ਮੁਹਾਲੀ ਤੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਾਸਤੇ ਹਵਾਈ ਉਡਾਣ ਸੇਵਾ ਆਰੰਭ

ਮੁਹਾਲੀ ਤੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਾਸਤੇ ਹਵਾਈ ਉਡਾਣ ਸੇਵਾ ਆਰੰਭ
ਹਜੂਰ ਸਾਹਿਬ ਨੂੰ ਸਿੱਧੀ ਉੜਾਨ ਨਾਲ ਸ਼ਰਧਾਲੂਆਂ ਨੂੰ ਮਿਲੇਗੀ ਵੱਡੀ ਸਹੂਲੀਅਤ : ਚੰਦੂਮਾਜਰਾ
ਐਸ ਏ ਐਸ ਨਗਰ, 8 ਜਨਵਰੀ (ਸ.ਬ.) ਮੁਹਾਲੀ ਤੋਂ ਸ੍ਰੀ ਹਜੂਰ ਸਾਹਿਬ (ਨੰਦੇੜ) ਲਈ ਆਰੰਭ ਕੀਤੀ ਗਈ ਹਵਾਈ ਸੇਵਾ ਦੀ ਪਹਿਲੀ ਉਡਾਣ ਲਈ ਅੱਜ ਹਜੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਸ੍ਰੀ ਹਜੂਰ ਸਾਹਿਬ ਨੰਦੇੜ ਡੇਢ ਸੌ ਤੋਂ ਵੱਧ ਸ਼ਰਧਾਲੂਆਂ ਦਾ ਜੱਥਾ ਇਸ ਪਹਿਲੀ ਉੜਾਨ ਰਾਂਹੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ| ਇਹ ਉੜਾਨ ਅੱਜ ਸਵੇਰੇ ਸਵਾ ਨੌ ਵਜੇ ਦੇ ਕਰੀਬ ਰਵਾਨਾ ਹੋਈ|
ਇਸ ਹਵਾਈ ਉੜਾਨ ਤੋਂ ਪਹਿਲਾਂ ਮੁਹਾਲੀ ਏਅਰਪੋਰਟ ਉਪਰ ਪੰਜ ਪਿਆਰਿਆਂ ਵਲੋਂ ਅਰਦਾਸ ਕੀਤੀ ਗਈ, ਫਿਰ ਕੀਰਤਨ ਕੀਤਾ ਗਿਆ| ਇਸ ਉਪਰੰਤ ਕੇਕ ਵੀ ਕੱਟਿਆ ਗਿਆ ਅਤੇ ਬੈਂਡ ਵਾਜਿਆਂ ਨਾਲ ਇਸ ਫਲਾਈਟ ਨੂੰ ਰਵਾਨਾ ਕੀਤਾ ਗਿਆ| ਇਸ ਫਲਾਇਟ ਦੇ ਨੰਦੇੜ ਪਹੁੰਚਣ ਤੇ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਯਾਤਰੀਆਂ ਦਾ ਬਂੈਡ ਵਾਜਿਆਂ ਨਾਲ ਸਵਾਗਤ ਕੀਤਾ ਗਿਆ| ਇਹ ਜੱਥਾ ਭਲਕੇ ਨੰਦੇੜ ਤੋਂ ਆਉਣ ਵਾਲੀ ਉੜਾਨ ਰਾਂਹੀ ਵਾਪਸ ਮੁਹਾਲੀ ਪਰਤੇਗਾ|
ਮੁਹਾਲੀ ਤੋਂ ਸ੍ਰੀ ਹਜੂਰ ਸਾਹਿਬ ਲਈ ਸ਼ੁਰੂ ਹੋਈ ਹਵਾਈ ਸੇਵਾ ਦੀ ਪਹਿਲੀ ਉਡਾਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਵਲੋਂ ਪਿਛਲੇ ਚਾਰ ਸਾਲ ਤੋਂ ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਤੋਂ ਨੰਦੇੜ ਸਾਹਿਬ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜੋ ਵਾਹਿਗੁਰੂ ਦੀ ਬਖਸ਼ਿਸ਼ ਨਾਲ ਅੱਜ ਪੂਰੀ ਹੋ ਗਈ ਹੈ| ਉਹਨਾਂ ਕਿਹਾ ਕਿ ਹਾਲਾਂਕਿ ਕੁਝ ਸਮਾਂ ਪਹਿਲਾਂ ਕੇਦਰੀ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਚੰਡੀਗੜ੍ਹ ਤੋਂ ਨੰਦੇੜ ਲਈ ਸਿੱਧੀ ਉਡਾਣ ਦੀ ਮਨਜ਼ੂਰੀ ਦੇ ਦਿਤੀ ਗਈ ਸੀ, ਪ੍ਰੰਤੂ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਸੇਵਾ ਸ਼ੁਰੂ ਨਹੀਂ ਹੋ ਸਕੀ ਸੀ ਅਤੇ ਲੰਬੀ ਉਡੀਕ ਤੋਂ ਬਾਅਦ ਗੁਰੂ ਜੀ ਦੀ ਅਥਾਹ ਕ੍ਰਿਪਾ ਸਦਕਾ ਅੱਜ ਪਹਿਲੀ ਉਡਾਣ ਸਮੂਹ ਸਿੱਖਾਂ ਸੰਗਤਾਂ ਸਮੇਤ ਜਾ ਰਹੀ ਹੈ|
ਉਨ੍ਹਾਂ ਕਿਹਾ ਕਿ ਇਸ ਹਵਾਈ ਸੇਵਾ ਨੂੰ ਸ਼ੁਰੂ ਕਰਵਾਉਣ ਲਈ ਪਹਿਲਾਂ ਲੋਕ ਸਭਾ ਅੰਦਰ ਬਾਰ-ਬਾਰ ਮੰਗ ਉਠਾਉਣ ਤੋਂ ਬਾਅਦ ਨੰਦੇੜ ਸਾਹਿਬ ਦਾ ਬੰਦ ਪਿਆ ਹਵਾਈ ਅੱਡਾ ਸ਼ੁਰੂ ਕਰਵਾ ਕੇ ਮੁਹਾਲੀ- ਚੰਡੀਗੜ੍ਹ ਤੋਂ ਨੰਦੇੜ ਸਾਹਿਬ ਲਈ ਉਡਾਣ ਸ਼ੁਰੂ ਕਰਨ ਦਾ ਰਾਹ ਪੱਧਰਾ ਕੀਤਾ ਗਿਆ| ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਨੰਦੇੜ ਸਾਹਿਬ ਦਾ ਹਵਾਈ ਅੱਡਾ ਸ਼ੁਰੂ ਹੋਣ ਨਾਲ ਹੀ ਅੰਮ੍ਰਿਤਸਰ ਅਤੇ ਮੁੰਬਈ ਤੋਂ ਨੰਦੇੜ ਸਾਹਿਬ ਲਈ ਹਵਾਈ ਸੇਵਾ ਪਹਿਲਾਂ ਹੀ ਆਰੰਭ ਹੋ ਚੁੱਕੀ ਹੈ| ਉਹਨਾਂ ਕਿਹਾ ਕਿ ਪਹਿਲਾਂ ਸ੍ਰੀ ਸੁਰੇਸ਼ ਪ੍ਰਭੂ ਰੇਲ ਮੰਤਰੀ ਸਨ ਤਾਂ ਉਹਨਾਂ ਨੇ ਅਨੇਕਾਂ ਹੀ ਗੁਰਧਾਮਾਂ ਲਈ ਰੇਲ ਗੱਡੀਆਂ ਵੀ ਸ਼ੁਰੂ ਕੀਤੀਆਂ ਸਨ ਅਤੇ ਹੁਣ ਮੁਹਾਲੀ ਤੋਂ ਸ੍ਰੀ ਹਜੂਰ ਸਾਹਿਬ ਲਈ ਸਿੱਧੀ ਹਵਾਈ ਉਡਾਣ ਸ਼ੁਰੂ ਕਰਕੇ ਉਹਨਾਂ ਨੇ ਸਿੱਖਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ|
ਅੱਜ ਹਵਾਈ ਉੜਾਨ ਸ਼ੁਰੂ ਹੋਣ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਗਰੇਵਾਲ, ਜਥੇਦਾਰ ਤੋਤਾ ਸਿੰਘ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਅਮਰਜੀਤ ਸਿੰਘ ਚਾਵਲਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਲਜੀਤ ਸਿੰਘ ਕੁੰਬੜਾ, ਯੂਥ ਅਕਾਲੀ ਦਲ ਦੇ ਜਿਲਾ ਸ਼ਹਿਰੀ ਪ੍ਰਧਾਨ ਸ੍ਰ.ਹਰਮਨਪ੍ਰੀਤ ਪ੍ਰਿੰਸ, ਮਹਿਲਾ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਿੱਲ, ਜਸਬੀਰ ਬਘੌਰਾ, ਪ੍ਰੋ ਚੰਦੂਮਾਜਰਾ ਦੇ ਓ.ਐਸ.ਡੀ.ਹਰਦੇਵ ਹਰਪਾਲਪੁਰ, ਗੁਰਮੀਤ ਸਿੰਘ, ਮਨਜੀਤ ਮੁੱਦੋ ਅਤੇ ਹੋਰ ਸ਼ਰਧਾਲੂ ਸ਼ਾਮਿਲ ਸਨ|

Leave a Reply

Your email address will not be published. Required fields are marked *