ਮੁਹਾਲੀ ਡੀ. ਜੇ ਸਾਊਂਡ ਭੰਗੜਾ ਐਸੋਸੀਏਸ਼ਨ ਦੇ ਮੈਂਬਰਾਂ ਨੇ ਦਿੱਲੀ ਬਾਰਡਰ ਪਹੁੰਚ ਕੇ ਦਿੱਤਾ ਕਿਸਾਨ ਮੋਰਚੇ ਦਾ ਸਮਰਥਨ
ਖਰੜ 29 ਦਸੰਬਰ (ਸ਼ਮਿੰਦਰ ਸਿੰਘ ) ਡੀ. ਜੇ ਸਾਊਂਡ ਐਂਡ ਭੰਗੜਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਸਮੇਤ ਮੈਂਬਰ ਸਾਹਿਬਾਨਾਂ ਵਲੋਂ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ਤੇ ਚੱਲ ਰਹੇ ਕਿਸਾਨ ਮੋਰਚੇ ਵਿਖੇ ਪਹੁੰਚ ਕੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਵਲੋਂ ਕਿਸਾਨਾਂ ਦੇ ਹਮਾਇਤ ਦਾ ਐਲਾਨ ਕਰਦੇ ਹੋਏ ਪਾਣੀ ਦੀਆਂ ਪੰਜ ਸੌ ਪੇਟੀਆਂ ਦੀ ਸੇਵਾ ਕੀਤੀ ਗਈ।
ਮੁਹਾਲੀ ਡੀ.ਜੇ ਸਾਊਂਡ ਐਂਡ ਭੰਗੜਾ ਐਸੋਸੀਏਸ਼ਨ ਦੇ ਪ੍ਰਧਾਨ ਅਮਿ੍ਰਤ ਜੌਲੀ ਨੇ ਕਿਹਾ ਕਿ ਕੇਂਦਰ ਸਰਕਾਰ ਲਈ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਉਹਨਾਂ ਦੇ ਖੇਤੀ ਨਾਲ ਸਬੰਧਿਤ ਬਣਾਏ ਕਾਲੇ ਕਾਨੂੰਨਾਂ ਕਾਰਨ ਦਸੰਬਰ ਦੇ ਮਹੀਨੇ ਠੰਡ ਦੇ ਮੌਸਮ ਵਿੱਚ ਦੇਸ਼ ਦਾ ਅੰਨਦਾਤਾ ਸੜਕਾਂ ਤੇ ਸੌਣ ਲਈ ਮਜਬੂਰ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਦੇਸ਼ ਦੇ ਕਿਸਾਨਾਂ ਦਾ ਭਵਿੱਖ ਖਤਰੇ ਵਿੱਚ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰ ਦੇ ਨਜ਼ਰੀਏ ਵਿੱਚ ਇਹ ਕਾਨੂੰਨ ਕਿਸਾਨ ਹਿਤੈਸ਼ੀ ਹੋਣ ਪਰੰਤੂ ਜਦੋਂ ਦੇਸ਼ ਦਾ ਕਿਸਾਨ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ ਤਾਂ ਸਰਕਾਰ ਨੂੰ ਬਿਨਾਂ ਸਮਾਂ ਗਵਾਏ ਇਹਨਾਂ ਕਾਨੂੰਨਾਂ ਨੂੰ ਵਾਪਿਸ ਲੈ ਲੈਣਾ ਚਾਹੀਦਾ ਹੈ ਤਾਂ ਕਿ ਸੜਕਾਂ ਤੇ ਬੈਠੇ ਇਹ ਕਿਸਾਨ ਆਪੋ ਆਪਣੇ ਘਰਾਂ ਨੂੰ ਪਰਤ ਸਕਣ।
ਉਹਨਾਂ ਕਿਹਾ ਕਿ ਇਲੈਕਟ੍ਰਾਨਿਕ ਮੀਡੀਆ ਦੇ ਜਿਆਦਾਤਰ ਚੈਨਲ ਇਸ ਅੰਦੋਲਨ ਨੂੰ ਬਦਨਾਮ ਕਰਨ ਤੇ ਤੁਲੇ ਹੋਏ ਹਨ ਜਦੋਂਕਿ ਇਸ ਮੀਡੀਆ ਨੂੰ ਕਿਸਾਨਾਂ ਦੀ ਆਵਾਜ਼ ਬਣਨਾ ਚਾਹੀਦਾ ਸੀ ਅਤੇ ਸਰਕਾਰ ਤੋਂ ਸਵਾਲ ਕਰਨਾ ਚਾਹੀਦਾ ਸੀ। ਉਹਨਾਂ ਕਿਹਾ ਕਿ ਲੋਕਾਂ ਵਲੋਂ ਦਿਖਾਏ ਗਏ ਏਕੇ ਅਤੇ ਭਾਈਚਾਰੇ ਨੇ ਸਾਰਿਆਂ ਦੀਆਂ ਅੱਖਾਂ ਖੋਲ ਦਿੱਤੀਆਂ ਹਨ। ਇਸ ਮੌਕੇ ਮਨੀ ਸਿੰਘ, ਵਰਿੰਦਰ ਵਿੱਕੀ ਅਤੇ ਲੱਕੀ ਕੰਬੋਜ (ਸਾਰੇ ਪੰਜਾਬੀ ਗਾਇਕ), ਮਿੰਟੂ ਦਰਦੀ ਮੀਤ ਪ੍ਰਧਾਨ, ਜੱਸੀ ਰਾਮਗੜੀਆ, ਜੱਸੀ ਜਸਮੀਰ, ਮਨੂੰ ਵਸਨ, ਅਮਨ ਜੰਡੂ, ਪਿ੍ਰੰਸ ਘੁੰਮਣ, ਬਾਈ ਰਾਜਾ, ਰਾਹੁਲ ਵਰਮਾ, ਸੋਨੂੰ, ਮੋਨੀ, ਪਿ੍ਰੰਸ ਬਨੂੜ ਸਮੇਤ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।