ਮੁਹਾਲੀ ਦੇ ਫੇਜ਼ 3ਬੀ2 ਦੀ ਮਾਰਕੀਟ ਵਿੱਚ ਨੌਜਵਾਨਾਂ ਨੇ ਮੁੜ ਕੀਤੀ ਹੁਲੱੜਬਾਜੀ, ਮਾਰਕੀਟ ਦੀ ਪਾਰਕਿੰਗ ਵਿੱਚ ਸਫਾਰੀ ਗੱਡੀ ਦੀ ਛੱਤ ਤੇ ਚੜ੍ਹ ਕੇ ਨੱਚਦੇ ਅਤੇ ਬੜ੍ਹਕਾਂ ਮਾਰਦੇ ਨਜਰ ਆਏ ਨੌਜਵਾਨ ਪੁਲੀਸ ਵਲੋਂ ਰੋਕੇ ਜਾਣ ਤੇ ਹਵਲਦਾਰ ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਪੁਲੀਸ ਨੇ ਹੁਲੱੜਬਾਜਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ

ਐਸ.ਏ.ਐਸ.ਨਗਰ, 6 ਅਕਤੂਬਰ (ਸ.ਬ.) ਗੇੜੀ ਰੂਟ ਲਈ ਮਸ਼ਹੂਰ ਮੰਨੀ ਜਾਂਦੀ ਫੇਜ਼ 3ਬੀ2 ਦੀ ਮਾਰਕੀਟ ਵਿੱਚ ਬੀਤੀ ਦੇਰ ਸ਼ਾਮ ਇੱਕ ਸਫਾਰੀ ਕਾਰ ਵਿੱਚ ਸਵਾਰ ਹੋ ਕੇ ਆਏ ਕੁੱਝ ਨੌਜਵਾਨਾਂ ਵਲੋਂ ਮਾਰਕੀਟ ਵਿੱਚ ਖੁੱਲ ਕੇ ਹੁਲੱੜਬਾਜੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ| ਇਹਨਾਂ ਵਿੱਚੋਂ ਦੋ ਨੌਜਵਾਨ ਸਫਾਰੀ ਗੱਡੀ ਦੀ ਛੱਤ ਤੇ ਚੜ੍ਹ ਕੇ ਨੱਚਦੇ ਅਤੇ ਬੜ੍ਹਕਾਂ ਮਾਰਦੇ ਦਿਖੇ ਜਦੋਂਕਿ ਉਹਨਾਂ ਦੇ ਬਾਕੀ ਸਾਥੀ ਵੀ ਪੂਰੀ ਤਰ੍ਹਾਂ ਮਸਤ ਨਜਰ ਆ ਰਹੇ ਸਨ|
ਸਫਾਰੀ ਗੱਡੀ ਵਾਲੇ ਇਹਨਾਂ ਨੌਜਵਾਨਾਂ ਵਲੋਂ ਮਾਰਕੀਟ ਵਿੱਚ ਕਾਫੀ ਸਮੇਂ ਤੱਕ ਖੜਦੂੰਗ ਪਾਇਆ ਜਾਂਦਾ ਰਿਹਾ ਅਤੇ ਇਹਨਾਂ ਨੇ ਮਾਰਕੀਟ ਵਿੱਚ ਕਈ ਚੱਕਰ ਲਗਾਏ| ਇਸ ਦੌਰਾਨ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਇਸਦੀ ਜਾਣਕਾਰੀ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੂੰ ਦਿੱਤੀ ਗਈ ਜਿਹਨਾਂ ਵਲੋਂ ਇਹ ਮਾਮਲਾ ਡੀ ਐਸ ਪੀ ਗੁਰਸ਼ੇਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਫਿਰ ਪੁਲੀਸ ਦੀ ਪੈਟਰੋਲਿੰਗ ਪਾਰਟੀ ਇਹਨਾਂ ਨੂੰ ਕਾਬੂ ਕਰਨ ਲਈ ਮਾਰਕੀਟ ਭੇਜੀ ਗਈ|
ਪੁਲੀਸ ਪਾਰਟੀ ਵਲੋਂ ਜਦੋਂ ਹੁੱਲੜਬਾਜੀ ਕਰਨ ਵਾਲੇ ਇਹਨਾਂ ਨੌਜਵਾਨਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਸਫਾਰੀ ਗੱਡੀ ਚਲਾ ਰਹੇ ਨੌਜਵਾਨ ਵਲੋਂ ਉਹਨਾਂ ਨੂੰ ਰੋਕ ਰਹੇ ਹਵਲਦਾਰ ਦੇ ਉੱਪਰ ਹੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਿਰ ਉਸਨੇ ਗੱਡੀ ਭਜਾ ਲਈ ਪਰੰਤੂ ਪੁਲੀਸ ਵਲੋਂ ਇਹਨਾਂ ਸਾਰਿਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ|
ਮੁਹਾਲੀ ਦੇ ਡੀ ਐਸ ਪੀ ਸ੍ਰ.            ਗੁਰਸ਼ੇਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਵੇਲੇ ਪੁਲੀਸ ਦੀ ਇੱਕ ਪੈਟ੍ਰੋਲਿੰਗ ਟੀਮ ਵਲੋਂ ਫੇਜ਼ 3 ਬੀ 2 ਦੀ ਮਾਰਕੀਟ ਵਿੰਚ ਇੱਕ ਟਾਟਾ ਸਫਾਰੀ ਕਾਰ ਪੀ ਬੀ 10 ਕਿਊ 2925 ਤੇ ਹੁਲੱੜਬਾਜੀ ਕਰਨ ਅਤੇ ਕੁੜੀਆਂ ਨੂੰ ਗਲਤ ਕਮੈਂਟ ਕਰਨ ਵਾਲੇ ਇਹਨਾਂ ਨੌਜਵਾਨਾਂ ਨੂੰ ਰੋਕਿਆ ਗਿਆ ਸੀ ਪਰੰਤੂ ਇਹਨਾਂ ਹੁਲੱੜਬਾਜਾਂ ਵਲੋਂ ਉਹਨਾਂ ਨੂੰ ਰੁਕਣ ਲਈ ਕਹਿਣ ਵਾਲੇ ਹੈਡ ਕਾਂਸਟੇਬਲ ਜਸਪਾਲ ਸਿੰਘ ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਮੌਕੇ ਤੋਂ ਗੱਡੀ ਭਜਾ ਲਈ ਪਰੰਤੂ ਪੁਲੀਸ ਵਲੋਂ ਇਸ ਗੱਡੀ ਵਿੱਚ ਸਵਾਰ ਪੰਜ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ| 
ਉਹਨਾਂ ਦੱਸਿਆ ਕਿ ਇਸ ਗੱਡੀ ਦੀ ਚਪੇਟ ਵਿੱਚ ਆਏ ਜਸਪਾਲ ਸਿੰਘ ਨੂੰ ਥੋੜ੍ਹੀ ਸੱਟ ਵੀ ਲੱਗੀ ਹੈ| ਉਹਨਾਂ ਦੱਸਿਆ ਕਿ ਪੁਲੀਸ ਵਲੋਂ ਹੁਲੱੜਬਾਜੀ ਕਰਨ ਵਾਲੇ ਇਹਨਾਂ ਨੌਜਵਾਨਾਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 307, 279, 354 ਅਧੀਨ ਮਾਮਲਾ ਦਰਜ ਕੀਤਾ ਹੈ| ਉਹਨਾਂ ਦੱਸਿਆ ਕਿ ਇਹ ਨੌਜਵਾਨ ਫਤਹਿਗੜ੍ਹ ਅਤੇ ਰੋਪੜ ਦੇ ਖੇਤਰ ਦੇ ਵਸਨੀਕ ਹਨ ਅਤੇ ਆਵਾਰਾ ਕਿਸਮ ਦੇ ਇਹ ਨੌਜਵਾਨ ਹੁਲੜਬਾਜੀ ਕਰਨ ਲਈ ਹੀ ਇੱਥੇ ਆਏ ਸੀ ਜਿਹਨਾਂ ਨੂੰ ਪੁਲੀਸ ਵਲੋਂ ਕਾਬੂ ਕਰ ਲਿਆ ਗਿਆ ਹੈ| 
ਇੱਥੇ ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਇਸ ਮਾਰਕੀਟ ਵਿੱਚ ਹੁੱਲੜਬਾਜੀ ਦੀਆਂ ਕਾਫੀ ਸ਼ਿਕਾਇਤਾਂ ਸਾਮ੍ਹਣੇ ਆ ਚੁੱਕੀਆਂ ਹਨ ਅਤੇ ਬੀਤੀ 17 ਸਤੰਬਰ ਨੂੰ ਵੀ ਮੁਹਾਲੀ ਪੁਲੀਸ ਵਲੋਂ ਡੀ ਐਸ ਪੀ ਗੁਰਸ਼ੇਰ ਸਿੰਘ ਦੀ ਅਗਵਾਈ ਵਿੱਚ ਇਸ ਮਾਰਕੀਟ ਵਿੱਚ ਹੁਲੱੜਬਾਜੀ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਚੁੱਕੀ ਹੈ ਜਿਸ ਦੌਰਾਨ ਮਾਰਕੀਟ ਦੀ ਸਾਰੇ ਪਾਸੇ ਤੋਂ ਨਾਕੇਬੰਦੀ ਕਰਕੇ ਇੱਥੇ ਖੜਦੂੰਗ ਮਚਾਉਣ  ਵਾਲਿਆਂ ਦੇ ਚਾਲਾਨ ਕੀਤੇ ਗਏ ਸਨ ਪਰੰਤੂ ਇਸਦੇ ਬਾਵਜੂਦ ਤਾਜਾ ਘਟਨਾ ਦੱਸਦੀ ਹੈ ਕਿ ਇਹਨਾਂ ਹੁਲੱੜਬਾਜਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ| 
ਇਸ ਦੌਰਾਨ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਦੀ ਅਗਵਾਈ ਵਿੱਚ ਫੇਜ਼ 3 ਬੀ 2 ਦੇ ਦੁਕਾਨਦਾਰਾਂ ਵਲੋਂ ਇਹਨਾਂ ਹੁੱਲੜਬਾਜਾਂ ਨੂੰ ਕਾਬੂ ਕਰਨ ਲਈ ਕੀਤੀ ਗਈ ਤੁਰੰਤ ਕਾਰਵਾਈ ਬਦਲੇ ਡੀ ਐਸ ਪੀ              ਗੁਰਸ਼ੇਰ ਸਿੰਘ ਦਾ ਸਨਮਾਨ ਕੀਤਾ ਗਿਆ| ਇਸ ਮੌਕੇ ਸ੍ਰ. ਗੁਰਸ਼ੇਰ ਸਿੰਘ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਪੁਲੀਸ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ| 
ਇਸ ਮੌਕੇ ਟ੍ਰੇਡਰਜ਼ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੇ ਪ੍ਰਧਾਨ ਸ੍ਰ. ਦਿਲਾਵਰ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰ ਸ੍ਰ. ਅਕਵਿੰਦਰ ਸਿੰਘ ਗੋਸਲ, ਸ੍ਰ. ਅਮਰੀਕ ਸਿੰਘ ਸਾਜਨ, ਸ੍ਰੀ ਰਾਜੀਵ ਭਾਟੀਆ ਵੀ ਹਾਜਿਰ ਸਨ|

Leave a Reply

Your email address will not be published. Required fields are marked *