ਮੁਹਾਲੀ- ਪਟਿਆਲਾ ਰੂਟ ਉਪਰ ਪੀ ਆਰ ਟੀ ਸੀ ਬੱਸਾਂ ਦੇ ਟਾਇਮ ਮਿਸ ਹੋਣ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 3 ਫਰਵਰੀ (ਸ ਬ) : ਮੁਹਾਲੀ ਤੋਂ ਪਟਿਆਲਾ ਜਾਣ ਲਈ ਭਾਵੇਂ ਕਿ ਪੀ ਆਰ ਟੀ ਸੀ ਵਲੋਂ ਸਾਰੇ ਦਿਨ ਵਿਚ ਹੀ ਕਾਫੀ ਬੱਸਾਂ ਚਲਾਈਆਂ ਹੋਈਆਂ ਹਨ ਪਰ ਇਹਨਾਂ ਬੱਸਾਂ ਵਿਚੋਂ ਜਿਆਦਾਤਰ ਬੱਸਾਂ ਦੇ ਟਾਇਮ ਮਿਸ ਹੋਣ ਕਾਰਨ ਇਸ ਰੂਟ ਉਪਰ ਸਫਰ ਕਰਨ ਵਾਲੇ ਲੋਕਾਂ ਨੁੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਬੀਤੇ ਦਿਨ ਵੀ ਮੁਹਾਲੀ ਦੇ ਬੱਸ ਸਟੈਂਡ ਤੋਂ ਸ਼ਾਮ 4.40 ਉਪਰ ਚਲਦੀ ਬੱਸ ਅਤੇ ਸ਼ਾਮ 5 ਵਜੇ ਮੁਹਾਲੀ ਤੋਂ ਪਟਿਆਲਾ ਜਾਣ ਵਾਲੀਆਂ ਬੱਸਾਂ ਨਹੀਂ ਆਈਆਂ ਜਿਸ ਕਾਰਨ ਬੱਸ ਸਟੈਂਡ ਵਿਚ ਪਟਿਆਲਾ, ਲਾਂਡਰਾ, ਰਾਜਪੁਰਾ, ਬਨੂੰੜ ਜਾਣ ਵਾਲੇ ਲੋਕਾਂ ਦੀ ਵੱਡੀ ਭੀੜ ਜਮਾਂ ਹੋ ਗਈ, ਜਿਸ ਕਰਕੇ ਇਹਨਾਂ ਲੋਕਾਂ ਨੂੰ  ਬੱਸਾਂ ਦੇ ਟਾਇਮ ਮਿਸ ਹੋਣ ਕਾਰਨ ਕਾਫੀ ਪ੍ਰੇਸ਼ਾਨ ਹੋਣਾ ਪਿਆ| ਫਿਰ ਮੁਹਾਲੀ ਬੱਸ ਸਟੈੱਡ ਤੋਂ ਪੰਜ ਵੱਜ ਕੇ ਵੀਹ ਮਿੰਟ ਉਪਰ ਜੋ ਪੀ ਆਰ ਟੀ ਸੀ ਦੀ ਬੱਸ ਚਲੀ, ਉਸ ਵਿਚ ਤਿੰਨ ਬੱਸਾਂ ਦੀ ਸਵਾਰੀ ਹੋਣ ਕਾਰਨ ਉਹ ਤੂੜੀ ਦੇ ਟਰੱਕ ਵਾਂਗ ਹੀ ਉਵਰਲੋਡ ਹੋ ਗਈ| ਇਸ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਤਾਂ ਪਟਿਆਲਾ ਤੱਕ ਖੜੇ ਹੋ ਕੇ ਹੀ ਸਫਰ ਕਰਨ ਲਈ ਮਜਬੂਰ ਹੋਣਾ ਪਿਆ|
ਇਸ ਰੂਟ ਉਪਰ ਨਿਤ ਦਿਨ ਹੀ ਸਫਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਰੂਟ ਉਪਰ ਹਫਤੇ ਵਿਚ ਸਿਰਫ ਦੋ ਕੁ ਦਿਨ ਹੀ ਸਾਰੇ ਟਾਇਮਾਂ ਉਪਰ ਬੱਸਾਂ ਚਲਦੀਆਂ ਹਨ ਨਹੀਂ ਤਾਂ ਅਕਸਰ ਹੀ ਇਸ ਰੂਟ ਉਪਰ  ਪੀ ਆਰ ਟੀ ਸੀ ਦੀਆਂ ਬੱਸਾਂ ਦੇ ਟਾਇਮ ਮਿਸ ਰਹਿੰਦੇ ਹਨ| ਕੁਝ ਲੋਕਾਂ ਨੇ ਦੋਸ਼ ਲਗਾਇਆ ਕਿ ਅਜਿਹਾ ਪੀ ਆਰ ਟੀ  ਸੀ ਦੇ ਡਰਾਇਵਰਾਂ ਕੰਡਕਟਰਾਂ ਤੇ ਹੋਰ ਮੁਲਾਜਮਾਂ ਦੇ ਪ੍ਰਾਈੇਵੇਟ ਬੱਸਾਂ ਵਾਲਿਆਂ ਨਾਲ ਕਥਿਤ ਮਿਲੀਭੁਗਤ ਨਾਲ ਵੀ ਹੋ ਰਿਹਾ ਹੈ ਕਿਉਂਕਿ ਜਦੋਂ ਪੀ ਆਰ ਟੀ ਸੀ ਬੱਸਾਂ ਦੇ ਇਕਠੇ ਹੀ ਦੋ ਦੋ ਟਾਇਮ ਮਿਸ ਹੋ ਜਾਂਦੇ ਹਨ ਤਾਂ ਲੋਕਾਂ ਨੂੰ ਪ੍ਰਾਈਵੇਟ ਬੱਸਾਂ ਵਿਚ ਸਫਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ| ਸ਼ਾਮ ਦੇ ਸਮੇਂ ਪੀ ਆਰ ਟੀ ਸੀ ਦੇ ਟਾਇਮ ਮਿਸ ਹੋਣ ਕਾਰਨ ਲੋਕ ਲਾਂਡਰਾ ਤੱਕ ਆਟੋ ਵਿਚ ਜਾਂਦੇ ਹਨ ਅਤੇ ਉਥੋਂ ਚਲਦੀਆਂ ਜਾਂ ਖਰੜ ਤੋਂ ਆਉਂਦੀਆਂ ਪ੍ਰਾਈਵੇਟ ਬੱਸਾਂ ਵਿਚ ਸਫਰ ਕਰਨ ਲਈ ਮਜਬੂਰ ਹੁੰਦੇ ਹਨ| ਰੌਜਾਨਾਂ ਸਫਰ ਕਰਨ ਵਾਲਿਆਂ ਨੇ ਦੋਸ਼ ਲਗਾਇਆ ਕਿ ਹਰ ਤੀਜੇ ਦਿਨ ਹੀ ਪੀ ਆਰ ਟੀ ਸੀ ਦੇ ਮੁਹਾਲੀ ਪਟਿਆਲਾ ਰੂਟ ਉਪਰ ਬੱਸਾਂ ਦੇ ਟਾਇਮ ਮਿਸ ਹੋਣ ਪਿੱਛੇ ਕੋਈ ਕਾਲਾਬਾਜਾਰੀ ਜਰੂਰ ਹੈ, ਜਿਸ ਦੀ ਕਿ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ|
ਇਸ ਸਬੰਧੀ ਜਦੋਂ ਵੀ ਪੀ ਆਰ ਟੀ ਸੀ ਦੇ ਅਧਿਕਾਰੀਆਂ ਜਾਂ ਮੁਲਾਜਮਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਇਕੋ ਹੀ ਜਵਾਬ ਹੁੰਦਾ ਹੈ ਕਿ ਰਸਤੇ ਵਿਚ ਜਾਮ ਲੱਗ ਗਿਆ ਜੀ, ਇਸ ਕਰਕੇ ਬੱਸਾਂ ਲੇਟ ਹਨ, ਜਦੋਂਕਿ ਜਾਮ ਤਾਂ ਪ੍ਰਾਈੇਵੇਟ ਬੱਸਾਂ ਲਈ ਵੀ ਹੁੰਦਾ ਹੈ ਫਿਰ ਕਦੇ ਵੀ ਪ੍ਰਾਈਵੇਟ ਬੱਸਾਂ ਦੇ ਟਾਇਮ ਕਦੇ ਵੀ ਮਿਸ ਨਹੀਂ ਹੁੰਦੇ| ਇਸ ਰੂਟ ਉਪਰ ਰੌਜਾਨਾਂ ਸਫਰ ਕਰਨ ਵਾਲਿਆਂ ਨੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਹੈ ਕਿ ਇਸ ਰੂਟ ਉਪਰ ਸਾਰੇ ਟਾਇਮਾਂ ਉਪਰ ਹੀ ਬੱਸਾਂ ਚਲਾਉਣੀਆਂ ਯਕੀਨੀ ਬਣਾਈਆਂ ਜਾਣ, ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ|

Leave a Reply

Your email address will not be published. Required fields are marked *