ਮੁਲਾਜਮ ਆਗੂ ਸਿੱਧੂ ਵੱਲੋਂ ਵਿੱਤ ਮੰਤਰੀ ਦੀ ਆਲੋਚਨਾ

ਐਸ. ਏ. ਐਸ. ਨਗਰ, 4 ਅਗਸਤ (ਭਗਵੰਤ ਸਿੰਘ ਬੇਦੀ) ਪੰਜਾਬ ਅਤੇ ਯੂ.ਟੀ. ਦੇ ਮੁਲਾਜਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਸਿੱਧੂ ਨੇ ਮੁਲਾਜਮ ਦੇ ਮਹਿੰਗਾਈ ਭੱਤੇ ਦਾ ਸਾਲ 2014 ਤੋਂ 22 ਮਹੀਨਿਆਂ ਦਾ ਬਕਾਇਆ ਅਤੇ ਜਨਵਰੀ 2017 ਤੋਂ ਜੁਲਾਈ 2018 ਤੱਕ ਦੀਆਂ ਡੀ. ਏ. ਦੀਆਂ ਕਿਸ਼ਤਾਂ ਸਮੇਂ ਸਿਰ ਨਾ ਦੇਣ ਦੀ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪੰਜਾਬ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ|
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ| ਉਹਨਾਂ ਕਿਹਾ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਆਰਥਿਕ ਪੱਖ ਤੋਂ ਭੰਡਣ ਵਾਲੇ ਮਨਪ੍ਰੀਤ ਸਿੰਘ ਬਾਦਲ ਮੁਲਾਜਮਾਂ ਅਤੇ ਹੋਰ ਬਹੁਤ ਸਾਰੇ ਹੋਰ ਵਰਗਾਂ ਦੇ ਬਣਦੇ ਹੱਕ ਦੇਣ ਤੋਂ ਇਨਕਾਰੀ ਹਨ| 6ਵੇਂ ਤਨਖਾਹ ਕਮਿਸ਼ਨ ਦੀ ਸੁਸਤ ਚਾਲ, ਪਿਛਲੇ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ, ਠੇਕੇ ਵਾਲੇ ਕਰਮਚਾਰੀ ਪੱਕੇ ਨਾ ਕਰਨਾ, ਆਂਗਨਵਾੜੀ ਕਾਮਿਆਂ ਦੇ ਹੱਕ ਦੇਣ ਦੀ ਥਾਂ ਤੇ ਉਨ੍ਹਾਂ ਤੇ ਅੱਤਿਆਚਾਰ ਕਰਨਾ ਦਰਸਾਉਂਦਾ ਹੈ ਕਿ ਸਰਕਾਰ ਮੁਲਾਜਮ ਵਿਰੋਧੀ ਹੈ| ਉਹਨਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਆਪਣੇ ਸੰਬੋਧਨ ਵਿੱਚ ਮੁਲਾਜਮਾਂ ਦੀਆਂ ਰੋਕੀਆਂ ਹੋਈਆਂ ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨ ਦਾ ਐਲਾਨ ਕਰਨ ਤਾਂ ਕਿ ਪੰਜਾਬ ਦੇ ਮੁਲਾਜਮਾਂ ਦਾ ਸਰਕਾਰ ਤੋਂ ਟੁੱਟ ਰਿਹਾ ਭਰੋਸਾ ਬਹਾਲ ਰਹਿ ਸਕੇ|

Leave a Reply

Your email address will not be published. Required fields are marked *