ਮੁਹਾਲੀ ਦੇ ਲੋਕਾਂ ਨੂੰ ਮਿਲੇਗਾ ਮੈਰਿਜ ਪੈਲੇਸ ਵਰਗਾ ਕਮਿਊਨਿਟੀ ਸੈਂਟਰ

ਮੁਹਾਲੀ ਦੇ ਲੋਕਾਂ ਨੂੰ ਮਿਲੇਗਾ ਮੈਰਿਜ ਪੈਲੇਸ ਵਰਗਾ ਕਮਿਊਨਿਟੀ ਸੈਂਟਰ
ਤਿੰਨ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਕਮਿਊਨਿਟੀ ਸੈਂਟਰ ਦਾ ਕੈਬਨਿਟ ਮੰਤਰੀ ਸਿੱਧੂ ਰੱਖਣਗੇ ਨੀਂਹ ਪੱਥਰ : ਕੁਲਜੀਤ ਬੇਦੀ
ਐਸ.ਏ.ਐਸ.ਨਗਰ, 30 ਜੂਨ (ਸ.ਬ.) ਮੁਹਾਲੀ ਦੇ ਫੇਜ਼-3ਬੀ1 ਦੇ ਕਮਿਊਨਟੀ ਸੈਂਟਰ ਨੂੰ ਢਾਹ ਕੇ ਮੁੜ ਬਣਾਉਣ ਦਾ ਰਾਹ ਸਾਫ ਹੋ ਗਿਆ ਹੈ ਅਤੇ ਛੇਤੀ ਹੀ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੁ ਵਲੋਂ ਤਿੰਨ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖ ਦਿੱਤਾ ਜਾਵੇਗਾ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਹ ਕਮਿਊਨਟੀ ਸੈਂਟਰ ਮਿੰਨੀ ਮੈਰਿਜ ਪੈਲੇਸ ਵਰਗਾ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ| 
ਉਹਨਾਂ ਦੱਸਿਆ ਕਿ ਮੌਜੂਦਾ ਖਸਤਾ ਹਾਲਤ ਕਮਿਊਨਿਟੀ ਸੈਂਟਰ ਦੀ ਇਮਾਰਤ ਨੂੰ ਢਾਹ ਕੇ ਮੁੜ ਉਸਾਰਿਆ ਜਾਵੇਗਾ| ਇਸ ਮੌਕੇ ਉਨ੍ਹਾਂ ਨਾਲ ਇਲਾਕੇ ਦੇ ਇਕ ਹੋਰ ਸਾਬਕਾ ਕੌਂਸਲਰ ਤਰਨਜੀਤ ਕੌਰ ਗਿੱਲ ਵੀ ਹਾਜਿਰ ਸਨ|
ਸ੍ਰ. ਬੇਦੀ ਨੇ ਦੱਸਿਆ ਕਿ ਉਹਨਾਂ ਵਲੋਂ ਕੁਝ ਸਾਲ ਪਹਿਲਾਂ ਮੁਹਾਲੀ ਦੇ ਸਾਰੇ ਕਮਿਊਨਿਟੀ ਸੈਂਟਰਾਂ ਨੂੰ ਖਾਲੀ ਕਰਵਾਉਣ ਲਈ ਅਦਾਲਤ ਵਿੱਚ ਕੇਸ ਪਾਇਆ ਗਿਆ ਸੀ ਅਤੇ  ਅਦਾਲਤੀ ਹੁਕਮਾਂ ਨਾਲ ਇਹ ਕਮਿਊਨਿਟੀ ਸੈਂਟਰ ਖਾਲੀ ਹੋਏ ਸਨ| ਉਹਨਾਂ ਕਿਹਾ ਕਿ ਉਸ ਵੇਲੇ ਮੁਹਾਲੀ ਦੇ ਇਕ ਅੱਧੇ ਕਮਿਊਨਿਟੀ ਸੈਂਟਰ ਨੂੰ ਛੱਡ ਕੇ ਬਾਕੀ ਦੇ ਕਮਿਊਨਟੀ ਸੈਂਟਰ ਪੁਲੀਸ ਵਿਭਾਗ ਦੇ ਕੋਲ ਸਨ ਅਤੇ ਫੇਜ਼-3ਬੀ1 ਦੇ ਇਸ ਕਮਿਊਨਟੀ ਸੈਂਟਰ ਵਿੱਚ ਜਿਲ੍ਹਾ ਅਦਾਲਤ ਚਲਦੀ ਸੀ|
ਉਹਨਾਂ ਦੱਸਿਆ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਬਾਕੀ ਸਾਰੇ ਕਮਿਊਨਿਟੀ ਸੈਂਟਰ ਤਾਂ ਖਾਲੀ ਹੋ ਗਏ ਸਨ ਪਰ ਕਿਉਂਕਿ ਮੁਹਾਲੀ ਵਿੱਚ ਗਮਾਡਾ ਨੇ ਅਦਾਲਤ ਵਾਸਤੇ ਕੋਈ ਥਾਂ ਤਿਆਰ ਹੀ ਨਹੀਂ ਸੀ ਕੀਤੀ, ਇਸ ਵਾਸਤੇ ਇਹ ਕਮਿਊਨਟੀ ਸੈਂਟਰ ਖਾਲੀ ਨਾ ਹੋ ਸਕਿਆ| ਬਾਅਦ ਵਿੱਚ ਗਮਾਡਾ ਨੇ ਇਹ ਸਾਰੇ ਕਮਿਊਨਟੀ ਸੈਂਟਰ ਮੁਹਾਲੀ ਨਗਰ ਨਿਗਮ ਦੇ ਹਵਾਲੇ ਕਰ ਦਿੱਤੇ| ਇਸ ਉਪਰੰਤ ਭਾਵੇਂ ਕਮਿਊਨਟੀ ਸੈਂਟਰ ਵਿੱਚ ਚਲਦੀ ਅਦਾਲਤ ਜਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ ਦੇ ਨਾਲ ਬਣੇ ਅਦਾਲਤੀ ਕੰਪਲੈਕਸ ਵਿੱਚ ਸ਼ਿਫਟ ਹੋ ਗਈ ਅਤੇ ਇਹ ਕਮਿਊਨਟੀ ਸੈਂਟਰ ਵੀ ਖਾਲੀ ਹੋ ਗਿਆ ਪਰ ਇਹ ਇਸੇ ਤਰ੍ਹਾਂ ਅਣਗੌਲਿਆ ਪਿਆ ਰਿਹਾ|
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਕਮਿਊਨਿਟੀ ਸੈਂਟਰ ਲਈ ਤਿੰਨ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਹੋ ਗਈ ਹੈ ਅਤੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੇ ਇਸ ਸੰਬੰਧੀ ਮਤਾ ਵੀ ਪਾਸ ਕਰ ਦਿੱਤਾ ਹੈ| ਉਹਨਾਂ ਕਿਹਾ ਕਿ ਨਿਗਮ ਦੇ ਹਾਊਸ ਦੀ ਮੀਟਿੰਗ ਵਿੱਚ ਉਹ ਕਈ ਵਾਰ ਇਹ ਮੁੱਦਾ ਚੁੱਕਦੇ ਰਹੇ ਹਨ ਜਿਸ ਦੌਰਾਨ ਹਾਊਸ ਮੀਟਿੰਗ ਵਿੱਚ ਸਿਰਫ ਤਾੜੀਆਂ ਮਾਰ ਕੇ ਐਲਾਨ ਕੀਤੇ ਜਾਂਦੇ ਰਹੇ ਪ੍ਰੰਤੂ ਹਕੀਕਤ ਵਿੱਚ ਇਸ ਕਮਿਊਨਿਟੀ ਸੈਂਟਰ ਦਾ ਕੰਮ ਸ਼ੁਰੂ ਹੀ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ ਹੋਰ ਤਾਂ ਹੋਰ ਇਸ ਬਾਰੇ ਨਿਗਮ ਵੱਲੋਂ ਕਦੇ ਬਜਟ ਵੀ ਨਹੀਂ ਰੱਖਿਆ ਗਿਆ| ਉਨ੍ਹਾਂ ਦੱਸਿਆ ਕਿ ਹੁਣ ਕੈਬਨਿਟ ਮੰਤਰੀ ਵੱਲੋਂ ਸਰਕਾਰ ਕੋਲੋਂ ਮਨਜ਼ੂਰ ਕਰਵਾਏ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਇਸ ਕਮਿਊਨਿਟੀ ਸੈਂਟਰ ਦੀ ਸੂਰਤ ਬਦਲ ਜਾਵੇਗੀ ਜਿਸ ਵਿੱਚ ਇੱਕ ਵੱਡਾ ਏਅਰਕੰਡੀਸ਼ਨਰ ਹਾਲ ਹੋਵੇਗਾ ਅਤੇ ਇਸ ਵਿੱਚ ਬਿਲਕੁਲ ਸਾਰੀਆਂ ਨਵੀਨਤਮ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ|

Leave a Reply

Your email address will not be published. Required fields are marked *