ਮੁਹਾਲੀ ਨਗਰ ਨਿਗਮ ਅਧੀਨ ਪੈਂਦੇ ਪਿੰਡਾਂ ਦਾ ਪ੍ਰਾਪਰਟੀ ਟੈਕਸ ਮਾਫ ਕੀਤਾ ਜਾਵੇ : ਹਰਪਾਲ ਸਿੰਘ ਚੰਨਾ

ਐਸ ਏ ਐਸ ਨਗਰ,28 ਜੂਨ (ਸ.ਬ.) ਮਿਉਂਸਪਲ ਕੌਂਸਲਰ ਸ੍ਰ. ਹਰਪਾਲ ਸਿੰਘ ਚੰਨਾ ਨੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਦਾ ਪ੍ਰਾਪਰਟੀ ਟੈਕਸ ਅਤੇ ਨਕਸ਼ਾ ਫੀਸ ਮਾਫ ਕੀਤੇ ਜਾਣ| ਉਹਨਾਂ ਨੇ ਇਸ ਸਬੰਧੀ ਇਕ  ਮੰਗ ਪੱਤਰ ਵੀ ਹਲਕਾ ਵਿਧਾਇਕ ਸ ਸਿੱਧੂ ਨੂੰ ਦਿੱਤਾ ਹੈ|
ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਸ੍ਰ. ਚੰਨਾ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਵਲੋਂ ਨਿਗਮ ਅਧੀਨ ਆਉਂਦੇ 6 ਪਿੰਡਾਂ ਵਿਚ ਪ੍ਰਾਪਰਟੀ ਟੈਕਸ ਅਤੇ ਨਕਸ਼ਾ ਫੀਸ ਲਾਏ ਹੋਏ ਹਨ ਜਦੋਂਕਿ ਚੰਡੀਗੜ੍ਹ ਅਤੇ ਦਿਲੀ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਵਿਚ ਪ੍ਰਾਪਰਟੀ ਟੈਕਸ ਅਤੇ ਨਕਸ਼ਾ ਫੀਸ ਮਾਫ ਹਨ| ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਇਹਨਾਂ ਪਿੰਡਾਂ ਦੇ ਨਿਵਾਸੀਆਂ ਨੇ ਆਪਣੀ ਇਸ ਮੰਗ ਲਈ ਧਰਨਾ ਵੀ ਦਿਤਾ ਸੀ| ਇਸ ਧਰਨੇ ਵਿਚ ਵਿਧਾਇਕ ਸਿੱਧੂ ਨੇ ਵਾਅਦਾ ਕੀਤਾ ਸੀ ਕਿ ਉਹ ਇਹ ਟੈਕਸ ਮਾਫ ਕਰਵਾ ਦੇਣਗੇ| ਜਿਸ ਕਰਕੇ ਇਹਨਾਂ ਪਿੰਡਾਂ ਦੇ ਵਸਨੀਕਾਂ ਨੇ ਇਹ ਪ੍ਰਾਪਰਟੀ ਟੈਕਸ ਨਹੀਂ ਭਰਿਆ|
ਉਹਨਾਂ ਕਿਹਾ ਕਿ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਨੇ ਵੀ 2-8-16 ਦੀ ਨਗਰ ਨਿਗਮ ਦੀ ਮੀਟਿੰਗ ਵਿਚ  ਮਤਾ ਪਾਸ ਕਰਕੇ ਭੇਜਿਆ ਸੀ, ਜਿਸ ਦੇ ਜਵਾਬ ਵਿਚ ਸਰਕਾਰ ਨੇ ਲਿਖਿਆ ਸੀ ਕਿ ਇਹ ਇਕ ਪਾਲਿਸੀ ਮੈਟਰ ਫੈਸਲਾ ਹੈ ਜਿਸ ਸਬੰਧੀ ਸਰਕਾਰ ਦੇ ਪੱਧਰ ਤੇ ਫੈਸਲਾ ਲਿਆ ਜਾਣਾ ਹੈ| ਇਸ ਲਈ ਇਹ ਮਾਮਲਾ ਸਰਕਾਰ ਨਾਲ ਸਿੱਧੇ ਤੌਰ ਤੇ ਟੇਕ ਅਪ ਕੀਤਾ ਜਾਵੇ|
ਉਹਨਾਂ ਕਿਹਾ ਕਿ ਹੁਣ ਇਹ ਚਰਚਾ ਹੋ ਰਹੀ ਹੈ ਕਿ ਇਹ ਪ੍ਰਾਪਰਟੀ ਟੈਕਸ ਹੁਣ ਬਿਜਲੀ ਬਿਲਾਂ ਨਾਲ ਲੱਗ ਕੇ ਭੇਜਿਆ ਜਾ ਰਿਹਾ ਹੈ, ਜਿਸ ਲਈ ਇਹ ਪ੍ਰਾਪਰਟੀ ਟੈਕਸ ਹਰ ਇਕ ਨੂੰ ਭਰਨਾ ਪਵੇਗਾ ਅਤੇ ਜਿਹੜਾ ਵਿਅਕਤੀ ਇਹ ਪ੍ਰਾਪਰਟੀ ਟੈਕਸ ਨਹੀਂ ਭਰੇਗਾ ਉਸ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ| ਇਸ ਤਰ੍ਹਾਂ ਇਹਨਾਂ ਪਿੰਡਾਂ ਦੇ ਵਸਨੀਕ ਬਹੁਤ  ਪ੍ਰੇਸ਼ਾਨ ਹੋ ਜਾਣਗੇ|
ਉਹਨਾਂ ਮੰਗ ਕੀਤੀ ਕਿ ਦਿੱਲੀ ਅਤੇ ਚੰਡੀਗੜ੍ਹ ਦੀ ਤਰ੍ਹਾਂ ਮੁਹਾਲੀ ਨਗਰ ਨਿਗਮ ਅਧੀਨ ਅ ਾਉਂਦੇ ਪਿੰਡਾਂ ਵਿਚ ਵੀ ਪ੍ਰਾਪਰਟੀ ਟੈਕਸ ਅਤੇ ਨਕਸ਼ਾ ਫੀਸ ਮਾਫ ਕੀਤੇ ਜਾਣ|

Leave a Reply

Your email address will not be published. Required fields are marked *