ਮੁਹਾਲੀ ਦੇ ਸਿਆਸੀ ਖੇਤਰ ਵਿੱਚ ਆਈ ਖੜੌਤ

ਮੁਹਾਲੀ ਦੇ ਸਿਆਸੀ ਖੇਤਰ ਵਿੱਚ ਆਈ ਖੜੌਤ
ਵੱਖ- ਵੱਖ ਰਾਜਸੀ ਪਾਰਟੀਆਂ ਦੀਆਂ ਸਰਗਰਮੀਆਂ ਨਾਂਹ ਦੇ ਬਰਾਬਰ
ਐਸ ਏ ਐਸ ਨਗਰ, 24 ਜੁਲਾਈ (ਜਗਮੋਹਨ ਸਿੰਘ) ਮੁਹਾਲੀ ਸ਼ਹਿਰ ਵਿੱਚ ਪਿਛਲੇ ਦਿਨਾਂ ਦੌਰਾਨ ਜਿੱਥੇ ਰੁਕ ਰੁਕ ਕੇ ਪਈ ਬਰਸਾਤ ਕਾਰਨ ਹਵਾ ਵਿੱਚ ਸੀਲਣ ਪੈਦਾ ਹੋ ਗਈ ਹੈ, ਉਥੇ ਹੀ ਸ਼ਹਿਰ ਦੀਆਂ ਸਿਆਸੀ ਸਰਗਰਮੀਆਂ ਨੂੰ ਵੀ ਸਲਾਬ ਜਿਹੀ ਚੜ੍ਹ ਗਈ ਲੱਗਦੀ ਹੈ| ਇਸ ਸਮੇਂ ਸ਼ਹਿਰ ਵਿੱਚ ਸਿਆਸੀ ਸਰਗਰਮੀਆਂ ਇੱਕ ਤਰ੍ਹਾਂ ਠੱਪ ਜਿਹੀਆਂ ਪਈਆਂ ਹਨ| ਇਸ ਸਮੇਂ ਇੱਕ ਦੁਕਾ ਰਾਜਸੀ ਪਾਰਟੀਆਂ ਖਾਨਾਪੂਰਤੀ ਵਜੋਂ ਬਿਆਨ ਜਿਹੇ ਜਾਰੀ ਕਰ ਰਹੀਆਂ ਹਨ| ਵੱਖ- ਵੱਖ ਰਾਜਸੀ ਆਗੂ ਵੀ ਇਸ ਸਮੇਂ ਵੱਡੇ ਰਾਜਸੀ ਸਮਾਗਮ ਕਰਨ ਤੋਂ ਗੁਰੇਜ ਕਰ ਰਹੇ ਹਨ ਅਤੇ ਨਿੱਕੇ ਮੋਟੇ ਸਮਾਗਮਾਂ ਵਿੱਚ ਹੀ ਹਾਜਰੀ ਲਗਵਾ ਕੇ ਆਪਣੇ ਸਮਰਥਕਾਂ ਨਾਲ ਮੇਲ ਜੋਲ ਰੱਖ ਰਹੇ ਹਨ|
ਇਸ ਸਮੇਂ ਜਿਥੇ ਪੂਰੇ ਪੰਜਾਬ ਵਿੱਚ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਰਗਰਮੀਆਂ ਪੂਰੇ ਜੋਰਾਂ ਉਪਰ ਹੋ ਰਹੀਆਂ ਹਨ, ਦੂਜੇ ਪਾਸੇ ਆਗਾਮੀ ਲੋਕਸਭਾ ਚੋਣਾਂ ਸਬੰਧੀ ਮੁਹਾਲੀ ਵਿਧਾਨ ਸਭਾ ਹਲਕੇ, ਜੋ ਕਿ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਆਉਂਦਾ ਹੈ, ਵਿੱਚ ਸਿਆਸੀ ਸਰਗਰਮੀਆਂ ਠੰਡੀਆਂ ਪਈਆਂ ਹਨ|
ਅਸਲ ਵਿੱਚ ਮੁਹਾਲੀ ਸ਼ਹਿਰ ਉਦੋਂ ਰਾਜਸੀ ਸਰਗਰਮੀਆਂ ਦੇ ਕੇਂਦਰ ਬਣ ਗਿਆ ਸੀ, ਜਦੋਂ ਮੁਹਾਲੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਕੈਪਟਨ ਸਰਕਾਰ ਵਲੋਂ ਕੈਬਿਨਟ ਮੰਤਰੀ ਬਣਾਇਆ ਗਿਆ ਸੀ, ਕੈਬਿਨਟ ਮੰਤਰੀ ਬਣਨ ਤੋਂ ਬਾਅਦ ਸ੍ਰ. ਸਿਧੂ ਨੇ ਵੀ ਆਪਣੀਆਂ ਰਾਜਸੀ ਸਰਗਰਮੀਆਂ ਵਿੱਚ ਅਚਾਨਕ ਹੀ ਤੇਜੀ ਲਿਆ ਦਿੱਤੀ ਸੀ| ਹੁਣ ਮੰਤਰੀ ਸਿੱਧੂ ਵੀ ਆਪਣੇ ਵਧੇ ਹੋਏ ਰੁਝੇਵਿਆਂ ਕਾਰਨ ਸਿਆਸੀ ਸਰਗਰਮੀਆਂ ਨੂੰ ਸੀਮਿਤ ਰੱਖ ਰਹੇ ਹਨ|
ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਬੀਤੇ ਸਮੇਂ ਦੌਰਾਨ ਬਹੁਤ ਸਰਗਰਮ ਰਹੇ ਹਨ, ਉਹਨਾਂ ਵਲੋਂ ਪਿਛਲੇ ਸਮੇਂ ਦੌਰਾਨ ਮੁਹਾਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਆਮ ਲੋਕਾਂ ਲਈ ਜਿਮ ਵੀ ਬਣਵਾਏ ਗਏ ਹਨ| ਹੁਣ ਉਹ ਵੀ ਰੁਝੇਂਵਿਆਂ ਕਰਕੇ ਅਤੇ ਲੋਕ ਸਭਾ ਦਾ ਮਾਨਸੂਨ ਸ਼ੈਸਨ ਹੋਣ ਕਰਕੇ ਸਿਆਸੀ ਸਰਗਰਮੀਆਂ ਵਿੱਚ ਘੱਟ ਹੀ ਨਜਰ ਆ ਰਹੇ ਹਨ|
ਇਸੇ ਤਰ੍ਹਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਤੋਂ ਲੈ ਕੇ ਹੋਰਨਾਂ ਆਗੂਆਂ ਦੀਆਂ ਰਾਜਸੀ ਸਰਗਰਮੀਆਂ ਵੀ ਇਸ ਸਮੇਂ ਸੀਮਿਤ ਜਿਹੀਆਂ ਹੋ ਗਈਆਂ ਹਨ|
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ ਐਸ ਡੀ ਬੀਬੀ ਲਖਵਿੰਦਰ ਕੌਰ ਗਰਚਾ ਭਾਵੇਂ ਸਰਗਰਮ ਹਨ ਪਰ ਉਹ ਵੀ ਮੁਹਾਲੀ ਤੋਂ ਬਾਹਰ ਕੁਰਾਲੀ ਅਤੇ ਹੋਰ ਖੇਤਰਾਂ ਵਿੱਚ ਵਧੇਰੇ ਸਰਗਰਮ ਹਨ ਅਤੇ ਉਹਨਾਂ ਇਲਾਕਿਆਂ ਵਿੱਚ ਹੀ ਮੀਟਿੰਗਾਂ ਕਰਕੇ ਬਿਆਨ ਜਾਰੀ ਕਰਦੇ ਹਨ|
ਇਹ ਹੀ ਹਾਲ ਆਮ ਆਦਮੀ ਪਾਰਟੀ ਦਾ ਹੈ| ਮੁਹਾਲੀ ਹਲਕੇ ਵਿੱਚ ਆਪ ਦੀਆਂ ਸਰਗਰਮੀਆਂ ਵੀ ਨਾਂਹ ਦੇ ਬਰਾਬਰ ਹੀ ਹੋ ਗਈਆਂ ਹਨ| ਭਾਵੇਂ ਕਿ ਪਿਛਲੇ ਦਿਨਾਂ ਦੌਰਾਨ ਆਪ ਆਗੂਆਂ ਵਲੋਂ ਕਾਫੀ ਸਰਗਰਮੀ ਦਿਖਾਈ ਗਈ ਸੀ, ਪਰ ਇਸ ਸਮੇਂ ਇਸ ਪਾਰਟੀ ਦੀਆਂ ਸਰਗਰਮੀਆਂ ਵੀ ਠੰਡੀਆਂ ਪਈਆਂ ਹਨ|
ਇਸ ਤੋਂ ਇਲਾਵਾ ਹੋਰਨਾਂ ਪਾਰਟੀਆਂ ਦਾ ਵਜੂਦ ਵੀ ਮੁਹਾਲੀ ਹਲਕੇ ਵਿੱਚ ਹੈ, ਜੋ ਕਿ ਚੋਣਾਂ ਮੌਕੇ ਕਿਸੇ ਹੋਰ ਪਾਰਟੀ ਦੀ ਹਮਾਇਤ ਹੀ ਕਰਦੀਆਂ ਹਨ ਤੇ ਉਮੀਦਵਾਰਾਂ ਦੀ ਜਿੱਤ ਹਾਰ ਦਾ ਤਵਾਜਨ ਆਪਣੇ ਕੋਲ ਹੋਣ ਦਾ ਦਾਅਵਾ ਕਰਦੀਆਂ ਹਨ, ਪਰ ਇਹਨਾਂ ਸਭ ਦੀਆਂ ਸਿਆਸੀ ਸਰਗਰਮੀਆਂ ਵੀ ਇਸ ਸਮੇਂ ਠੱਪ ਜਿਹੀਆਂ ਪਈਆਂ ਹਨ|
ਜਿਸ ਤਰੀਕੇ ਨਾਲ ਮੁਹਾਲੀ ਹਲਕੇ ਵਿੱਚ ਸਿਆਸੀ ਸਰਗਰਮੀਆਂ ਵਿੱਚ ਇਸ ਸਮੇਂ ਖੜੌਤ ਜਿਹੀ ਆ ਗਈ ਹੈ, ਉਸਨੇ ਕਈ ਸਵਾਲ ਖੜੇ ਕਰ ਦਿੱਤੇ ਹਨ, ਕਈ ਰਾਜਸੀ ਮਾਹਿਰ ਮੁਹਾਲੀ ਹਲਕੇ ਦੇ ਰਾਜਸੀ ਖੇਤਰ ਵਿੱਚ ਆਈ ਇਸ ਖੜੌਤ ਦਾ ਕਾਰਨ ਬਰਸਾਤ ਦਾ ਮੌਸਮ ਵੀ ਦਸ ਰਹੇ ਹਨ| ਜੇ ਮੁਹਾਲੀ ਹਲਕੇ ਵਿੱਚ ਰਾਜਸੀ ਖੜੌਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਅਗਾਮੀ ਲੋਕ ਸਭਾ ਚੋਣਾਂ ਸਬੰਧੀ ਤਿਆਰੀਆਂ ਵਿੱਚ ਵੀ ਇਹ ਹਲਕਾ ਪਿਛੜ ਜਾਵੇਗਾ|

Leave a Reply

Your email address will not be published. Required fields are marked *