ਮੁਹਾਲੀ ਕਰਿਆਣਾ ਐਸੋਸੀਏਸ਼ਨ ਨੇ ਲਗਾਏ ਬੈਸਟ ਪ੍ਰਾਈਜ ਕੰਪਨੀ ਤੇ ਬੁਕਿੰਗ ਤੋਂ ਬਾਅਦ ਮਾਲ ਨਾ ਭੇਜਣ ਦੇ ਦੋਸ਼

ਮੁਹਾਲੀ ਕਰਿਆਣਾ ਐਸੋਸੀਏਸ਼ਨ ਨੇ ਲਗਾਏ ਬੈਸਟ ਪ੍ਰਾਈਜ ਕੰਪਨੀ ਤੇ ਬੁਕਿੰਗ ਤੋਂ ਬਾਅਦ ਮਾਲ ਨਾ ਭੇਜਣ ਦੇ ਦੋਸ਼
ਕੰਪਨੀ ਦੇ ਅਧਿਕਾਰੀ ਨੇ ਦੋਸ਼ਾਂ ਨੂੰ ਝੁਠਲਾਇਆ
ਐਸ ਏ ਐਸ ਨਗਰ, 20 ਨਵੰਬਰ (ਸ.ਬ.) ਮੁਹਾਲੀ ਕਰਿਆਣਾ ਐਸੋਸੀਏਸ਼ਨ ਨੇ ਬੈਸਟ ਪ੍ਰਾਈਜ ਮੋਡਰਨ ਬਿਜਨਸ ਉਪਰ ਦੋਸ਼ ਲਗਾਇਆ ਹੈ ਕਿ ਇਸ ਕੰਪਨੀ ਨੇ ਕਈ ਦੁਕਾਨਦਾਰਾਂ ਤੋਂ ਆਰਡਰ ਬੁੱਕ ਕਰਕੇ ਪੈਸੇ ਵੀ ਲੈ ਲਏ ਪਰ ਫਿਰ ਵੀ ਸਮਾਨ ਨਹੀਂ ਭੇਜਿਆ ਜਾ ਰਿਹਾ| ਦੂਜੇ ਪਾਸੇ ਕੰਪਨੀ ਦੇ ਅਧਿਕਾਰੀ ਨੇ ਅਜਿਹੇ ਦੋਸ਼ਾਂ ਦਾ ਖੰਡਨ ਕੀਤਾ ਹੈ|
ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੋਪਾਲ ਬਾਂਸਲ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਹਾਲੀ ਦੇ ਵੱਖ ਵੱਖ ਦੁਕਾਨਦਾਰ ਬੈਸਟ ਪ੍ਰਾਈਜ ਮੋਡਰਨ ਬਿਜਨਸ ਕੰਪਨੀ ਜੀਰਕਪੁਰ ਤੋਂ ਵੱਖ ਵੱਖ ਤਰਾਂ ਦਾ ਕਰਿਆਣੇ ਦਾ ਸਮਾਨ ਖਰੀਦਦੇ ਹਨ| ਅਨੇਕਾਂ ਹੀ ਦੁਕਾਨਦਾਰਾਂ ਨੇ ਵਨਸਪਤੀ ਤੇਲ, ਦਾਲਾਂ ਅਤੇ ਹੋਰ ਕਰਿਆਣੇ ਦੇ ਸਮਾਨ ਲਈ ਇਸ ਕੰਪਨੀ ਕੋਲ ਆਨ ਲਾਈਨ ਸਮਾਨ ਬੁੱਕ ਕਰਵਾਇਆ ਸੀ ਅਤੇ ਸਮਾਨ ਦੀ ਕੀਮਤ ਵੀ ਆਨ ਲਾਈਨ ਹੀ ਦੇ ਦਿਤੀ ਗਈ ਸੀ| ਇਸ ਕੰਪਨੀ ਨੇ ਆਰਡਰ ਮਿਲਣ ਅਤੇ ਪੇਂਮੈਂਟ ਦੀ ਰਸੀਦ ਵੀ ਦੁਕਾਨਦਾਰਾਂ ਨੂੰ ਭੇਜ ਦਿਤੀ ਸੀ ਪਰ ਹੁਣ ਇਸ ਕੰਪਨੀ ਵਲੋਂ ਦੁਕਾਨਦਾਰਾਂ ਨੂੰ ਸਮਾਨ ਭੇਜਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ, ਜਿਸ ਕਾਰਨ ਦੁਕਾਨਦਾਰ ਕਾਫੀ ਪ੍ਰੇਸ਼ਾਨ ਹੋ ਰਹੇ ਹਨ|
ਉਹਨਾਂ ਕਿਹਾ ਕਿ ਅਸਲ ਵਿਚ ਕਰਿਆਣੇ ਦੇ ਕਈ ਸਾਮਾਨ ਦਾ ਮੁੱਲ ਹਰ ਦਿਨ ਹੀ ਬਦਲਦਾ ਰਹਿੰਦਾ ਹੈ, ਇਸ ਕਾਰਨ ਹੀ ਕੰਪਨੀ ਪੁਰਾਣੇ ਰੇਟ ਉਪਰ ਬੁੱਕ ਕੀਤੇ ਆਰਡਰ ਦਾ ਸਮਾਨ ਨਹੀਂ ਭੇਜ ਰਹੀ| ਉਹਨਾਂ ਕਿਹਾ ਕਿ ਜੇ ਜਲਦੀ ਹੀ ਕੰਪਨੀ ਨੇ ਦੁਕਾਨਦਾਰਾਂ ਨੂੰ ਉਹਨਾਂ ਦਾ ਸਮਾਨ ਨਾ ਭੇਜਿਆ ਤਾਂ ਇਸ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ|
ਦੂਜੇ ਪਾਸੇ ਜਦੋਂ ਬੈਸਟ ਪ੍ਰਾਈਜ ਮਾਡਰਨ ਬਿਜਨਸ ਕੰਪਨੀ ਜੀਰਕਪੁਰ ਦੇ ਅਧਿਕਾਰੀ ਰਾਧੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਕਿਸੇ ਵੀ ਦੁਕਾਨਦਾਰ ਨੇ ਸਮਾਨ ਨਾ ਮਿਲਣ ਸਬੰਧੀ ਅਜੇ ਤੱਕ ਉਹਨਾਂ ਨਾਲ ਕੋਈ ਗੱਲਬਾਤ ਹੀ ਨਹੀਂ ਕੀਤੀ| ਉਹਨਾਂ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਬਾਹਰ ਹਨ ਅਤੇ ਇਸ ਮਾਮਲੇ ਸਬੰਧੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਕੁਝ ਕਹਿਣਗੇ|

Leave a Reply

Your email address will not be published. Required fields are marked *