ਮੁਹਾਲੀ-ਖਰੜ ਸੜਕ ਦੀ ਹਾਲਤ ਖਰਾਬ ਹੋਣ ਕਾਰਨ ਵਾਹਨ ਚਾਲਕ ਹੁੰਦੇ ਹਨ ਪ੍ਰੇਸ਼ਾਨ

ਐਸ ਏ ਐਸ ਨਗਰ, 8 ਅਕਤੂਬਰ (ਆਰ ਪੀ ਵਾਲੀਆ) ਸਥਾਨਕ ਫੇਜ਼-6 ਵਿੱਚ ਸਥਿਤ ਅੰਤਰਰਾਜੀ ਬੱਸ ਅੱਡੇ ਦੀ ਦੀਵਾਰ ਦੇ ਨਾਲ ਨਾਲ ਮੁਹਾਲੀ ਤੋਂ ਖਰੜ ਵੱਲ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਖਰਾਬ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| 
ਇਸ ਸੜਕ ਦਾ ਦੌਰਾ ਕਰਕੇ                      ਵੇਖਿਆ ਕਿ ਇਸ ਸੜਕ ਵਿਚ ਥਾਂ ਥਾਂ ਟੋਏ ਪਏ ਹੋਏ ਹਨ, ਜਿਹਨਾਂ ਵਿਚ ਬਰਸਾਤ ਵੇਲੇ ਪਾਣੀ ਭਰ ਜਾਂਦਾ ਹੈ, ਪਾਣੀ ਭਰਨ ਕਾਰਨ ਟੋਏ ਨਜਰ ਨਹੀਂ ਆਉਂਦੇ, ਜਦੋਂ ਕਿਸੇ ਵਾਹਨ ਦਾ ਟਾਇਰ ਇਹਨਾਂ ਟੋਇਆਂ ਵਿਚ ਪੈਂਦਾ ਹੈ ਤਾਂ ਵਾਹਨ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਅਕਸਰ ਹਾਦਸੇ ਵਾਪਰ ਜਾਂਦੇ ਹਨ| ਇਸ ਤੋਂ ਇਲਾਵਾ ਇਹ ਸੜਕ ਥਾਂ ਥਾਂ ਤੋਂ ਟੁੱਟੀ ਹੋਣ ਕਾਰਨ ਵੀ ਅਕਸਰ ਹਾਦਸੇ ਵਾਪਰ ਜਾਂਦੇ ਹਨ| 
ਇਸ ਮੌਕੇ ਅਰੁਣ ਕੁਮਾਰ ਵਾਸੀ ਮੁਹਾਲੀ ਨੇ ਦਸਿਆ ਕਿ ਇਸ ਸੜਕ ਦੀ ਹਾਲਤ ਕਾਫੀ ਲੰਮੇ ਸਮੇਂ ਤੋਂ ਖਰਾਬ ਹੈ, ਪਰ ਇਸ ਸੜਕ ਦੀ ਅਜੇ ਤਕ ਮੁਰੰਮਤ ਨਹੀਂ ਕੀਤੀ ਗਈ, ਜਿਸ ਕਾਰਨ ਇਸ ਸੜਕ ਦੀ ਹਾਲਤ ਦਿਨੋਂ ਦਿਨ ਹੋਰ ਖਰਾਬ ਹੋ ਰਹੀ ਹੈ| ਉਹਨਾਂ ਕਿਹਾ ਕਿ ਇਸ ਸੜਕ ਤੇ ਅਨੇਕਾਂ ਹਾਦਸੇ ਵਾਪਰ ਚੁਕੇ ਹਨ ਪਰ ਫਿਰ ਵੀ ਇਸ ਸੜਕ ਦੀ ਹਾਲਤ ਵਿਚ ਸੁਧਾਰ ਕਰਨ ਲਈ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ| 
ਇਸ ਮੌਕੇ ਸ੍ਰੀ ਅਮਿਤ ਭਾਮਾ ਵਾਸੀ ਖਰੜ ਨੇ ਦਸਿਆ ਕਿ ਉਹ ਹਰ ਰੋਜ ਖਰੜ ਤੋਂ ਇਸ ਸੜਕ ਰਾਹੀਂ ਮੁਹਾਲੀ ਆਪਣੀ ਦੁਕਾਨ ਉਪਰ ਆਉਂਦੇ ਜਾਂਦੇ ਹਨ, ਪਰ ਇਸ ਸੜਕ ਦੀ ਹਾਲਤ ਬਹੁਤ ਖਰਾਬ ਹੋਣ ਕਾਰਨ ਉਹਨਾਂ ਨੂੰ ਅਤੇ ਹੋਰ ਵਾਹਨ ਚਾਲਕਾਂ ਨੂੰ ਅਨੇਕਾਂ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ| ਉਹਨਾਂ ਕਿਹਾ ਕਿ ਇਸ ਸੜਕ ਦੀ ਮਾੜੀ ਹਾਲਤ, ਥਾਂ ਥਾਂ ਪਏ ਟੋਇਆ ਕਾਰਨ ਵਾਹਨਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਰਹਿੰਦਾ ਹੈ ਅਤੇ ਅਕਸਰ ਵਾਹਨ ਜਾਂ ਤਾਂ ਪੈਂਚਰ ਹੋ ਜਾਂਦੇ ਹਨ ਜਾਂ ਫਿਰ ਕੋਈ ਹਾਦਸਾ ਵਾਪਰ ਜਾਂਦਾ ਹੈ|  ਉਹਨਾਂ ਮੰਗ ਕੀਤੀ ਕਿ ਇਸ ਸੜਕ ਦੀ ਹਾਲਤ ਜਲਦੀ ਤੋਂ ਜਲਦੀ ਸੁਧਾਂਰੀ ਜਾਵੇ ਅਤੇ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ| 

Leave a Reply

Your email address will not be published. Required fields are marked *