ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਅਕਾਲੀ, ਭਾਜਪਾ ਤੇ ਕਾਂਗਰਸੀ ਕੌਂਸਲਰ ਆਹਮੋ ਸਾਹਮਣੇ

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਅਕਾਲੀ, ਭਾਜਪਾ ਤੇ ਕਾਂਗਰਸੀ ਕੌਂਸਲਰ ਆਹਮੋ ਸਾਹਮਣੇ
ਗੈਸ ਪਾਈਪਲਾਈਨ ਪਾਉਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਈ ਜ਼ਬਰਦਸਤ ਬਹਿਸ
ਐਸ.ਏ.ਐਸ. ਨਗਰ, 15 ਜੂਨ (ਸ.ਬ.) ਮੁਹਾਲੀ ਨਗਰ ਨਿਗਮ ਦੀ ਸਾਧਾਰਨ ਮੀਟਿੰਗ ਅੱਜ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿੱਚ ਅਕਾਲੀ ਦਲ, ਭਾਜਪਾ ਅਤੇ ਕਾਂਗਰਸੀ ਕੌਂਸਲਰਾਂ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਗਰਮਾ ਗਰਮੀ ਵੀ ਹੋਈ ਅਤੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਅਤੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਆਰਪੀ ਸ਼ਰਮਾ ਅਤੇ ਭਾਜਪਾ ਕੌਂਸਲਰ ਅਰੁਣ ਸ਼ਰਮਾ ਆਪਣੀਆਂ ਕੁਰਸੀਆਂ ਤੋਂ ਉੱਠ ਕੇ ਨਿੱਜੀ ਤੋਹਮਤਬਾਜ਼ੀ ਤੇ ਉਤਰ ਆਏ ਅਤੇ ਇਕ ਦੂਜੇ ਵਿਰੁੱਧ ਜੰਮ ਕੇ ਭੜਾਸ ਕੱਢੀ|
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰ ਵਿੱਚ ਅੰਡਰ ਗਰਾਉਂਡ ਗੈਸ ਪਾਈਪਲਾਈਨ ਪਾਉਣ ਸਬੰਧੀ ਇੱਕ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਵੱਲੋਂ ਮੁੱਢਲੀ ਜਾਣਕਾਰੀ ਦਿੱਤੀ ਗਈ ਅਤੇ 25 ਸਾਲ ਤੱਕ ਕੰਪਨੀ ਇਹ ਕੰਮ ਦੇਖੇਗੀ| ਇਸ ਮੁੱਦੇ ਤੇ ਤਿੱਖੀ ਬਹਿਸ ਕਰਦਿਆਂ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਭਾਵੇਂ ਨਵੀਆਂ ਤਕਨੀਕਾਂ ਦੀ ਲੋੜ ਹੈ ਪ੍ਰੰਤੂ ਇੱਕੋ ਕੰਪਨੀ ਨੂੰ 25 ਸਾਲ ਤੱਕ ਸ਼ਹਿਰ ਨੂੰ ਗਹਿਣੇ ਰੱਖਣਾ ਕਿਸੇ ਵੀ ਪੱਖੋਂ ਠੀਕ ਨਹੀਂ ਹੈ| ਉਨ੍ਹਾਂ ਕਿਹਾ ਕਿ ਸਰਕਾਰ ਦੇ ਸਹਿਯੋਗ ਨਾਲ ਨਗਰ ਨਿਗਮ ਵੱਲੋਂ ਸਮੁੱਚੇ ਸ਼ਹਿਰ ਵਿੱਚ ਨਵੀਆਂ ਸੜਕਾਂ ਬਣਾਈਆਂ ਹਨ ਅਤੇ ਕੁੱਝ ਨਵੀਆਂ ਬਣ ਰਹੀਆਂ ਹਨ ਪਰ ਹੁਣ ਪਾਈਪਲਾਈਨ ਪਾਉਣ ਕਾਰਨ ਫਿਰ ਤੋਂ ਸਾਰਾ ਸ਼ਹਿਰ ਪੁੱਟਿਆ ਜਾਣਾ ਹੈ|
ਸ੍ਰੀ ਬੇਦੀ ਨੇ ਇਹ ਵੀ ਪੁੱਛਿਆ ਕਿ ਹਾਊਸ ਨੂੰ ਦੱਸਿਆ ਜਾਵੇ ਕਿ ਪਾਈਪਲਾਈਨ ਪਾਉਣ ਤੋਂ ਬਾਅਦ ਮੁਰੰਮਤ ਦਾ ਕੰਮ ਕੰਪਨੀ ਕਰਕੇ ਦੇਵੇਗੀ ਜਾਂ ਨਗਰ ਨਿਗਮ ਵੱਲੋਂ ਕੀਤਾ ਜਾਣਾ ਹੈ| ਉਨ੍ਹਾਂ ਸੁਝਾਅ ਦਿੱਤਾ ਕਿ ਕਿਸੇ ਵੀ ਕੰਪਨੀ ਨੂੰ ਇਹ ਕੰਮ ਦੇਣ ਤੋਂ ਪਹਿਲਾਂ ਖੁੱਲ੍ਹਾ ਟੈਂਡਰ ਲਗਾਇਆ ਜਾਵੇ| ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੇਬਲ ਤਾਰਾਂ ਪਾਉਣ ਕਾਰਨ ਸਾਰਾ ਸ਼ਹਿਰ ਹੇਠੋਂ ਖੋਖਲਾ ਹੋ ਚੁੱਕਿਆ ਹੈ| ਉਨ੍ਹਾਂ ਕਿਹਾ ਕਿ ਹਾਲੇ ਤੱਕ ਕੰਪਨੀ ਨੇ ਨਕਸ਼ਾ ਵੀ ਨਹੀਂ ਦਿੱਤਾ ਹੈ|
ਇਸ ਦੇ ਜਵਾਬ ਵਿੱਚ ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਗੈਸ ਪਾਈਪਲਾਈਨ ਪੈਣ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ| ਇਸ ਵਿੱਚ ਕੋਈ ਸ਼ੱਕ ਨਹੀਂ ਇਹ ਨਵੀਂ ਤਕਨੀਕ ਹੈ ਪ੍ਰੰਤੂ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੈ| ਅਜੋਕੇ ਯੁੱਗ ਵਿੱਚ ਨਵੀਆਂ ਤਕਨੀਕਾਂ ਅਤੇ ਤਜਰਬਿਆਂ ਦੀ ਸਖ਼ਤ ਲੋੜ ਹੈ| ਇਹ ਪ੍ਰਾਜੈਕਟ ਸਿਰੇ ਚੜ੍ਹਨ ਨਾਲ ਲੋਕਾਂ ਨੂੰ ਗੈਸ ਸਿਲੰਡਰਾਂ ਤੋਂ ਮੁਕਤੀ ਮਿਲੇਗੀ| ਉਂਜ ਮੇਅਰ ਨੇ ਇਹ ਵੀ ਕਿਹਾ ਕਿ ਹਾਲੇ ਕੰਪਨੀ ਨੇ ਮੁੱਢਲੀ ਜਾਣਕਾਰੀ ਦਿੱਤੀ ਹੈ| ਜਦੋਂ ਇਹ ਮਤਾ ਹਾਊਸ ਵਿੱਚ ਪੇਸ਼ ਕੀਤਾ ਜਾਵੇਗਾ| ਉਦੋਂ ਪੂਰੀ ਜਾਣਕਾਰੀ ਅਤੇ ਸਹੀ ਜਵਾਬ ਵੀ ਦਿਆਂਗੇ| ਬੀ ਬੀ ਮੈਣੀ ਨੇ ਮੇਅਰ ਨੂੰ ਕਿਹਾ ਕਿ ਇਹ ਤੁਹਾਡੀ ਸੋਚ ਹੋ ਸਕਦੀ ਹੈ, ਜਾਂ ਦੱਸੋ ਕਿ ਇਸ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ ਜਾਂ ਸਰਕਾਰ ਨੇ ਕੋਈ ਹਦਾਇਤ ਕੀਤੀ ਹੈ| ਇਸ ਸਬੰਧੀ ਮੇਅਰ ਨੇ ਕਿਹਾ ਕਿ ਜੇਕਰ ਮੇਰੀ ਸੋਚ ਮਾੜੀ ਹੋਈ ਤਾਂ ਮੈਂ ਸ਼ਹਿਰ ਵਿੱਚ ਹੀ ਬੈਠਾ ਹਾਂ, ਕਿਤੇ ਭੱਜਣ ਨਹੀਂ ਲੱਗਿਆ|
ਇਹ ਗੱਲ ਹਾਲੇ ਪੂਰੀ ਵੀ ਨਹੀਂ ਹੋਈ ਸੀ ਕਿ ਸ੍ਰੀ ਬੇਦੀ ਨੇ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦਾ ਸੁਆਲ ਚੁੱਕਦਿਆਂ ਕਿਹਾ ਕਿ ਜੇਕਰ ਸਾਰੇ ਕੰਮ ਵਿੱਤ ਤੇ ਠੇਕਾ ਕਮੇਟੀ ਨੇ ਪਾਸ ਕਰ ਲੈਣੇ ਹੁੰਦੇ ਹਨ ਤਾਂ ਫਿਰ ਕੌਂਸਲਰਾਂ ਦੀ ਮੀਟਿੰਗ ਬੁਲਾਉਣ ਦੀ ਕੋਈ ਲੋੜ ਨਹੀਂ ਹੈ| ਉਨ੍ਹਾਂ ਕਿਹਾ ਕਿ ਅੱਗਿਓਂ ਵੀ ਸਾਰੇ ਇਵੇਂ ਹੀ ਕਰ ਲਿਆ ਕਰੋ ਅਤੇ ਵਿਧਾਨ ਸਭਾ ਵਾਂਗ ਸਾਲ ਵਿੱਚ ਇੱਕ ਜਾਂ ਦੋ ਵਾਰੀ ਕੌਂਸਲਰਾਂ ਦੀ ਮੀਟਿੰਗ ਸੱਦ ਕੇ ਕਾਰਵਾਈ ਪਾ ਲਿਆ ਕਰੋ|
ਇਸ ਸਬੰਧੀ ਅਕਾਲੀ ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਮੇਅਰ ਦਾ ਪੱਖ ਪੂਰਦਿਆਂ ਕਿਹਾ ਕਿ ਜੇਕਰ ਹਾਊਸ ਵਿੱਚ ਪਾਸ ਕੀਤੇ ਮਤਿਆਂ ਤੇ ਸਰਕਾਰ ਰੋਕ ਲਗਾਏਗੀ ਤਾਂ ਵਿੱਤ ਤੇ ਠੇਕਾ ਕਮੇਟੀ ਵਿੱਚ ਹੀ ਕੰਮ ਪਾਸ ਕੀਤੇ ਜਾਣੇ ਬਿਲਕੁਲ ਠੀਕ ਹਨ| ਇਸ ਸਬੰਧੀ ਮੇਅਰ ਨੇ ਜਵਾਬ ਦਿੱਤਾ ਕਿ ਨਿਗਮ ਵੱਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਨੂੰ ਪ੍ਰਾਵਨਗੀ ਲਈ ਭੇਜੇ 60 ਮਤਿਆਂ ਤੇ ਰੋਕ ਲੱਗੀ ਹੋਈ ਹੈ| ਜਿਸ ਕਾਰਨ ਮੁਹਾਲੀ ਦਾ ਵਿਕਾਸ ਰੁਕਿਆ ਹੋਇਆ ਹੈ| ਅਸੀਂ ਜਿਹੜਾ ਵੀ ਮਤਾ ਪਾਸ ਕਰਕੇ ਭੇਜਦੇ ਹਾਂ ਡਾਇਰੈਕਟੋਰੇਟ ਦਫ਼ਤਰ ਜਾ ਕੇ ਰੁੱਕ ਜਾਂਦਾ ਹੈ|
ਫੂਲਰਾਜ ਸਿੰਘ ਨੇ ਪਬਲਿਕ ਪਖਾਨਿਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸ਼ਹਿਰ ਵਿੱਚ ਠੇਕੇਦਾਰ ਨੂੰ ਇਸ ਕੰਮ ਲਈ ਪੈਸੇ ਦਿੱਤੇ ਜਾਂਦੇ ਹਨ ਪ੍ਰੰਤੂ ਇਸ ਦੇ ਬਾਵਜੂਦ ਠੇਕੇਦਾਰ ਦੇ ਬੰਦੇ ਬਾਥਰੂਮ ਜਾਣ ਵਾਲਿਆਂ ਤੋਂ ਪੈਸੇ ਵਸੂਲਦੇ ਹਨ, ਜੋ ਸਰਾਸਰ ਗਲਤ ਹੈ| ਇਸ ਸਬੰਧੀ ਮੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਣਦੀ ਕਾਰਵਾਈ ਕੀਤੀ ਜਾਵੇ| ਆਰ ਪੀ ਸ਼ਰਮਾ ਨੇ ਸਵੱਛ ਭਾਰਤ ਮੁਹਿੰਮ ਸ਼ਹਿਰ ਵਿੱਚ ਬਣਾਏ ਜਾਣ ਵਾਲੇ ਪਬਲਿਕ ਪਖਾਨਿਆਂ ਤੇ ਸਰਕਾਰ ਵੱਲੋਂ ਰੋਕ ਲਗਾਉਣ ਦੀ ਸਖ਼ਤ ਨਿਖੇਧੀ ਕੀਤੀ| ਅਕਾਲੀ ਕੌਂਸਲਰਾਂ ਨੇ ਕਈ ਹੋਰਨਾਂ ਮੁੱਦਿਆਂ ਤੇ ਵੀ ਸਰਕਾਰ ਨੂੰ ਘੇਰਦਿਆਂ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਮਤਿਆਂ ਨੂੰ ਪ੍ਰਵਾਨਗੀ ਨਾ ਦੇਣ ਦਾ ਦੋਸ਼ ਲਾਇਆ| ਇਸ ਤੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਲਾਲ ਪੀਲੇ ਹੋ ਗਏ ਅਤੇ ਹੋਰ ਕਾਂਗਰਸੀ ਕੌਂਸਲਰਾਂ ਨੇ ਵੀ ਕਾਫੀ ਬੁਰਾ ਮਨਾਇਆ| ਬਾਅਦ ਵਿੱਚ ਹਾਊਸ ਇਸ ਸਿੱਟੇ ਤੇ ਪੁੱਜਾ ਕਿ ਜਿਹੜੇ ਮਤਿਆਂ ਤੇ ਰੋਕ ਲਗਾਈ ਗਈ ਹੈ| ਉਸ ਸਬੰਧੀ ਸਪੈਸ਼ਲ ਮੀਟਿੰਗ ਸੱਦੀ ਜਾਵੇਗੀ ਅਤੇ ਬਾਅਦ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਦਫ਼ਤਰ ਵੱਲ ਕੂਚ ਕੀਤਾ ਜਾਵੇ| ਇਸ ਤੇ ਕੌਂਸਲਰਾਂ ਦੀ ਆਪਸੀ ਸਹਿਮਤੀ ਬਣ ਗਈ|
ਬੀਬੀ ਕੁਲਦੀਪ ਕੌਰ ਕੰਗ ਨੇ ਸ਼ਹਿਰ ਵਿੱਚ ਬਰਸਾਤੀ ਪਾਣੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਹਾਲੇ ਤੱਕ ਨਗਰ ਨਿਗਮ ਨੇ ਠੋਸ ਕਦਮ ਨਹੀਂ ਚੁੱਕੇ ਹਨ| ਜਿਸ ਕਾਰਨ ਇਸ ਵਾਰ ਵੀ ਸ਼ਹਿਰ ਵਾਸੀਆਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ| ਇਸ ਬਾਰੇ ਮੇਅਰ ਨੇ ਦੱਸਿਆ ਕਿ ਸ਼ਹਿਰ ਵਿੱਚ ਕਈ ਥਾਵਾਂ ਤੇ ਕਾਜਵੇ ਬਣਾਏ ਜਾ ਰਹੇ ਹਨ ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਹੋ ਸਕੇ| ਕਮਲਜੀਤ ਸਿੰਘ ਰੂਬੀ ਨੇ ਐਨ ਚੋਅ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ| ਬੌਬੀ ਕੰਬੋਜ ਨੇ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸੈਕਟਰ 68 ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਾਲਤੂ ਪਸ਼ੂ ਬੰਨੇ ਹੋਏ ਹਨ| ਜਿਸ ਕਾਰਨ ਸ਼ਹਿਰ ਵਿੱਚ ਗੰਦਗੀ ਖਿੱਲਰ ਰਹੀ ਹੈ| ਗੁਰਮੁੱਖ ਸਿੰਘ ਸੋਹਲ ਨੇ ਆਵਾਰਾ ਕੁੱਤਿਆਂ ਦਾ ਮੁੱਦਾ ਚੁੱਕਿਆ| ਕੌਂਸਲਰ ਬੇਦੀ ਨੇ ਫੇਜ਼ 3ਬੀ1 ਵਾਲਾ ਕਮਿਊਨਿਟੀ ਸੈਂਟਰ ਅਦਾਲਤ ਦੇ ਕਬਜ਼ੇ ਤੋਂ ਖਾਲੀ ਕਰਵਾਉਣ ਤੇ ਜ਼ੋਰ ਦਿੱਤਾ| ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਵੱਲੋਂ ਮਤਾ ਪਾਸ ਕੀਤਾ ਜਾਂਦਾ ਹੈ ਤਾਂ ਉਹ ਅਦਾਲਤ ਵਿੱਚ ਜਾਣ ਲਈ ਤਿਆਰ ਹਨ|
ਉਧਰ, ਮੇਅਰ ਨੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਬਾਰੇ ਹਾਊਸ ਨੂੰ ਦੱਸਿਆ ਕਿ ਨਗਰ ਨਿਗਮ ਨੇ ਘਰ ਘਰ ਜਾ ਕੇ ਸਰਵੇ ਕੀਤਾ ਹੈ| ਜਿਸ ਵਿੱਚ ਇਹ ਪਾਇਆ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਜ਼ਰੂਰਤ ਤੋਂ ਵੱਧ ਪਾਣੀ ਵਰਤ ਰਹੇ ਹਨ| ਨਿਯਮਾਂ ਅਨੁਸਾਰ ਪ੍ਰਤੀ ਵਿਅਕਤੀ 155 ਲੀਟਰ ਪਾਣੀ ਦੀ ਲੋੜ ਹੈ ਪ੍ਰੰਤੂ ਸ਼ਹਿਰ ਵਿੱਚ ਇੱਕ ਬੰਦਾ ਰੋਜ਼ਾਨਾ 380 ਲੀਟਰ ਤੋਂ ਵੱਧ ਵਰਤ ਰਿਹਾ ਹੈ| ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਨੂੰ ਸੰਜਮ ਨਾਲ ਵਰਤਿਆ ਜਾਵੇ|

Leave a Reply

Your email address will not be published. Required fields are marked *