰਲਾਂ ਅਧਿਕਾਰੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ| ਬਾਅਦ ਵਿੱਚ ਇਸ ਮਾਮਲੇ ਵਿੱਚ ਸਾਬਕਾ ਡੀ. ਜੀ. ਪੀ. ਦੇ ਖਿਲਾਫ ਧਾਰਾ-302 ਵੀ ਜੋੜ ਦਿੱਤੀ ਗਈ ਸੀ ਜਿਸਤੋਂ ਬਾਅਦ ਸੈਣੀ ਵਲੋਂ ਜ਼ਮਾਨਤ ਲੈਣ ਲਈ ਮੁਹਾਲੀ ਦੀ ਸੈਸ਼ਨ ਅਦਾਲਤ ਵਿੱਚ ਅਰਜੀ ਲਗਾਈ ਗਈ ਸੀ ਅਤੇ ਉੱਥੋਂ ਅਪੀਲ ਖਾਰਿਜ ਹੋਣ ਤੋਂ ਬਾਅਦ ਪੰਜਾਬ ਅਤੇ ਹਰਿਆਣਾਂ ਹਾਈਕੋਰਟ ਵਿੱਚ ਅਰਜੀ ਦਿੱਤੀ ਗਈ ਸੀ| ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਲਾਈ ਸੀ ਜਿਸਨੂੰ ਅੱਜ ਖਾਰਿਜ ਕਰ ਦਿੱਤਾ ਗਿਆ| 

Leave a Reply

Your email address will not be published. Required fields are marked *