ਮੁਹਾਲੀ ਕਲੱਬ ਦੀ ਲੇਬਰ ਦੀਆਂ ਨਜਾਇਜ ਝੁੱਗੀਆਂ ਹਟਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 22 ਜੂਨ (ਸ.ਬ.) ਸਥਾਨਕ ਫੇਜ-11 ਵਿੱਚ ਸਥਿਤ ਮੁਹਾਲੀ ਕਲੱਬ ਦੇ ਮਾਲਕਾਂ ਵੱਲੋਂ ਆਪਣੀ ਲੇਬਰ ਲਈ ਗਮਾਡਾ ਦੇ ਵਲੋਂ ਕੱਟੇ ਗਏ ਪਲਾਟਾਂ ਉਪਰ 100 ਤੋਂ ਵੱਧ ਬਣਾਈਆਂ ਗਈਆਂ ਝੁੱਗੀਆਂ ਹਟਾਉਣ ਦਾ ਕੰਮ ਪੁਲੀਸ ਦੀ ਮੌਜੂਦਗੀ ਵਿੱਚ ਸ਼ੁਰੂ ਕੀਤਾ ਗਿਆ ਪਰ ਕੁਝ ਸਮੇਂ ਬਾਅਦ ਹੀ ਗਮਾਡਾ ਦੇ ਕਿਸੇ ਅਧਿਕਾਰੀ ਦਾ ਫੋਨ ਆਉਣ ਤੋਂ ਬਾਅਦ ਪੁਲੀਸ ਵਲੋਂ ਇਸ ਕਾਰਵਾਈ ਨੂੰ ਰੋਕ ਦਿਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਗਤ ਪੂਰਨ ਸਿੰਘ ਵਾਤਾਰਵਰਨ ਸੰਭਾਲ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਲਈ ਇਹ ਲੇਬਰ ਭਾਰੀ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ, ਕਿਉਂਕਿ ਸੈਂਕੜੇ ਵਿਅਕਤੀ ਹਰ ਰੋਜ ਖੁੱਲ੍ਹੇ ਵਿੱਚ ਟੁਆਲਿਟ ਜਾਂਦੇ ਹਨ ਅਤੇ ਆਪਣਾ ਖਾਣਾ ਲੱਕੜੀਆਂ ਜਲਾ ਕੇ ਬਣਾਉਂਦੇ ਹਨ| ਜਿਸ ਕਰਕੇ ਮੁਹੱਲਾ ਨਿਵਾਸੀਆਂ ਦਾ ਰਹਿਣਾ ਬੜਾ ਮੁਸ਼ਕਿਲ ਹੋਇਆ ਪਿਆ ਹੈ| ਉਹਨਾਂ ਕਿਹਾ ਕਿ ਮੁਹੱਲਾ ਨਿਵਾਸੀਆਂ ਵੱਲੋਂ ਗਮਾਡਾ ਤੱਕ ਪਹੁੰਚ ਕਰਕੇ ਅੱਜ ਇਹ ਝੁਗੀਆਂ ਹਟਾਉਣ ਦਾ ਕੰਮ ਪੁਲੀਸ ਦੀ ਨਿਗਰਾਨੀ ਹੇਠ ਸ਼ੁਰੂ ਕਰ ਦਿੱਤਾ ਸੀ| ਜਦੋਂ ਕੰਮ ਜੋਰ-ਸੋਰ ਨਾਲ ਚੱਲ ਰਿਹਾ ਸੀ ਤਾਂ ਕਿਸੇ ਗਮਾਡਾ ਅਧਿਕਾਰੀ ਦਾ ਫੋਨ ਪੁਲੀਸ ਇੰਸਪੈਕਟਰ ਕੋਲ ਆਇਆ ਕਿ ਇਹ ਕੰਮ ਦੋ ਦਿਨ ਲਈ ਰੋਕ ਦਿੱਤਾ ਜਾਵੇ, ਪਰ ਇਸ ਗੱਲ ਨਾਲ ਮੁਹੱਲਾ ਨਿਵਾਸੀ ਸਹਿਮਤ ਨਹੀਂ ਸਨ|
ਉਹਨਾਂ ਕਿਹਾ ਕਿ ਜੇ ਆਉਣ ਵਾਲੇ ਦੋ ਚਾਰ ਦਿਨਾਂ ਵਿੱਚ ਇਹ ਨਜਾਇਜ਼ ਉਸਾਰੀਆਂ ਨਾ ਚੁੱਕੀਆ ਗਈਆਂ ਤਾਂ ਮੁਹੱਲਾ ਨਿਵਾਸੀ ਗਮਾਡਾ ਦਫਤਰ ਦੇ ਅੱਗੇ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ| ਇਸ ਮੌਕੇ ਮੁਹੱਲਾ ਨਿਵਾਸੀ ਵਿੰਗ ਕਮਾਂਡਰ ਰਾਮਵੀਰ ਯਾਦਵ, ਡਾ.ਸੁਨੀਲ ਆਹੁਜਾ, ਵਿੰਗ ਕਮਾਂਡਰ ਐਮ.ਸ਼ਰਮਾਂ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਜਗਦੇਵ ਸਿੰਘ ਬੇਦੀ, ਹੰਸਰਾਜ, ਅਮੀਚੰਦ ਸੈਣੀ, ਸੁਸਾਇਟੀ ਮੈਂਬਰ ਹਰਮੀਤ ਸਿੰਘ ਗਿੱਲ, ਬਲਬੀਰ ਸਿੰਘ, ਸੁਰਿੰਦਰ ਸਿੰਘ ਅਤੇ ਬਲਬੀਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *