ਮੁਹਾਲੀ ਅਤੇ ਖਰੜ ਹਲਕਿਆਂ ਵਿੱਚ ਵੀ ਕਾਂਗਰਸ ਰਹੀ ਅੱਗੇ, ਅਕਾਲੀ ਉਮੀਦਵਾਰ ਦੂਜੇ ਨੰਬਰ ਤੇ

ਐਸ.ਏ.ਐਸ ਨਗਰ, 23 ਮਈ (ਸ.ਬ.) ਲੋਕਸਭਾ ਚੋਣਾਂ ਸੰਬੰਧੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਪੈਂਦੇ ਐਸ ਏ ਐਸ ਨਗਰ, ਅਤੇ ਖਰੜ ਵਿਧਾਨਸਭਾ ਹਲਕਿਆਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸਰਕਾਰੀ ਪੋਲੀਟੈਕਨਿਕ ਕਾਲੇਜ ਖੂਨੀਮਾਜਰਾ ਵਿਖੇ ਅਮਨ ਅਮਾਨ ਨਾਲ ਮੁਕੰਮਲ ਹੋ ਗਿਆ| ਇਹਨਾਂ ਦੋਵਾਂ ਹਲਕਿਆਂ ਵਾਸਤੇ ਗਿਣਤੀ ਦਾ ਕੰਮ ਕ੍ਰਮਵਾਰ 17 ਅਤੇ 19 ਗੇੜਾਂ ਵਿੱਚ ਮੁਕੰਮਲ ਕੀਤਾ ਗਿਆ|
ਐਸ ਏ ਐਸ ਨਗਰ ਹਲਕੇ ਵਿੱਚ ਪਈਆਂ ਵੋਟਾਂ ਦੀ ਕੁਲ 17 ਗੇੜਾਂ ਵਿੱਚ ਹੋਈ ਗਿਣਤੀ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ 63380 ਵੋਟਾਂ ਹਾਸਿਲ ਕਰਕੇ ਪਹਿਲੇ ਨੰਬਰ ਤੇ ਰਹੇ ਜਦੋਂਕਿ ਅਕਾਲੀ ਦਲ ਦੇਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 50728 ਵੋਟਾਂ ਮਿਲੀਆਂ| ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ 8359 ਵੋਟਾਂ ਹਾਸਿਲ ਕਰਕੇ ਤੀਜੇ ਨੰਬਰ ਤੇ ਰਹੇ ਜਦੋਂਕਿ ਬਸਪਾ ਉਮੀਦਵਾਰ ਸੋਢੀ ਵਿਕਰਮ ਸਿੰਘ ਨੂੰ 3198 ਵੋਟਾਂ ਮਿਲੀਆਂ| ਹਲਕੇ ਵਿੱਚ ਨੋਟਾ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 3133 ਰਹੀ|
ਖਰੜ ਹਲਕੇ ਵਿੱਚ 19 ਗੇੜਾਂ ਤੋਂ ਬਾਅਦ ਮੁਕੰਮਲ ਹੋਈ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਨੇ 63300 ਵੋਟਾਂ ਹਾਸਿਲ ਕਰਕੇ ਆਪਣੇ ਨਜਦੀਕੀ ਵਿਰੋਧੀ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੋਂ 7205 ਵੋਟਾਂ ਦੀ ਲੀਡ ਹਾਸਿਲ ਕੀਤੀ| ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 56095 ਵੋਟਾਂ ਹਾਸਿਲ ਹੋਈਆਂ|
ਖਰੜ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਨੂੰ 10272 ਵੋਟਾਂ ਹਾਸਿਲ ਹੋਈਆਂ ਅਤੇ ਚੌਥੇ ਨੰਬਰ ਤੇ ਆਏ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੋਢੀ ਵਿਕਰਮ ਸਿੰਘ ਨੂੰ 5897 ਵੋਟਾਂ ਮਿਲੀਆਂ| ਹਲਕੇ ਵਿੱਚ ਨੋਟਾ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 3025 ਰਹੀ| ਇੱਥੇ ਇਹ ਜਿਕਰ ਕਰਨਾ ਬਣਦਾ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਕੁਲ 9 ਵਿਧਾਨਸਭਾ ਹਲਕਿਆਂ ਵਿੱਚ ਸ੍ਰੀ ਮਨੀਸ਼ ਤਿਵਾੜੀ ਦੀ ਲੀਡ 43 ਹਜਾਰ ਵੋਟਾਂ ਦੇ ਕਰੀਬ ਸੀ ਜਦੋਂਕਿ ਸਿਰਫ ਖਰੜ ਅਤੇ ਮੁਹਾਲੀ ਹਲਕਿਆਂ ਵਿੱਚ ਹੀ ਉਹਨਾਂ ਨੂੰ ਲਗਭਗ 20 ਹਜਾਰ ਵੋਟਾਂ ਦੀ ਲੀਡ ਹਾਸਿਲ ਹੋਈ|
ਵੋਟਾਂ ਦੀ ਗਿਣਤੀ ਦਾ ਕੰਮ ਬਾਅਦ ਦੁਪਹਿਰ ਚਾਰ ਵਜੇ ਦੇ ਕਰੀਬ ਮੁਕੰਮਲ ਹੋਇਆ| ਇਸ ਮੌਕੇ ਪੁਲੀਸ ਵਲੋਂ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਵੋਟਾਂ ਦੀ ਗਿਣਤੀ ਦਾ ਕੰਮ ਅਮਨ ਅਮਾਨ ਨਾਲ ਮੁਕਮੰਲ ਹੋਣ ਤੇ ਪ੍ਰਸ਼ਾਸ਼ਨ ਨੇ ਸੁਖ ਦਾ ਸਾਹ ਲਿਆ|

Leave a Reply

Your email address will not be published. Required fields are marked *