ਮੁਹਾਲੀ ਦੇ ਐਸ.ਡੀ.ਐਮ ਅਤੇ ਯੂ.ਟੀ. ਦੇ ਸਹਾਇਕ ਕਮਿਸ਼ਨਰ ਨੇ ਜਿੱਤੀ ਕੋਵਿਡ ਵਿਰੁੱਧ ਜੰਗ

ਮੁਹਾਲੀ ਦੇ ਐਸ.ਡੀ.ਐਮ ਅਤੇ ਯੂ.ਟੀ. ਦੇ ਸਹਾਇਕ ਕਮਿਸ਼ਨਰ ਨੇ ਜਿੱਤੀ ਕੋਵਿਡ ਵਿਰੁੱਧ ਜੰਗ
ਐਸ.ਏ.ਐਸ.ਨਗਰ, 28 ਜੁਲਾਈ (ਸ.ਬ.) ਮੁਹਾਲੀ ਦੇ ਸਬ-ਡਵੀਜ਼ਨਲ ਮੈਜਿਸਟਰੇਟ ਸ੍ਰੀ ਜਗਦੀਪ ਸਹਿਗਲ ਅਤੇ ਸਹਾਇਕ ਕਮਿਸ਼ਨਰ ਅੰਡਰਟ੍ਰੇਨਿੰਗ (ਈਏਸੀ-ਯੂਟੀ) ਦੀਪਾਂਕਰ ਗਰਗ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ ਅਤੇ ਉਹਨਾਂ ਨੇ ਮੁੜ ਆਪਣੇ ਦਫ਼ਤਰ ਜੁਆਇੰਨ ਕਰ ਲਏ ਹਨ|
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਦੋਵੇਂ ਅਧਿਕਾਰੀ, ਦੋ ਹਫ਼ਤੇ ਪਹਿਲਾਂ ਕੋਵਿਡ ਪਾਜ਼ੇਟਿਵ ਪਾਏ ਗਏ ਸਨ ਅਤੇ ਹੁਣ ਉਹ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ| ਉਨ੍ਹਾਂ ਕਿਹਾ ਕਿ ਦੋਵੇਂ ਅਧਿਕਾਰੀ ਨੋਵਲ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਵਿੱਚ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲਾਂ ਦੀ ਸਾਵਧਾਨੀ ਨਾਲ ਪਾਲਣ ਕਰਦਿਆਂ ਜੇਤੂ ਰਹੇ ਹਨ|
ਸ੍ਰੀ ਦਿਆਲਨ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸੂਬਾ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਵਿਸਥਾਰਤ ਪ੍ਰੋਗਰਾਮ ਉਲੀਕਿਆ ਹੈ| ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ ਅਤੇ ਕਿਸੇ ਵੀ ਪ੍ਰੇਸ਼ਾਨੀ ਨਾਲ ਨਜਿੱਠਣ ਲਈ ਸਿਹਤ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ|
ਸਖ਼ਤ ਘਰੇਲੂ ਇਕਾਂਤਵਾਸ ਅਤੇ ਡਾਕਟਰਾਂ ਦੀ ਸਲਾਹ ਦੀ ਪਾਲਣਾ ਕੀਤੀ : ਦੀਪਾਂਕਰ
ਸਹਾਇਕ ਕਮਿਸ਼ਨਰ ਅੰਡਰਟੇਨਿੰਗ (ਈਏਸੀ-ਯੂਟੀ) ਸ੍ਰੀ ਦੀਪਾਂਕਰ ਗਰਗ ਨੇ ਕਿਹਾ ਕਿ ਟੈਸਟ ਪਾਜ਼ੇਟਿਵ ਆਉਣ ਤੇ ਉਨ੍ਹਾਂ ਸਖ਼ਤ ਘਰੇਲੂ ਇਕਾਂਤਵਾਸ ਦਾ ਪਾਲਣ ਕੀਤਾ ਅਤੇ ਡਾਕਟਰਾਂ ਦੀ ਸਲਾਹ ਤੇ ਅਮਲ ਕੀਤਾ| ਉਹਨਾਂ ਕਿਹਾ ਕਿ ਇਕਾਂਤਵਾਸ ਸਮੇਂ ਦੌਰਾਨ ਉਹ ਕਿਤਾਬਾਂ ਪੜ੍ਹਦੇ ਸਨ ਅਤੇ ਆਪਣੇ ਉਹਨਾਂ ਦੋਸਤਾਂ ਨਾਲ ਗੱਲ ਕਰਦੇ ਸਨ, ਜਿਨ੍ਹਾਂ ਨਾਲ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ ਸਮੇਂ ਉਹਨਾਂ ਦਾ ਸੰਪਰਕ ਟੁੱਟ ਗਿਆ ਸੀ|
ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਸਮੇਂ ਸਮੇਂ ਤੇ ਕੋਰੋਨਾ ਵਾਇਰਸ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਸ੍ਰੀ ਦੀਪਾਂਕਰ ਨੇ ਕਿਹਾ ਕਿ ਉਹ ਇਸ ਮੁਸ਼ਕਲ ਸਮੇਂ ਦੌਰਾਨ ਦੁਬਾਰਾ ਕੰਮ ਜੁਆਇੰਨ ਕਰਨ ਅਤੇ ਸੇਵਾ ਨਿਭਾਉਣ ਦੇ ਮੌਕੇ ਲਈ ਉਹ ਖ਼ੁਸ਼ ਹਨ|

ਮਾਪਿਆਂ ਅਤੇ ਸਟਾਫ ਵਿੱਚ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਸਖ਼ਤ ਇਕਾਂਤਵਾਸ ਵਿੱਚ ਰਿਹਾ: ਐਸ.ਡੀ.ਐਮ.
ਇਸ ਦੌਰਾਨ ਐਸ ਡੀ ਐਮ ਜਗਦੀਪ ਸਹਿਗਲ ਨੇ ਕੋਵਿਡ ਪਾਜ਼ੇਟਿਵ ਆਉਣ ਤੋਂ ਬਾਅਦ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਜਨਤਾ ਨੂੰ ਮਿਲਣਾ ਸਾਡੇ ਪੇਸ਼ੇ ਦਾ ਹਿੱਸਾ ਹੈ ਅਤੇ ਇਸ ਲਈ ਹਰ ਸਮੇਂ ਜੋਖ਼ਮ ਬਣਿਆ ਰਹਿੰਦਾ ਹੈ ਪਰ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਉਹਨਾਂ ਨੇ ਆਪਣੇ ਸਟਾਫ਼ ਅਤੇ ਬੁੱਢੇ ਮਾਪਿਆਂ ਦਰਮਿਆਨ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਸਮੇਂ ਸਿਰ ਖੁਦ ਨੂੰਇਕਾਂਤਵਾਸ ਕਰ ਲਿਆ| ਉਹਨਾਂ ਕਿਹਾ ਕਿ ਇਕਾਂਤਵਾਸ ਸਮੇਂ ਦੌਰਾਨ ਉਹਨਾਂ ਸਿਹਤ ਪ੍ਰੋਟੋਕੋਲਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਅਤੇ ਵਾਇਰਸ ਤੋਂ ਸਿਹਤਯਾਬ ਹੋ ਗਏ|
ਉਹਨਾਂ ਕਿਹਾ ਕਿ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਵੈ-ਅਨੁਸ਼ਾਸਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ| ਉਹਨਾਂ ਕਿਹਾ ਕਿ ਉਹ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਲਈ ਪੌਸ਼ਟਿਕ ਆਹਾਰ ਲੈਂਦੇ ਸਨ ਅਤੇ ਆਪਣੇ ਵਿਚਾਰਾਂ ਵਿੱਚ ਸਕਾਰਾਤਮਕਤਾ ਬਣਾਈ ਰੱਖਦੇ ਸਨ|

Leave a Reply

Your email address will not be published. Required fields are marked *