ਮੁਹਾਲੀ ਦੇ ਸਿਵਲ ਹਸਪਤਾਲ ਦੀ ਕਾਰਗੁਜਾਰੀ ਤੇ ਉਠੇ ਸਵਾਲ

ਸਿਹਤ ਮੰਤਰੀ ਦੇ ਹਲਕੇ ਵਿੱਚ ਸਥਿਤ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਿਲ         ਕੋਵਿਡ 19 ਦੇ ਇੱਕ ਮਰੀਜ ਵਲੋਂ ਜਾਰੀ ਕੀਤੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
ਪ੍ਰਸ਼ਾਸ਼ਨ ਨੇ ਹਸਪਤਾਲ ਦੀ ਡਾਕਟਰ ਦਾ ਵੀਡੀਂਓ ਜਾਰੀ ਕਰਕੇ ਦਿੱਤੀ ਸਫਾਈ
ਐਸ ਏ ਐਸ ਨਗਰ, 1 ਅਕਤੂਬਰ (ਸ.ਬ.) ਬੀਤੇ ਦਿਨ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕੋਵਿਡ 19 ਦੇ ਇੱਕ ਮਰੀਜ ਵਲੋਂ ਵੀਡੀਓ ਜਾਰੀ ਕਰਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਹਲਕੇ ਵਿੱਚ ਪੈਂਦੇ ਇਸ ਹਸਪਤਾਲ ਦੇ ਡਾਕਟਰਾਂ ਤੇ                ਕੋਵਿਡ 19 ਦਾ ਇਲਾਜ ਕਰਨ ਵਾਲੇ ਸਟਾਫ ਦੀ ਕਾਰਗੁਜਾਰੀ ਤੇ ਗੰਭੀਰ ਇਲਜਾਮ ਲਗਾਏ ਸਨ| ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਇਸ ਵੀਡੀਓ ਵਿੱਚ ਉਕਤ ਮਰੀਜ, ਉਸਨੂੰ ਲਗਾਈ ਗਈ ਗਲੂਕੋਜ ਦੀ ਬੋਤਲ ਨੂੰ ਆਪਣੇ ਹੱਥ ਵਿੱਚ ਫੜ ਕੇ ਪੂਰੇ ਹਸਪਤਾਲ ਵਿੱਚ ਘੁੰਮਦਾ ਅਤੇ ਇਹ ਇਲਜਾਮ ਲਗਾਉਂਦਾ ਨਜਰ ਆ ਰਿਹਾ ਹੈ ਕਿ ਹਸਪਤਾਲ ਵਲੋਂ ਉਸਨੂੰ ਕ੍ਰਿਟਿਕਲ ਮਰੀਜ ਦੱਸਦਿਆਂ ਰੈਫਰ ਕਰਨ ਦੀ ਗੱਲ ਆਖੀ ਗਈ ਹੈ ਪਰੰਤੂ ਇਹ ਕਾਰਵਾਈ ਕਰਨ ਲਈ ਕੋਵਿਡ ਦੇ ਆਈਸੋਲੇਸ਼ਨ ਵਾਰਡ ਵਿੱਚ ਕੋਈ ਵੀ ਡਾਕਟਰ ਮੌਜੂਦ ਨਹੀਂ ਹੈ| ਵੀਡੀਓ ਵਿੱਚ ਇਹ ਮਰੀਜ ਪੂਰੇ ਹਸਪਤਾਲ ਵਿੱਚ ਘੁੰਮਦਾ ਦਿਖ ਰਿਹਾ ਹੈ ਅਤੇ ਹਸਪਤਾਲ ਦਾ ਕੋਈ ਵੀ ਡਾਕਟਰ ਜਾਂ ਨਰਸ ਉਸਦੇ ਆਸ ਪਾਸ ਨਜਰ ਨਹੀਂ ਆ ਰਿਹਾ|
ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਨਾਮ ਦੇ ਇਸ ਵਿਅਕਤੀ ਅਤੇ ਉਸਦੇ ਬੇਟੇ ਨੂੰ ਕੋਰੋਨਾ ਪਾਜਿਟਿਵ ਪਾਏ ਜਾਣ ਤੋਂ ਬਾਅਦ ਬੀਤੀ 20 ਸਤੰਬਰ ਨੂੰ ਹਸਪਤਾਲ ਵਿੱਚ ਦਾਖਿਲ ਕੀਤਾ ਗਿਆ ਸੀ ਜਿੱਥੇ ਕੁਲਦੀਪ ਸਿੰਘ ਨੂੰ ਬੁਖਾਰ ਆਉਣ ਤੋਂ ਬਾਅਦ ਹਸਪਤਾਲ ਵਲੋਂ ਉਸਨੂੰ ਕਿਹਾ ਗਿਆ ਸੀ ਕਿ ਉਸਨੂੰ ਦੂਜੇ ਹਸਪਤਾਲ ਵਿੱਚ ਰੈਫਰ ਕੀਤਾ ਜਾਵੇਗਾ| ਇਸ ਸੰਬੰਧੀ ਕਾਰਵਾਈ ਦੇ ਇੰਤਜਾਰ ਦੇ ਦੌਰਾਨ ਹੀ ਮਰੀਜ ਵਲੋਂ ਇਹ ਵੀਡੀਓ ਜਾਰੀ ਕੀਤਾ ਗਿਆ ਸੀ|
ਕੁਲਦੀਪ ਸਿੰਘ ਵਲੋਂ ਜਾਰੀ ਇਹ ਵੀਡੀਓ ਸੋਸਲ ਮੀਡੀਆ ਤੇ ਬਹੁਤ ਤੇਜੀ ਨਾਲ ਵਾਇਰਲ ਹੋ ਗਿਆ ਅਤੇ ਇਸਤੋਂ ਬਾਅਦ ਹੁਣ ਪ੍ਰਸ਼ਾਸ਼ਨ ਵਲੋਂ ਇਸ ਮਾਮਲੇ ਵਿੱਚ ਸਫਾਈ ਦੇਣ ਲਈ ਹਸਪਤਾਲ ਦੀ ਮੈਡੀਕਲ ਸਪੈਸ਼ਲਿਸਟ ਡਾ ਈਸ਼ਾ ਦਾ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਸਪਤਾਲ ਵਲੋਂ ਉਕਤ ਮਰੀਜ ਦੇ ਇਲਜਾਮ ਵਿਧਚ ਕੋਈ ਕੁਤਾਹੀ ਨਹੀਂ ਵਰਤੀ ਗਈ ਸੀ ਅਤੇ ਮਰੀਜ ਦਾ ਇਲਾਜ ਪੂਰੀ ਜਿੰਮੇਵਾਰੀ ਨਾਲ ਕੀਤਾ ਗਿਆ ਸੀ| ਉਹਨਾਂ ਦਾ ਕਹਿਣਾ ਹੈ ਕਿ ਇਸ ਮਰੀਜ ਨੂੰ ਬੁਖਾਰ ਦੀ ਸ਼ਿਕਾਇਤ ਹੋਣ ਤੇ ਉਸਦੀ ਮੁਕੰਮਲ ਜਾਂਚ ਕੀਤੀ ਗਈ ਸੀ ਕਿ ਜੇਕਰ ਉਸਦੀ ਤਬੀਅਤ ਖਰਾਬ ਹੋਈ ਤਾਂ ਉਸਨੂੰ ਗਿਆਨ ਸਾਗਰ ਹਸਪਤਾਲ ਜਾਂ ਪਟਿਆਲਾ ਦੇ ਹਸਪਤਾਲ ਵਿੱਚ ਭੇਜਿਆ ਜਾਵੇਗਾ ਪਰੰਤੂ ਮਰੀਜ ਜਿੱਦ ਕਰ ਰਿਹਾ ਸੀ ਕਿ ਉਸਨੂੰ ਪੀ ਜੀ ਆਈ ਭੇਜਿਆ ਜਾਵੇ| ਉਹਨਾਂ ਕਿਹਾ ਕਿ ਮਰੀਜ ਨੂੰ ਦੱਸਿਆ ਗਿਆ ਸੀ ਕਿ ਪੀ ਜੀ ਆਈ ਵਿੱਚ ਪੰਜਾਬ ਦੇ ਮਰੀਜਾਂ ਨੂੰ ਦਾਖਿਲ ਨਹੀਂ ਕੀਤਾ ਜਾ ਰਿਹਾ ਇਸ ਲਈ ਉਸਨੂੰ ਪਟਆਲਾ ਜਾਂ ਰਾਜਪੁਰਾ ਭੇਜਿਆ ਜਾਣਾ ਹੈ ਪਰੰਤੂ ਜਦੋਂ ਮਰੀਜ ਨਾ ਮੰਨਿਆ ਤਾਂ ਹਸਪਤਾਲ ਦੀ ਐਂਬੂਲੈਂਸ ਵਿੱਚ ਉਸਨੂੰ ਪੀ ਜੀ ਆਈ ਭੇਜਿਆ ਗਿਆ ਸੀ ਅਤੇ ਐਂਬੂਲੈਂਸ ਦੇ ਡ੍ਰਾਈਵਰ ਨੂੰ ਹਿਦਾਇਤ ਕੀਤੀ ਗਈ ਸੀ ਕਿ ਜੇਕਰ ਪੀ ਜੀ ਆਈ ਵਿੱਚ ਉਸਨੂੰ ਦਾਖਿਲ ਨਹੀਂ ਕੀਤਾ ਜਾਂਦਾ ਤਾਂ ਉਹ ਉਸਨੂੰ ਵਾਪਸ ਲੈ ਕੇ ਆਏ| ਵੀਡੀਓ ਵਿੱਚ ਕਿਹਾ ਗਿਆ ਹੈ ਕਿ ਪੀ ਜੀ ਆਈ ਵਲੋਂ ਮਰੀਜ ਨੂੰ ਵਾਪਸ ਭੇਜ ਦਿੱਤਾ ਗਿਆ ਸੀ ਜਿਸਤੋਂ ਬਾਅਦ ਉਸਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ| 
ਹਸਪਤਾਲ ਦੇ ਪ੍ਰਸ਼ਾਸ਼ਨ ਵਲੋਂ ਇਸ ਮਾਮਲੇ ਵਿੱਚ ਭਾਵੇਂ ਸਭ ਕੁੱਝ ਠੀਕ ਠਾਕ ਹੋਣ ਦੀ ਗੱਲ ਆਖੀ ਜਾ ਰਹੀ ਹੈ ਪਰੰਤੂ ਹਸਪਤਾਲ ਵਿੱਚ ਦਾਖਿਲ ਇਸ ਮਰੀਜ ਵਲੋਂ ਇਸ ਤਰੀਕੇ ਨਾਲ ਵੀਡੀਓ ਜਾਰੀ ਕੀਤੇ ਜਾਣ ਦੀ ਇਹ ਕਾਰਵਾਈ ਹਸਪਤਾਲ ਦੀ ਕਾਰਗੁਜਾਰੀ ਤੇ ਗੰਭੀਰ ਸਵਾਲ ਤਾਂ ਖੜ੍ਹੇ ਕਰਦੀ ਹੀ ਹੈ|

Leave a Reply

Your email address will not be published. Required fields are marked *