ਮੁਹਾਲੀ ਪੁਲੀਸ ਵਲੋਂ ਬੈਂਕ ਡਕੈਤੀ ਦਾ ਮੁਲਜਮ ਕਾਬੂ

ਐਸ. ਏ. ਐਸ. ਨਗਰ, 26 ਜੁਲਾਈ (ਸ.ਬ.) ਮੁਹਾਲੀ ਪੁਲੀਸ ਨੇ ਬੀਤੇ ਦਿਨ ਫੇਜ਼-7 ਉਦਯੋਗਿਕ ਖੇਤਰ ਦੇ ਵਿੱਚ ਸਥਿਤ ਐਸ ਬੀ ਆਈ ਬੈਂਕ ਵਿੱਚ ਹੋਈ ਬੈਂਕ ਡਕੈਤੀ ਦੇ ਮੁਲਜਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ|
ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜਮ ਲਾਅ ਗੈਰਜੂਏਟ ਹੈ ਅਤੇ ਇਸ ਨੇ ਆੜਤੀ ਦਾ ਕਰਜਾ ਉਤਾਰਨ ਲਈ ਹੀ ਇਹ ਬੈਂਕ ਡਕੈਤੀ ਕੀਤੀ ਸੀ|
ਅੱਜ ਮੁਹਾਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ 25 ਜੁਲਾਈ ਨੂੰ ਫੇਜ਼-7 ਉਦਯੋਗਿਕ ਖੇਤਰ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਵਿੱਚੋਂ ਇੱਕ ਵਿਅਕਤੀ 7 ਲੱਖ 67 ਹਜਾਰ 500 ਰੁਪਏ ਲੁੱਟ ਕੇ ਲੈ ਗਿਆ ਸੀ| ਪੁਲੀਸ ਨੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਸੀ ਤੇ ਸਖਤ ਚੌਕਸੀ ਰੱਖੀ ਜਾ ਰਹੀ ਸੀ| ਇਸੇ ਦੌਰਾਨ ਸੰਨੀ ਇਨਕਲੇਵ ਦੇ ਵਸਨੀਕ ਮਨਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਨੇ ਕੰਟਰੋਲ ਰੂਮ ਨੂੰ ਫੋਨ ਕਰਕੇ ਆਪਣੀ ਵਾਕਸ ਵੈਗਨ ਜੇਟਾ ਦੀ ਖੋਹ ਹੋਣ ਜਾਣ ਦੀ ਸ਼ਿਕਾਇਤ ਦਰਜ ਕਰਵਾਈ | ਪੁਲੀਸ ਵਲੋਂ ਇਹ ਗੱਡੀ ਨਾਰਥ ਕੰਟਰੀ ਮਾਲ ਦੇ ਨੇੜਿਓਂ ਸ਼ੱਕੀ ਹਾਲਤ ਵਿੱਚ ਬਰਾਮਦ ਕੀਤੀ ਗਈ|  ਉਹਨਾਂ ਦੱਸਿਆ ਕਿ ਪੁਲੀਸ ਅਤੇ ਫੋਰੈਸਿਕ ਲੈਬ ਦੀਆਂ ਟੀਮਾਂ ਨੇ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਮਨਜਿੰਦਰ ਸਿੰਘ ਨੇ ਹੀ ਬੈਂਕ ਡਕੈਤੀ ਵਾਲੀ ਕਾਰਵਾਈ ਤੋਂ ਆਪਣੇ ਆਪ ਨੂੰ ਬਚਾਉਣ ਲਈ ਗੱਡੀ ਖੋਹੇ ਜਾਣ ਦੀ ਝੂਠੀ ਕਹਾਣੀ ਬਣਾਈ ਸੀ|  ਉਹਨਾਂ ਦੱਸਿਆ ਕਿ ਪੁਲੀਸ ਨੇ ਮੁਲਜਮ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਲੁੱਟ ਦੀ ਰਕਮ (7 ਲੱਖ 67 ਹਜਾਰ 500 ਰੁਪਏ ) ਅਤੇ 32 ਬੋਰ ਦਾ ਪਿਸਤੌਲ ਬਰਾਮਦ ਕਰ ਲਿਆ ਹੈ|

Leave a Reply

Your email address will not be published. Required fields are marked *