ਮੁਲਾਜਮਾਂ ਦੀਆਂ ਮੰਗਾਂ ਲਈ ਵਿੱਤ ਮੰਤਰੀ ਨੂੰ ਪੱਤਰ ਲਿਖਿਆ

ਐਸ ਏ ਐਸ ਨਗਰ, 9 ਜੂਨ (ਸ.ਬ.) ਮੁਲਾਜਮ ਆਗੂ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਸ੍ਰ. ਭਗਵੰਤ ਸਿੰਘ ਬੇਦੀ ਨੇ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਮੁਲਾਜਮਾਂ ਦੇ ਮਸਲੇ ਹਲ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਪੱਤਰ ਵਿੱਚ ਉਹਨਾਂ ਵਿੱਤ ਮੰਤਰੀ ਤੋਂ ਸਵਾਲ ਕੀਤਾ ਹੈ ਕਿ ਉਹ ਮੁਲਾਜਮਾਂ ਦੀਆਂ ਕਈ ਅਹਿਮ ਮੰਗਾਂ ਪ੍ਰਤੀ ਸੰਜੀਦਾ ਕਿਉਂ ਨਹੀਂ ਹਨ|
ਪੱਤਰ ਵਿੱਚ ਕਿਹਾ ਗਿਆ ਹੈ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਮੁਲਾਜਮਾਂ ਨੇ ਡੀ. ਏ. ਦਾ 22 ਮਹੀਨਿਆਂ ਦਾ ਬਕਾਇਆ ਬਾਕੀ ਸੀ ਅਤੇ ਚੋਣਾਂ ਵੇਲੇ ਉਹਨਾਂ ਅਤੇ ਕਾਂਗਰਸ ਪਾਰਟੀ ਨੇ ਵਾਇਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਪੁਰਾਣੇ ਡੀ. ਏ. ਦੀ ਅਦਾਇਗੀ ਅਤੇ ਮੁਲਾਜਮਾਂ ਦੀਆਂ ਹੋਰ ਮੰਗਾਂ ਪਹਿਲ ਦੇ ਅਧਾਰ ਤੇ ਹਲ ਕੀਤੀਆਂ ਜਾਣਗੀਆਂ ਪਰੰਤੂ ਹੁਣ ਪੁਰਾਣਾ ਡੀ. ਏ. ਅਤੇ 4 ਡੀ. ਏ. ਹੋਰ ਜਮਾ ਹੋ ਗਏ ਹਨ ਉਹਨਾਂ ਬਾਰੇ ਗੱਲ ਤਕ ਨਹੀਂ ਹੁੰਦੀ| ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿੱਤ ਮੰਤਰੀ ਕਹਿੰਦੇ ਹਨ ਕਿ ਪਿਛਲੀ ਸਰਕਾਰ ਖਜਾਨਾ ਖਾਲੀ ਕਰ ਗਈ ਹੈ ਪਰੰਤੂ ਜੇਕਰ ਸੱਚ ਵਿੱਚ ਪੰਜਾਬ ਸਰਕਾਰ ਦੀ ਆਰਥਿਕ ਹਾਲਤ ਤਰਸਯੋਗ ਹੈ ਤਾਂ ਫਿਰ ਸਰਕਾਰ ਵਲੋਂ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਅਜਿਹੇ ਹੋਰ ਹਜਾਰਾਂ ਵੀ ਵੀ ਆਈ ਪੀ ਦੀ ਸੁਰਖਿਆ, ਮਹਿੰਗੀਆਂ ਕਾਰਾਂ ਅਤੇ ਹੋਰ ਖਰਚਿਆਂ ਤੇ ਕਟੌਤੀ ਕਿਉਂ ਨਹੀਂ ਕੀਤੀ ਜਾਂਦੀ| ਵਿਧਾਇਕਾਂ ਨੂੰ ਦਿੱਤੀਆਂ ਜਾਂਦੀਆਂ ਦੀਆਂ ਸਹੁਲਤਾਂ ਵਿੱਚ ਕਟੌਤੀ ਕਿਉਂ ਨਹੀਂ ਹੁੰਦੀ, ਸ਼ਾਹੀ ਸਮਾਗਮਾਂ ਨੂੰ ਸਾਦਾ ਕਿਉਂ ਨਹੀਂ ਬਣਾਉਂਦੇ, ਮੁਖ ਮੰਤਰੀ ਕੈਪਟਨ ਸਾਹਿਬ ਦੀ ਲੈਫਟੈਨਾਂ ਵਾਲੀ ਫੌਜ ਵਿੱਚ ਕਟੌਤੀ ਕਿਉਂ ਨਹੀਂ ਕਰਦੇ| ਉਹਨਾਂ ਲਿਖਿਆ ਹੈ ਕਿ ਇਸ ਤੋਂ ਬਿਨਾਂ ਕਈ ਹੋਰ ਅਹਿਮ ਮਸਲੇ ਹਨ ਜੋ ਪੰਜਾਬ ਨੂੰ ਆਰਥਿਕ ਤੌਰ ਤੇ ਖੋਰਾ ਲਾ ਰਹੇ ਹਨ ਪਰ ਵਿੱਤ ਮੰਤਰੀ ਉਹਨਾਂ ਵੱਲ ਦੇਖਣ ਨੂੰ ਵੀ ਤਿਆਰ ਨਹੀਂ ਹਨ ਅਤੇ ਅਸਲ ਹਾਲ ਇਹ ਹੈ ਕਿ ਤਾਇਆ ਜੀ ਅਤੇ ਭਤੀਜਾ ਜੀ ਦੀ ਸਰਕਾਰ ਵਿਚ ਕੋਈ ਫਰਕ ਨਹੀਂ ਹੈ ਬਸ ਸਹੁਲਤਾਂ ਮਾਨਣ ਵਾਲੇ ਚੇਹਰੇ ਬਦਲੇ ਹਨ|
ਉਹਨਾਂ ਲਿਖਿਆ ਹੈ ਕਿ ਪੰਜਾਬ ਵਾਸੀਆਂ ਲਈ ਕੁਝ ਵੀ ਕਰਨ ਦੀ ਸਰਕਾਰ ਦੀ ਇੱਛਾ ਨਹੀਂ ਹੈ ਅਤੇ ਕਿਸਾਨਾਂ ਜਾ ਹੋਰਨਾਂ ਦਾ ਕਰਜਾ ਮਾਫ ਕਰਨ ਦਾ ਜਿਹੜਾ ਢੰਡੋਰਾ ਪਿੱਟਿਆ ਜਾਂਦਾ ਹੈ ਉਹ ਵੀ ਸਿਰਫ ਆਪਣੀਆਂ ਸ਼ਾਹੀ ਸਹੂਲਤਾਂ ਬਰਕਰਾਰ ਰਖਣ ਲਈ ਕੀਤੀ ਜਾਂਦਾ ਹੈ| ਮੁਲਾਜਮਾਂ ਦਾ ਡੀ. ਏ. ਅਤੇ ਤਨਖਾਹ ਕਮਿਸ਼ਨ ਸਰਕਾਰ ਦੇ ਏਜੰਡੇ ਤੇ ਉਸ ਦਿਨ ਆਵੇਗਾ ਜਿਸ ਦਿਨ ਉਸਨੂੰ ਮਹਿਸੂਸ ਹੋਵੇਗਾ ਕਿ ਕਿਤੇ ਮੁਲਾਜਮ ਵਰਗ ਉਸ ਨਾਲ ਰੁਸ ਕੇ ਵਿਰੋਧੀ ਧਿਰ (ਅਕਾਲੀ ਦਲ) ਦੇ ਨਾਲ ਨਾ ਚਲਾ ਜਾਵੇ|
ਸ੍ਰ. ਬੇਦੀ ਨੇ ਕਿਹਾ ਕਿ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਹਮੇਸ਼ਾ ਉੱਚੇ ਆਦਰਸ਼ਾਂ ਦੀ ਗੱਲ ਕਰਦੇ ਹਨ ਇਸ ਲਈ ਉਹਨਾਂ ਨੇ ਇਹ ਪੱਤਰ ਉਹਨਾਂ ਨੂੰ ਲਿਖਿਆ ਹੈ ਤਾਂ ਜੋ ਉਹ ਮੁਲਾਜਮਾਂ ਦੇ ਮਸਲੇ ਹਲ ਕਰਨ ਲਈ ਲੋੜੀਂਦੀ ਕਾਰਵਾਈ ਕਰਨ|

Leave a Reply

Your email address will not be published. Required fields are marked *