ਮੁਹਾਲੀ ਦੇ ਨੌਜਵਾਨ ਦਾ ਅਮਰੀਕਾ ਦੇ ਸੈਕਰਾਮੈਂਟੋ ਵਿੱਚ ਗੋਲੀਆਂ ਮਾਰ ਕੇ ਕਤਲ

ਗੈਸ ਸਟੇਸ਼ਨ ਤੇ ਕੰਮ ਕਰਦੇ ਨੌਜਵਾਨ ਨੂੰ ਅਣਪਛਾਤੇ ਹਮਲਾਵਾਰਾਂ ਨੇ ਗੋਲੀਆਂ ਮਾਰੀਆਂ
ਐਸ. ਏ. ਐਸ. ਨਗਰ, 28 ਜੁਲਾਈ (ਸ.ਬ.) ਮੁਹਾਲੀ ਦੇ ਸੈਕਟਰ 70 ਦੇ ਵਸਨੀਕ ਨੌਜਵਾਨ ਸਿਮਰਨਜੀਤ ਸਿੰਘ ( ਉਮਰ 20 ਸਾਲ ) ਦਾ ਬੀਤੇ ਦਿਨੀਂ ਅਮਰੀਕਾ ਦੇ ਸੈਕਰਾਮੈਂਟੋ ਵਿਖੇ ਅਣਪਛਾਤੇ ਹਮਲਾਵਾਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ|  ਸਿਮਰਨਜੀਤ ਸਿੰਘ ਦੇ ਪਿਤਾ ਸ੍ਰ. ਰਣਜੀਤ ਸਿੰਘ ਭੰਗੂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਿਟਾਇਰ ਅਧਿਕਾਰੀ ਹਨ ਅਤੇ ਸਿਮਰਨਜੀਤ ਸਿੰਘ ਦੇ ਕਤਲ ਦੀ ਖਬਰ ਆਉਣ ਤੇ ਸਿੱਖਿਆ ਬੋਰਡ ਕਰਮਚਾਰੀਆਂ ਅਤੇ ਅਧਿਕਾਰੀਆਂ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸਿਮਰਨਜੀਤ ਸਿੰਘ ਪਿਛਲੇ ਸਾਲ ਹੀ ਆਪਣੀ ਵੱਡੀ ਭੈਣ (ਜੋ ਸੈਕਰਾਮੈਂਟੋ ਵਿਖੇ ਰਹਿੰਦੀ ਹੈ) ਦੇ ਕੋਲ ਗਿਆ ਸੀ ਅਤੇ ਉਥੇ ਦੱਖਣੀ ਸੈਕਰਾਮੈਟੋਂ ਵਿੱਚ ਸਥਿਤ ਚੈਵਗਨ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ | 26 ਜੁਲਾਈ ਦੀ ਰਾਤ ਨੂੰ 11 ਵਜੇ ਦੇ ਕਰੀਬ ਗੈਸ ਸਟੇਸ਼ਨ ਤੇ ਬਣੀ ਦੁਕਾਨ (ਜਿਸ ਵਿੱਚ ਸਿਮਰਨਜੀਤ ਸਮੇਤ ਤਿੰਨ ਵਿਅਕਤੀ ਮੌਜੂਦ ਸਨ) ਤੋਂ ਕੁਝ ਸਾਮਾਨ ਖਰੀਦਿਆਂ ਅਤੇ ਪੈਸੇ ਦੇ ਕੇ ਬਾਹਰ ਜਾ ਕੇ ਪਾਰਕਿੰਗ ਵਿੱਚ ਖੜ੍ਹ ਗਏ ਸਨ| ਇਸ ਦੌਰਾਨ ਉਹਨਾਂ ਨੂੰ ਉਥੇ ਖੜ੍ਹ ਕੇ ਸ਼ਰਾਬ ਪੀਣ ਤੋਂ ਰੋਕਣ ਲਈ ਉਹਨਾਂ ਕੋਲ ਗਏ ਇੱਕ ਕਰਮਚਾਰੀ ਨਾਲ ਉਹਨਾਂ ਦੀ ਥੋੜ੍ਹੀ ਬਹਿਸ ਹੋਈ ਅਤੇ ਉਹ ਕਰਮਚਾਰੀ ਭੱਜ ਕੇ ਗੈਸ ਸਟੇਸ਼ਨ ਵਿੱਚ ਵੜਿਆ ਕਿ ਉਹ ਪੁਲੀਸ ਨੂੰ ਸੱਦਦਾ ਹੈ| ਇਸੇ ਦੌਰਾਨ ਆਪਣੇ ਕਿਸੇ ਕੰਮ ਲਈ ਬਾਹਰ ਨਿਕਲੇ ਸਿਮਰਨਜੀਤ ਸਿੰਘ ਤੇ ਉਕਤ ਵਿਅਕਤੀਆਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ| ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ| ਉਸਦੀ ਛਾਤੀ ਵਿੱਚ ਕਈ ਗੋਲੀਆਂ ਵੱਜੀਆਂ  ਅਤੇ ਹਸਪਤਾਲ ਲਿਜਾਉਣ ਤੇ ਉਸਨੂੰ  ਮ੍ਰਿਤਕ ਐਲਾਨ ਕਰ ਦਿੱਤਾ ਗਿਆ|
ਮ੍ਰਿਤਕ ਸਿਮਰਨਜੀਤ ਸਿੰਘ ਦੇ ਪਿਤਾ ਸ੍ਰ. ਰਣਜੀਤ ਸਿੰਘ ਭੰਗੂ ਅਤੇ ਉਹਨਾਂ ਦੀ ਪਤਨੀ ਇਸ ਵੇਲੇ ਨਿਊਜ਼ੀਲੈਂਡ ਵਿੱਚ ਆਪਣੀ ਛੋਟੀ ਬੇਟੀ ਕੋਲ ਗਏ ਹੋਏ ਹਨ ਅਤੇ  ਸੈਕਟਰ 70 ਵਿਚਲੀ ਉਹਨਾਂ ਦੀ ਰਿਹਾਇਸ਼ ਤੇ ਕੋਈ ਨਹੀਂ ਹੈ| ਮ੍ਰਿਤਕ ਦੇ ਪੜੋਸੀ ਸ੍ਰ. ਦਲਬੀਰ ਸਿੰਘ ਨੇ ਦਸਿਆ ਕਿ ਸਿਮਰਨਜੀਤ ਬਹੁਤ ਹੀ ਮਿਲਪੜੇ ਸੁਭਾਅ ਦਾ ਨੌਜਵਾਨ ਸੀ ਅਤੇ ਉਹ ਕਦੇ ਵੀ ਕਿਸੇ ਨਾਲ ਝਗੜਾ ਨਹੀਂ ਕਰਦਾ ਸੀ| ਉਹ ਪਿਛਲੇ ਸਾਲ ਆਪਣੀ ਭੈਣ ਅਤੇ ਜੀਜੇ ਕੋਲ ਅਮਰੀਕਾ ਗਿਆ ਸੀ ਅਤੇ ਜਦੋਂ ਉਸਦੀ ਮੌਤ ਦੀ ਖਬਰ  ਆਈ ਤਾਂ ਪੂਰੇ ਮੁਹਲੇ ਵਿੱਚ ਸੋਗ ਫੈਲ ਗਿਆ ਹੈ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀ ਜਥੇਬੰਦੀ ਦੇ ਸਾਬਕਾ ਜਨਰਲ ਸਕੱਤਰ ਸ੍ਰ. ਭਗਵੰਤ ਸਿੰਘ ਬੇਦੀ ਨੇ ਦਸਿਆ ਕਿ ਸਿਮਰਨਜੀਤ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਸਦੇ ਕਤਲ ਦੀ ਖਬਰ ਨੇ ਸਾਰਿਆਂ ਨੂੰ ਗਮਗੀਨ ਕਰ ਦਿਤਾ ਹੈ|
ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ (ਜੋ ਪਹਿਲਾਂ ਸਿਮਰਨਜੀਤ ਸਿੰਘ ਦੇ ਘਰ ਦੇ ਨਾਲ ਰਹਿੰਦੇ ਰਹੇ) ਨੇ ਦੱਸਿਆ ਕਿ ਸਿਮਰਨਜੀਤ ਸਿੰਘ ਭੰਗੂ ਦੇ ਕਤਲ ਦੀ ਖਬਰ ਦਿਲ ਨੂੰ ਹਲੂਣ ਦੇਣ ਵਾਲੀ ਹੈ| ਇਸ ਨਾਲ ਪਤਾ ਲੱਗਦਾ ਹੈ ਕਿ ਰੋਜੀ ਰੋਟੀ ਲਈ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਉੱਥੇ ਕਿੰਨੇ ਕਸ਼ਟ ਸਹਿਣੇ ਪੈਂਦੇ ਹਨ|
ਇਸੇ ਦੌਰਾਨ ਸਕਾਰਮੈਂਟੋ ਦੀ ਪੁਲੀਸ ਵੱਲੋਂ ਸਿਮਰਨਜੀਤ ਸਿੰਘ ਭੰਗੂ ਦੇ ਕਤਲ ਦੇ ਦੋਸ਼ ਵਿੱਚ ਅੱਜ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ|
ਸਿਮਰਨਜੀਤ ਸਿੰਘ ਦੇ ਮਾਪਿਆਂ ਦੇ ਵਿਦੇਸ਼ ਵਿੱਚ ਹੋਣ ਕਾਰਨ ਇਹ ਜਾਣਕਾਰੀ ਹਾਸਿਲ ਨਹੀਂ ਹੋ ਪਾਈ ਕਿ ਉਸਦਾ ਅੰਤਮ ਸਸਕਾਰ ਮੁਹਾਲੀ ਵਿੱਚ ਹੋਵੇਗਾ ਜਾਂ ਫਿਰ  ਅਮਰੀਕਾ ਵਿੱਚ ਹੀ  ਉਸਦੀਆਂ ਅੰਤਿਮ ਰਸਮਾਂ ਮੁਕੰਮਲ ਕੀਤੀਆਂ ਜਾਣਗੀਆਂ|

Leave a Reply

Your email address will not be published. Required fields are marked *