ਮੁਲਾਜਮਾਂ ਦੇ ਮਸਲੇ ਹੱਲ ਕਰੇ ਸਰਕਾਰ : ਕਰਮਚਾਰੀ ਯੂਨੀਅਨ

ਲੁਧਿਆਣਾ, 5 ਜੂਨ (ਸ.ਬ.) ਪੰਜਾਬ ਰਾਜ ਜਿਲ੍ਹਾ (ਡੀ. ਸੀ.) ਦਫਤਰ ਕਮਰਚਾਰੀ ਯੂਨੀਅਨ ਦੀ ਬੱਚਤ ਭਵਨ ਲੁਧਿਆਣਾ ਵਿਖੇ  ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਚੇਅਰਮੈਨ ਓਮ ਪ੍ਰਕਾਸ਼ ਅਤੇ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਹੋਈ| ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਤੋਂ ਮੁਲਾਜ਼ਮਾਂ ਨੂੰ ਬਹੁਤ ਉਮੀਦਾਂ ਸਨ ਪਰੰਤੂ ਨਵੀਂ ਸਰਕਾਰ ਨੂੰ ਨੋਟਿਸ ਦੇਣ ਦੇ ਬਾਅਦ ਦੋ ਮਹੀਨੇ ਤੋਂ ਉੱਪਰ ਸਮਾਂ ਬੀਤਣ ਤੇ ਵੀ ਸਾਡੀ ਯੂਨੀਅਨ ਦੀ ਸੂਬਾ ਬਾਡੀ ਨੂੰ ਨਾ ਤਾਂ ਮੀਟਿੰਗ ਦਾ ਸਮਾਂ ਦਿੱਤਾ ਹੈ ਅਤੇ ਨਾ ਹੀ ਵਿਧਾਨ ਸਭਾ ਚੋਣਾਂ ਸਮੇਂ ਕੀਤੇ  ਵਾਅਦਿਆਂ ਨੂੰ ਪੂਰਾ ਕਰਨ ਲਈ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਦਾ  ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ| ਇਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਉਭਰਨਾ ਸੁਭਾਵਿਕ ਹੈ| ਸੂਬਾ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਨੇ ਮੰਗਾਂ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਨਾਰਮਜ਼ ਸਾਲ 1995 ਮੁਤਾਬਿਕ ਸਦਰ ਦਫਤਰਾਂ, ਉਪ ਮੰਡਲ ਮੈਜਿਸਟਰੇਟ ਦਫਤਰ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿੱਚ ਅਸਾਮੀਆਂ ਦੀ ਰਚਨਾ ਕਰਨ ਅਤੇ ਨਵੀਆਂ ਬਣਾਈਆਂ 8 ਸਬ ਡਵੀਜਨਾਂ, ਤਹਿਸੀਲਾਂ, ਉਪ ਤਹਿਸੀਲਾਂ ਵਿੱਚ ਅਸਾਮੀਆਂ ਦੀ ਰਚਨਾ ਕਰਨ ਸਬੰਧੀ ਕੇਸ ਤੇ ਜਾਣਬੁੱਝ ਕੇ ਇਤਰਾਜ ਲਾਏ ਜਾ ਰਹੇ, ਐਸ. ਐਸ. ਬੋਰਡ ਤੋਂ ਮੰਗਿਆ ਸਟਾਫ ਨਹੀਂ ਮਿਲ ਰਿਹਾ, ਉਹਨਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਚਾਲੂ ਕੀਤੀ ਜਾਵੇ, 15-1-2015 ਤੋਂ ਬਾਅਦ ਨਵੇਂ ਭਰਤੀ ਹੋਏ ਮੁਲਾਜਮਾਂ ਨੂੰ ਮਾਨਯੋਗ ਸੁਪਰੀਮ ਕੋਰਟ ਦੇ ‘ਬਰਾਬਰ ਕੰਮ ਬਰਾਬਰ ਤਨਖਾਹ’ ਦੇ ਫੈਸਲੇ ਨੂੰ ਲਾਗੂ ਕਰਦਿਆਂ ਪੂਰਾ ਤਨਖਾਹ ਸਕੇਲ ਦੇਣਾ ਚਾਲੂ ਕੀਤਾ ਜਾਵੇ| ਸੁਪਰਡੈਂਟ ਗ੍ਰੇਡ-1 ਦੀਆਂ ਖਾਲੀ ਪਾਈਆਂ ਅਸਾਮੀਆਂ ਤੇ ਪਦਉਨਤੀ ਲਈ ਡੀ. ਪੀ. ਸੀ.  ਦੀ ਤੁਰੰਤ ਮੀਟਿੰਗ ਬੁਲਾਈ ਜਾਵੇ| ਸਕੇਲ ਅਤੇ ਭੱਤਿਆਂ ਸਬੰਧੀ ਮੰਗਾਂ ਛੇਵੇਂ ਤਨਖਾਹ ਕਮਿਸ਼ਨ ਪੰਜਾਬ ਨੂੰ ਸਿਫਾਰਸ਼ ਸਾਹਿਤ ਭੇਜਿਆ ਜਾਵੇ| ਸੂਬਾ ਬਾਡੀ ਵਲੋਂ ਸਰਵ ਸੰਮਤੀ ਨਾਲ ਲਏ ਫੈਸਲਿਆਂ ਤੋਂ ਜਾਣੂੰ ਕਰਵਾਉਂਦਿਆਂ ਜੋਗਿੰਦਰ ਕੁਮਾਰ ਜ਼ੀਰਾ, ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਤੇ ਸੀ. ਪੀ. ਐਫ ਕਰਮਚਾਰੀ ਯੂਨੀਅਨ , ਪੰਜਾਬ ਨੂੰ ਸਮੱਰਥਨ ਦੇਣ ਦਾ ਫੈਸਲਾ ਕੀਤਾ ਹੈ| ਇਸ ਤੋਂ ਇਲਾਵਾ ਸਰਕਾਰ ਨੂੰ ਨੋਟਿਸ ਦੇ ਕੇ ਅਗਾਹ ਕੀਤਾ ਜਾਵੇਗਾ ਕਿ ਉਹ ਮੁਲਾਜ਼ਮਾਂ  ਦੀਆਂ ਮੰਗਾਂ ਤੇ 22 ਜੂਨ, 2017 ਤੱਕ ਕੋਈ ਹਾਂ ਪੱਖੀ ਫੈਸਲਾ ਲਵੇ ਅਤੇ ਉਸ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰੇ ਅਤੇ ਸਾਡੀ ਸੂਬਾ ਬਾਡੀ ਨਾਲ ਗੱਲ ਕਰੇ ਵਰਨਾ ਸਾਡੀ ਯੂਨੀਅਨ ਦੇ 65 ਵੇਂ ਸਥਾਪਨਾ ਦਿਵਸ ਦੇ ਮੌਕੇ 23 ਜੂਨ ਨੂੰ ਕੀਤੀ ਜਾ ਰਹੀ ਸਾਲਾਨਾ ਕਨਵੈਨਸ਼ਨ ਸਮੇਂ ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਜਾਵੇਗਾ| ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਕੁਮਾਰ ਢੋਸੀਵਾਲ, ਸੂਬਾ ਮੀਤ ਪ੍ਰਧਾਨ ਮਨੋਹਰ ਲਾਲ ਅਤੇ ਪ੍ਰਿਤਪਾਲ ਸਿੰਘ ਬਿੱਟਾ ਤੋਂ ਇਲਾਵਾ ਜਿਲ੍ਹਾ ਪ੍ਰਧਾਨਾਂ ਵਿੱਚ ਪ੍ਰਕਾਸ਼ ਸਿੰਘ ਗਿੱਲ  ਲੁਧਿਆਣਾ, ਅਸ਼ੋਕ  ਮੁਹਾਲੀ, ਜਸਕਰਨ ਸਿੰਘ ਮੋਗਾ, ਅੰਮ੍ਰਿਤਪਾਲ  ਸਿੰਘ ਸੰਗਰੂਰ, ਅਰਵਿੰਦਰ ਸਿੰਘ ਸੀ੍ਰ  ਅੰਮ੍ਰਿਤਸਰ ਸਾਹਿਬ, ਨਰੇਸ਼ ਕੁਮਾਰ ਜਲੰਧਰ, ਨਰਿੰਦਰ ਚੀਮਾ ਕਪੂਰਥਲਾ, ਜਗਜੀਤ ਸਿੰਘ ਫਾਜ਼ਿਲਕਾ, ਗੁਰਚਰਨ ਸਿੰਘ ਫਿਰੋਜ਼ਪੁਰ ਅਤੇ ਜਿਲ੍ਹਾ ਜਨਰਲ ਸਕੱਤਰ ਦਵਿੰਦਰ ਬਾਵਾ ਲੁਧਿਆਣਾ, ਹਰਜਿੰਦਰ ਸਿੰਘ ਸਿੱਧੂ ਸ੍ਰੀ ਮੁਕਤਸਰ ਸਾਹਿਬ, ਸੋਨੂੰ ਕਸ਼ਯਪ ਫਿਰੋਜਪੁਰ, ਰਾਜਵਾਨ  ਖਾਨ ਕਪੂਰਥਲਾ ਅਤੇ ਵਿਕਾਸ ਕੁਮਾਰ ਲੁਧਿਆਣਾ, ਬਲਜੀਤ ਸਿੰਘ ਅੰਮ੍ਰਿਤਸਰ ਆਦਿ ਹਾਜਰ ਸਨ|

 

Leave a Reply

Your email address will not be published. Required fields are marked *