ਮੁਹਾਲੀ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਬਣਾਵਾਂਗੇ ਫਲਾਈ ਓਵਰ : ਕੁਲਵੰਤ ਸਿੰਘ ਕੁਲਵੰਤ ਸਿੰਘ ਵੱਲੋਂ ਅਜ਼ਾਦ ਗਰੁੱਪ ਦਾ ਚੋਣ ਮੈਨੀਫੈਸਟੋ ਜਾਰੀ, ਬਲਬੀਰ ਸਿੱਧੂ ਤੇ ਸ਼ਾਮਲਾਤ ਜ਼ਮੀਨਾਂ ਤੇ ਕਬਜ਼ੇ ਕਰਨ ਦਾ ਇਲਜਾਮ ਲਗਾਇਆ
ਐਸ.ਏ.ਐਸ ਨਗਰ, 11 ਫਰਵਰੀ (ਸ.ਬ.) ਨਗਰ ਨਿਗਮ ਮੁਹਾਲੀ ਦੇ ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸz. ਕੁਲਵੰਤ ਸਿੰਘ ਵੱਲੋਂ ਅੱਜ ਸੈਕਟਰ 79 ਵਿਚਲੇ ਅਜ਼ਾਦ ਗਰੁੱਪ ਦੇ ਮੁੱਖ ਚੋਣ ਦਫਤਰ ਵਿਖੇ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਸz. ਕੁਲਵੰਤ ਸਿੰਘ ਨੇ ਕਿਹਾ ਕਿ ਅਜ਼ਾਦ ਗਰੁੱਪ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਜੋ ਵਾਅਦੇ ਕੀਤੇ ਗਏ ਹਨ, ਜਿੱਤਣ ਉਪਰੰਤ ਉਹਨਾਂ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬੁਨਿਆਦੀ ਢਾਂਚੇ ਨੂੰ ਹਰ ਪੱਖੋਂ ਮਜ਼ਬੂਤ ਕਰਾਂਗੇ।
ਅਜ਼ਾਦ ਗਰੁੱਪ ਦੇ ਮੁਖੀ ਨੇ ਕਿਹਾ ਕਾਂਗਰਸ ਤੇ ਅਕਾਲੀ ਹਾਰ ਦੇ ਡਰੋਂ ਆਪਸ ਵਿੱਚ ਮਿਲ ਕੇ ਨਗਰ ਨਿਗਮ ਦੀਆਂ ਚੋਣਾਂ ਲੜ ਰਹੇ ਹਨ, ਪਰ ਇਸਦੇ ਬਾਵਜੂਦ ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰ ਰਿਕਾਰਡਤੋੜ ਵੋਟਾਂ ਨਾਲ ਜਿੱਤਣਗੇ, ਕਿਉਂਕਿ ਮੁਹਾਲੀ ਦੇ ਲੋਕ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਿਰਫ ਕਿਰਦਾਰ ਦੇਖ ਕੇ ਹੀ ਵੋਟਾਂ ਪਾਉਣਗੇ। ਉਹਨਾਂ ਕਿਹਾ ਕਿ ਹਾਰ ਦੇ ਡਰੋਂ ਬਲਬੀਰ ਸਿੱਧੂ ਨੇ ਮੁਹਾਲੀ ਸ਼ਹਿਰ ਦੇ ਸਾਰੇ ਵਾਰਡਾਂ ਨੂੰ ਤੋੜ-ਮਰੋੜ ਕੇ ਕਈ ਕਿਲੋਮੀਟਰ ਲੰਬਾ ਬਣਾ ਦਿੱਤਾ ਹੈ।
ਉਹਨਾਂ ਕਿਹਾ ਕਿ ਉਨ੍ਹਾਂ ਪਿਛਲੇ ਪੰਜ ਸਾਲਾਂ ਦੌਰਾਨ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਵਿਕਾਸ ਦੇ ਕੰਮ ਕੀਤੇ ਹਨ, ਜਦਕਿ ਦੂਜੇ ਪਾਸੇ ਬਲਬੀਰ ਸਿੱਧੂ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਪਾਵਰ ਦੀ ਦੁਰਵਰਤੋਂ ਕਰਦਿਆਂ ਕਰੋੜਾਂ ਰੁਪਏ ਦੀਆਂ ਸ਼ਾਮਲਾਤ ਜ਼ਮੀਨਾਂ ਤੇ ਕਬਜ਼ੇ ਕੀਤੇ ਹਨ। ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕੁਲਵੰਤ ਸਿੰਘ ਨੇ ਕਿਹਾ ਉਹ ਪਿਛਲੇ ਪੰਜ ਸਾਲਾਂ ਵਿੱਚ ਵੀ ਕੇਂਦਰ ਕੋਲੋਂ ਮੁਹਾਲੀ ਲਈ ਸੀਵਰੇਜ਼ ਅਤੇ ਪਾਣੀ ਦੇ 2 ਵੱਡੇ ਪ੍ਰੋਜੈਕਟ ਲੈ ਕੇ ਆਏ ਸੀ, ਜਿਸ ਨਾਲ ਮੁਹਾਲੀ ਵਾਸੀਆਂ ਨੂੰ ਵੱਡੀ ਰਾਹਤ ਅਤੇ ਸਹੂਲਤ ਮਿਲੀ ਹੈ ਅਤੇ ਇਸ ਵਾਰ ਵੀ ਜਿੱਤਣ ਉਪਰੰਤ ਉਹ ਮੁਹਾਲੀ ਲਈ ਵੱਡੇ ਪ੍ਰੋਜੈਕਟ ਪਾਸ ਕਰਵਾਉਣਗੇ।
ਚੋਣ ਮੈਨੀਫੈਸਟੋ ਰਾਹੀਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਗਿਆ ਹੈ ਕਿ ਮੁਹਾਲੀ ਵਿਚਲੀ 200 ਫੁੱਟ ਰੋਡ ਤੇ ਫਲਾਈ ਓਵਰ ਬਣੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਨਗਰ ਨਿਗਮ ਦੇ 30 ਤੋਂ 40 ਫੀਸਦੀ ਬਜਟ ਨੂੰ ਪਾਰਕਾਂ ਦੇ ਸੁੰਦਰੀਕਰਨ, ਲੈਂਡਸਕੇਪਿੰਗ, ਨਵੇਂ ਫਲਦਾਰ ਤੇ ਫੁੱਲਾਂ ਵਾਲੇ ਬੂਟਿਆਂ ਦੇ ਨਾਲ-ਨਾਲ ਖੂਬਸੂਰਤ ਦਰਖਤ ਲਗਵਾਏ ਜਾਣਗੇ ਤਾਂ ਜੋ ਮੁਹਾਲੀ ਦੀ ਆਬੋ ਹਵਾ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਨ ਮੁਕਤ ਕੀਤਾ ਜਾ ਸਕੇ। ਆਧੁਨਿਕ ਆਡੀਟੋਰੀਅਮ ਅਤੇ ਕਲ੍ਹਾ ਕੇਂਦਰ ਬਣਾਇਆ ਜਾਵੇਗਾ ਤਾਂ ਜੋ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ ਅਤੇ ਪੱਤਰਕਾਰਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।
ਸz. ਕੁਲਵੰਤ ਸਿੰਘ ਨੇ ਕਿਹਾ ਕਿ ਕਿ ਉਹ ਜਿੱਤਣ ਉਪਰੰਤ ਸ਼ਹਿਰ ਵਿੱਚ ਸਿਟੀ ਬੱਸ ਸਰਵਿਸ ਨੂੰ ਹਰ ਹੀਲੇ ਚਲਵਾਉਣਗੇ, ਇਸ ਲਈ ਭਾਵੇਂ ਅਦਾਲਤ ਦਾ ਸਹਾਰਾ ਵੀ ਲੈਣਾ ਪਵੇ। ਅਖ਼ੀਰ ਵਿੱਚ ਕੁਲਵੰਤ ਸਿੰਘ ਨੇ ਪਾਰਟੀ ਨਹੀਂ ਕਿਰਦਾਰ ਚੁਣੋਂ ਦਾ ਨਾਅਰਾ ਦਿੰਦਿਆਂ ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।