ਮੁਹਾਲੀ ਪੁਲੀਸ ਵਲੋਂ ਦੁਕਾਨਾਂ-ਗੁਦਾਮਾਂ ਵਿੱਚ ਪਾੜ ਲਗਾ ਕੇ ਚੋਰੀ ਕਰਨ ਵਾਲੇ ਚੋਰਾਂ ਦਾ ਗਿਰੋਹ ਕਾਬੂ, 50 ਲੱਖ ਦਾ ਸਾਮਾਨ ਬਰਾਮਦ

ਐਸ.ਏ.ਐਸ.ਨਗਰ, 28 ਜਨਵਰੀ (ਸ.ਬ.) ਮੁਹਾਲੀ ਪੁਲੀਸ ਵਲੋਂ ਦੁਕਾਨਾਂ-ਗੁਦਾਮਾਂ ਵਿੱਚ ਪਾੜ ਲਗਾ ਕੇ ਚੋਰੀ ਕਰਨ ਵਾਲੇ ਚੋਰਾਂ ਦਾ ਗਿਰੋਹ ਕਾਬੂ ਕੀਤਾ ਗਿਆ ਹੈ। ਇਹਨਾਂ ਚੋਰਾਂ ਕੋਲੋਂ 50 ਲੱਖ ਰੁਪਏ ਦਾ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਇਹ ਗਿਰੋਹ ਜੀਰਕਪੁਰ, ਮੁਹਾਲੀ ਦੇ ਦਰੀਆ ਵਿੱਚ ਵੱਡੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਰੇਕੀ ਕਰਕੇ ਪਾੜ ਲਗਾ ਕੇ ਵੱਡੀ ਮਾਤਰਾ ਵਿੱਚ ਚੋਰੀਆਂ ਕਰਦਾ ਸੀ।

ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸ ਪੀ ਸ੍ਰੀ ਹਰਵਿੰਦਰ ਸਿੰਘ ਵਿਰਕ ਅਤੇ ਡੀ ਐਸ ਪੀ ਸਿਟੀ 1 ਸ੍ਰੀ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਗਿਰੋਹ ਨੂੰ ਜਿਲ੍ਹਾ ਪੁਲੀਸ ਵਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਥਾਣਾ ਮਟੌਰ ਦੇ ਮੁੱਖ ਅਫਸਰ ਇਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਵਲੋਂ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਦੁਕਾਨਾਂ/ਗੁਦਾਮਾਂ ਵਿੱਚ ਪਾੜ ਲਗਾ ਕੇ ਚੋਰੀ ਕਰਨ ਵਾਲੇ ਚੋਰਾਂ ਜਸਵੀਰ ਸਿੰਘ ਵਾਸੀ ਗੁਰੂ ਅੰਗਦ ਦੇਵ ਕਲੋਨੀ ਜੰਡੋਲੀ, ਰਾਜਪੁਰਾ, ਸਾਹਿਲ ਅਤੇ ਸੁਲਭ ਵਾਸੀ ਮਹਾਂਵੀਰ ਮੰਦਰ ਰਾਜਪੁਰਾ, ਸਾਹਿਲ ਵਾਸੀ ਗੁਰੂ ਅੰਗਦ ਦੇਵ ਕਲੋਨੀ ਪਿੰਡ ਜੰਡੋਰੀ, ਰਾਜਪੁਰਾ, ਇਸ਼ਾਂਤ ਖੰਨਾ ਉਰਫ ਈਸੂ ਵਾਸੀ ਵਾਰਡ ਨੰਬਰ 15 ਖਰੜ, ਸਾਹਿਬ ਸਿੰਘ ਉਰਫ ਸਾਹਿਬਪ੍ਰੀਤ ਸਿੰਘ ਵਾਸੀ ਨੇੜੇ ਕਿਲਾ ਕੰਪਲੈਕਸ ਖਰੜ ਨੂੰ ਕਾਬੂ ਕੀਤਾ ਗਿਆ ਹੈ ਜਿਹਨਾਂ ਦੀ ਪੁੱਛਗਿਛ ਤੋਂ ਇਹਨਾਂ ਵਲੋਂ ਚੋਰੀ ਕੀਤਾ ਸਮਾਨ ਖਰੀਦਣ ਵਾਲੇ ਦੁਕਾਨਦਾਰ ਨਰੇਸ਼ ਵਾਸੀ ਗਾਂਧੀ ਕਲੋਨੀ ਰਾਜਪੁਰਾ, ਮੁਨੀਸ਼ ਕੁਮਾਰ ਵਾਸੀ ਰਾਜਪੁਰਾ ਟਾਊਨ, ਸੰਜਮ ਸਿੰਧੀ ਵਾਸੀ ਗਲੀ ਨੰਬਰ 5 ਤ੍ਰਿਪੜੀ ਟਾਊਨ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਚੋਰਾਂ ਵਲੋਂ 4 ਮਹਿੰਦਰਾ ਪਿੱਕਅਪ ਗੱਡੀਆ ਚੋਰੀ ਕੀਤੀਆਂ ਗਈਆਂ ਸਨ ਜਿਸ ਵਿੱਚੋਂ 1 ਮਹਿੰਦਰਾ ਪਿੱਕਅਪ ਗੱਡੀ ਬਰਾਮਦ ਹੋਈ ਹੈ ਅਤੇ ਭਾਰੀ ਮਾਤਰਾ ਵਿੱਚ ਚੋਰੀਸ਼ੁਦਾ ਗਰੋਸਰੀ ਅਤੇ ਦਵਾਈਆਂ, ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲੀਸ ਵਲੋਂ ਬਰਾਮਦ ਕੀਤੇ ਸਾਮਾਨ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਹੈ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਵਿਚੋਂ ਸਾਹਿਲ ਹੋਟਲ ਮੈਨੇਜਮੈਂਟ ਅਤੇ ਮੁਨੀਸ਼ ਡੀ-ਫਾਰਮੇਸੀ ਦੀ ਪੜਾਈ ਕਰ ਰਿਹਾ ਹੈ ਜਦੋਂਕਿ ਜਸਵੀਰ ਸਿੰਘ ਅਤੇ ਈਸ਼ੂ ਅਨਪੜ ਹਨ ਅਤੇ ਬਾਕੀ ਦੋਸ਼ੀ 8ਵੀਂ ਤੋਂ 12ਵੀਂ ਕਲਾਸ ਤੱਕ ਪੜੇ ਹਨ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਇਹਨਾਂ ਵਿਅਕਤੀਆਂ ਵਿਚੋਂ ਜਸਵੀਰ ਸਿੰਘ ਖਿਲਾਫ ਵੱਖ-ਵੱਖ ਥਾਣਿਆ ਵਿੱਚ 8, ਸਾਹਿਬ ਸਿੰਘ ਖਿਲਾਫ 2, ਇਸ਼ਾਨ ਉਰਵ ਈਸ਼ੂ ਖਿਲਾਫ 5 ਅਤੇ ਮੁਨੀਸ਼ ਖਿਲਾਫ 1 ਮੁਕੱਦਮਾ ਪਹਿਲਾਂ ਵੀ ਦਰਜ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਵਿੱਚ ਸਾਹਿਲ ਅਤੇ ਸੁਲਭ ਦੇਵ ਸਕੇ ਭਰਾ ਹਨ ਜਦੋਂਕਿ ਸਾਹਿਲ ਅਤੇ ਜਸਵੀਰ ਸਿੰਘ ਪਿਓ-ਪੁੱਤਰ ਹਨ। ਪੁਲੀਸ ਵਲੋਂ ਇਹਨਾਂ ਸਾਰਿਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਪੁੱਛਗਿਛ ਦੌਰਾਨ 3 ਚੋਰੀਆ ਜੀਰਕਪੁਰ ਅਤੇ 1 ਚੋਰੀ ਸ਼ਾਹੀਮਾਜਰਾ ਵਿਖੇ ਕਰਨ ਦੀ ਗੱਲ ਮੰਨੀ ਅਤੇ ਇਹਨਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਗਿਰੋਹ ਦੇ ਬਾਕੀ ਸਾਥੀਆਂ ਅਤੇ ਹੋਰ ਚੋਰੀਆਂ ਬਾਰੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *