ਮੁਹਾਲੀ ਨਗਰ ਨਿਗਮ ਦੇ ਕੰਮਕਾਜ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਬਣਾਵੇਗੀ ਭਾਰਤੀ ਜਨਤਾ ਪਾਰਟੀ : ਸੁਭਾਸ਼ ਸ਼ਰਮਾ ਨਗਰ ਨਿਗਮ ਚੋਣਾਂ ਸਬੰਧੀ ਭਾਜਪਾ ਵੱਲੋਂ 31 ਸੂਤਰੀ ਚੋਣ ਮੈਨੀਫ਼ੈਸਟੋ ਜਾਰੀ

ਐਸ ਏ ਐਸ ਨਗਰ, 11 ਫ਼ਰਵਰੀ (ਸ.ਬ.) ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਹੁਗਿਣਤੀ ਸੀਟਾਂ ਉਤੇ ਜਿੱਤ ਹਾਸਿਲ ਕਰੇਗੀ ਅਤੇ ਨਿਗਮ ਵਿੱਚ ਭਾਜਪਾ ਦਾ ਮੇਅਰ ਬਣਾਇਆ ਜਾਵੇਗਾ ਜਿਸ ਉਪਰੰਤ ਨਗਰ ਨਿਗਮ ਦੇ ਕੰਮਕਾਜ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਬਣਾਇਆ ਜਾਵੇਗਾ। ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਇਹ ਵਿਚਾਰ ਅੱਜ ਇੱਥੇ ਸੈਕਟਰ 71 ਸਥਿਤ ਪਾਰਟੀ ਦਫ਼ਤਰ ਵਿੱਚ ਭਾਜਪਾ ਦਾ 31 ਸੂਤਰੀ ਚੋਣ ਮੈਨੀਫ਼ੈਸਟੋ ਰਿਲੀਜ਼ ਕਰਨ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਸਾਬਕਾ ਮੰਤਰੀ ਅਤੇ ਨਿਗਮ ਚੋਣਾਂ ਲਈ ਭਾਜਪਾ ਦੇ ਇੰਚਾਰਜ ਸ੍ਰੀ ਕੇ.ਡੀ. ਭੰਡਾਰੀ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਸ੍ਰੀ ਸੁਖਵਿੰਦਰ ਸਿੰਘ ਗੋਲਡੀ, ਸੰਜੀਵ ਵਸ਼ਿਸ਼ਟ, ਇਮਪ੍ਰੀਤ ਸਿੰਘ ਬਖਸ਼ੀ, ਜਗਦੀਪ ਸਿੰਘ ਔਜਲਾ, ਜਗਜੋਤ ਸਿੰਘ ਲਾਲੀ ਵੀ ਮੌਜੂਦ ਸਨ।

ਭਾਜਪਾ ਦੇ ਚੋਣ ਮੈਨੀਫ਼ੈਸਟੋ ਵਿੱਚ ਨਿਗਮ ਦਫ਼ਤਰ ਦੇ ਕੰਮਕਾਜ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਬਣਾਉਣਾ, ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਆਧੁਨਿਕ ਕਿਸਾਨ ਮੰਡੀਆਂ ਬਣਾਉਣੀਆਂ, ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦਾ ਆਨਲਾਈਨ ਸਿੱਧਾ ਪ੍ਰਸਾਰਣ ਕਰਵਾਉਣਾ, ਵਾਰਡਬੰਦੀ ਇੱਕਸਾਰ ਢੰਗ ਨਾਲ ਕਰਵਾਉਣਾ, ਨਿਗਮ ਖੇਤਰ ਵਿਚਲੇ ਪਿੰਡਾਂ ਵਿੱਚ ਵੀ ਪਾਰਕਾਂ, ਪਾਰਕਿੰਗ ਅਤੇ ਸਟਰੀਟ ਲਾਈਟਾਂ ਦੇ ਪ੍ਰਬੰਧ ਕਰਵਾਉਣੇ, ਸ਼ਹਿਰ ਵਿੱਚ ਇੱਕ ਹੋਰ ਸ਼ਮਸ਼ਾਨ ਘਾਟ ਬਣਵਾਉਣਾ, ਸ਼ਹਿਰ ਨਿਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਮੋਬਾਈਲ ਐਪ ਵਿਕਸਿਤ ਕਰਨਾ, ਸ਼ਹਿਰ ਨਿਵਾਸੀਆਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਲਗਵਾਉਣੇ, ਸਿਟੀ ਬੱਸ ਸਰਵਿਸ, ਪਾਰਕਾਂ ਦੀ ਸੰਭਾਲ ਲਈ ਗਰਾਂਟਾਂ ਦੁੱਗਣੀਆਂ ਕਰਨਾ, ਬਜ਼ੁਰਗਾਂ ਨੂੰ ਘਰ ਤੱਕ ਸਿਹਤ ਸਹੂਲਤਾਂ ਦੇਣ ਲਈ ਵਿਸ਼ੇਸ਼ ਬੱਸ ਚਾਲੂ ਕਰਨਾ, ਰਿਹਾਇਸ਼ੀ ਖੇਤਰਾਂ ਵਿੱਚ ਪੁਲੀਸ ਪੈਟ੍ਰੋਲਿੰਗ ਯਕੀਨੀ ਬਣਾਉਣਾ, ਸਾਈਕਲ ਟਰੈਕ ਬਣਾਉਣੇਆਦਿ ਸਮੇਤ ਕੁੱਲ 31 ਪੁਆਇੰਟ ਮੈਨੀਫ਼ੈਸਟੋ ਵਿੱਚ ਸ਼ਾਮਿਲ ਕੀਤੇ ਗਏ ਹਨ।

Leave a Reply

Your email address will not be published. Required fields are marked *