ਮੁਹਾਲੀ ਪੁਲੀਸ ਨੇ ਨਾਜਾਇਜ਼ ਸ਼ਰਾਬ ਦੀਆਂ 217 ਪੇਟੀਆਂ ਫੜੀਆਂ, 20 ਗ੍ਰਾਮ ਹੈਰੋਇਨ ਬਰਾਮਦ

ਐਸ.ਏ.ਐਸ. ਨਗਰ, 23 ਮਾਰਚ (ਸ.ਬ.) ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਪੁਲੀਸ ਨੇ 22-23 ਮਾਰਚ 2019 ਦੀ ਦਰਮਿਆਨੀ ਰਾਤ ਨੂੰ ਨਾਜਾਇਜ਼ ਸ਼ਰਾਬ ਦੀਆਂ 217 ਪੇਟੀਆਂ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ| ਇਸ ਦੇ ਨਾਲ ਹੀ ਪੁਲੀਸ ਨੇ ਇਕ ਕੈਂਟਰ, ਇਕ ਵਰਨਾ ਕਾਰ ਅਤੇ ਇਕ ਥ੍ਰੀ-ਵੀਲ੍ਹਰ ਬਰਾਮਦ ਕਰਕੇ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ|
ਜ਼ਿਲ੍ਹਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਮੁਬਾਰਕਪੁਰ ਦੇ ਇੰਚਾਰਜ ਥਾਣੇਦਾਰ ਪ੍ਰਕਾਸ਼ ਮਸੀਹ ਨੇ ਗੁਪਤ ਇਤਲਾਹ ਦੇ ਆਧਾਰ ਉਤੇ ਜ਼ੀਰਕਪੁਰ-ਪਟਿਆਲਾ ਹਾਈਵੇਅ ਉਤੇ ਕੌਮਾਂਤਰੀ ਹਵਾਈ ਅੱਡਾ ਰੋਡ ਦੇ ਲਾਈਟ ਪੁਆਇੰਟ ਤੋਂ ਰਾਤ ਸਮੇਂ ਚੈਕਿੰਗ ਦੌਰਾਨ ਕੈਂਟਰ (ਪੀ.ਬੀ-65 ਐਫ-7286) ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ 200 ਪੇਟੀਆਂ ਬਰਾਮਦ ਕਰ ਕੇ ਕੈਂਟਰ ਚਾਲਕ ਬਲਦੇਵ ਰਾਜ ਵਾਸੀ ਮੁਬਾਰਿਕਪੁਰ ਨੂੰ ਗ੍ਰਿਫਤਾਰ ਕੀਤਾ ਹੈ| ਉਸ ਵਿਰੁੱਧ ਐਕਸਾਈਜ਼ ਐਕਟ ਦੀ ਧਾਰਾ 61, 1 ਤੇ 14 ਤਹਿਤ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮ ਬਲਦੇਵ ਰਾਜ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਸ ਨੇ ਇਹ ਸ਼ਰਾਬ ਪੰਚਕੂਲਾ ਤੋਂ ਲੋਡ ਕੀਤੀ ਸੀ ਅਤੇ ਲੁਧਿਆਣਾ ਵਿਖੇ ਸਪਲਾਈ ਕਰਨ ਲਈ ਲੈ ਕੇ ਜਾਣੀ ਸੀ| ਮੁਲਜ਼ਮ ਪਾਸੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ|
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਸੇ ਦੌਰਾਨ ਥਾਣਾ ਸਦਰ ਖਰੜ ਦੀ ਪੁਲੀਸ ਨੇ ਚੈਕਿੰਗ ਦੌਰਾਨ ਥ੍ਰੀਵੀਲਰ (ਪੀਬੀ-65ਏ.ਆਰ-9623) ਵਿੱਚੋਂ 10 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ| ਪੁਲੀਸ ਨੇ ਥ੍ਰੀਵੀਲਰ ਦੇ ਮਾਲਕ ਜਸਵਿੰਦਰ ਸਿੰਘ ਸਮੇਤ ਰਾਜਪਾਲ ਸਿੰਘ ਅਤੇ ਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਖ਼ਿਲਾਫ ਐਕਸਾਈਜ਼ ਐਕਟ ਦੀ ਧਾਰਾ 61,1,14 ਤਹਿਤ ਕੇਸ ਦਰਜ ਕੀਤਾ ਗਿਆ ਹੈ|
ਸ. ਭੁੱਲਰ ਨੇ ਦੱਸਿਆ ਕਿ ਥਾਣਾ ਸਦਰ ਖਰੜ ਦੀ ਪੁਲੀਸ ਨੇ ਵਿੱਕੀ ਸਿੰਘ, ਮਨੋਜ ਸ਼ਰਮਾ ਤੇ ਟੀਨੂੰ ਨਾਂ ਦੇ ਮੁਲਜ਼ਮਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ| ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21,61 ਤੇ 85 ਅਧੀਨ ਕੇਸ ਦਰਜ ਕੀਤਾ ਗਿਆ ਹੈ| ਇਸ ਤੋਂ ਇਲਾਵਾ ਥਾਣਾ ਡੇਰਾਬੱਸੀ ਦੀ ਪੁਲੀਸ ਨੇ ਚੈਕਿੰਗ ਦੌਰਾਨ ਇਕ ਵਰਨਾ ਕਾਰ (ਸੀ.ਐਚ-01ਏ.ਜੀ-2493) ਵਿੱਚੋਂ ਸੱਤ ਪੇਟੀਆਂ ਸ਼ਰਾਬ ਬਰਾਮਦ ਕਰ ਕੇ ਕਾਰ ਮਾਲਕ ਸਲਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ| ਮੁਲਜ਼ਮ ਖ਼ਿਲਾਫ਼ ਥਾਣਾ ਡੇਰਾਬਸੀ ਦੀ ਪੁਲਿਸ ਨੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ|
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਗਜ਼ਟਿਡ ਅਫ਼ਸਰ ਅਤੇ ਐਸ.ਐਚ.ਓਜ ਨੂੰ ਇਹ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਜ਼ਿਲ੍ਹੇ ਦੀ ਹੱਦ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਬਿਲਕੁਲ ਨਾ ਹੋਣ ਦਿੱਤੀ ਜਾਵੇ ਅਤੇ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਈ ਜਾਵੇ|

Leave a Reply

Your email address will not be published. Required fields are marked *