ਮੁਹਾਲੀ ਪੁਲੀਸ ਵਲੋਂ ਮੋਟਰ ਸਾਈਕਲਾਂ ਅਤੇ ਕਾਰਾਂ ਚੋਰੀ ਕਰਨ ਵਾਲੇ ਕਾਬੂ 24 ਦੋ ਪਹੀਆ ਵਾਹਨ ਅਤੇ 4 ਕਾਰਾਂ ਬਰਾਮਦ


ਐਸ ਏ ਐਸ ਨਗਰ, 29 ਦਸੰਬਰ (ਸ਼ਬ ਮੁਹਾਲੀ ਪੁਲੀਸ ਵਲੋਂ ਵਾਹਨ ਚੋਰੀ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਤੋਂ 24 ਮੋਟਰ ਸਾਈਕਲਾਂ ਅਤੇ 4 ਕਾਰਾਂ ਬਰਾਮਦ ਕੀਤੀਆਂ ਹਨ। ਇਹਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਪੁਲੀਸ ਵਲੋਂ ਵਾਹਨ ਚੋਰੀ ਦੇ ਕਈ ਮਾਮਲੇ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਐਸ ਪੀ ਸਿਟੀ ਹਰਵਿੰਦਰ ਸਿੰਘ ਵਿਰਕ, ਡੀ ਐਸ ਪੀ ਸਿਟੀ 1 ਗੁਰਸ਼ੇਰ ਸਿੰਘ ਅਤੇ ਥਾਣਾ ਫੇਜ਼ 1 ਦੇ ਐਸ ਐਚ ਓ ਸ਼ਿਵਦੀਪ ਸਿੰਘ ਬਰਾੜ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲੀਸ ਵਲੋਂ ਚੋਰੀ ਦੇ ਵੱਖ ਵੱਖ ਮਾਮਲਿਆਂ ਵਿੱਚ ਅਮਿ੍ਰਤਪਾਲ ਸਿੰਘ ਵਾਸੀ ਨੇੜੇ ਮੈਸ ਗੇਟ ਨਾਭਾ ਜਿਲ੍ਹਾ ਪਟਿਆਲਾ, ਨਵਤੇਜ ਸਿੰਘ ਵਾਸੀ ਵਾਰਡ ਨੰ: 4 ਨੇ ਬੀ ਡੀ ਓ ਕਲੋਨੀ ਪਿੰਡ ਖਮਾਣੋਂ ਜਿਲ੍ਹਾ ਫਤਹਿਗੜ ਸਾਹਿਬ ਅਤੇ ਸਾਹਿਲ ਸ਼ਰਮਾ ਪਵਾਸੀ ਚੋਚੜਾ ਜਿਲ੍ਹਾ ਕਰਨਾਲ (ਹਰਿਆਣਾ) ਨੂੰ ਗਿ੍ਰਫਤਾਰ ਕੀਤਾ ਹੈ ਅਤੇ ਇਹਨਾਂ ਵਿਅਕਤੀਆਂ ਕੋਲੋਂ ਹੁਣ ਤੱਕ 4 ਮੋਟਰਸਾਈਕਲ ਅਤੇ 4 ਕਾਰਾਂ (2 ਮਾਰੂਤੀ ਜੈਨ, 1 ਮਾਰੂਤੀ ਅਸਟੀਮ ਤੇ 1 ਇੰਡੀਕਾ) ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਉਹਨਾਂ ਦੱਸਿਆ ਕਿ ਇਹਨਾਂ ਕੋਲੋਂ ਹੋਈ ਇਸ ਬਰਾਮਦਗੀ ਨਾਲ ਕੁੱਲ 4 ਮੁਕੱਦਮੇ ਟ੍ਰੇਸ ਹੋਏ ਹਨ ਜਿਨ੍ਹਾਂ ਵਿਚੋਂ 2 ਮੁਕੱਦਮੇ ਥਾਣਾ ਫੇਜ਼-11 ਮੁਹਾਲੀ ਦੇ ਹਨ ਅਤੇ 1 ਕਾਰ ਮੋਗਾ ਤੋਂ ਚੋਰੀ ਕੀਤੀ ਹੋਈ ਟ੍ਰੇਸ ਹੋਈ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਇਹਨਾਂ ਵਿਅਕਤੀਆਂ ਦੇ ਸਾਥੀ ਰੋਹਿਤ ਅਤੇ ਸੰਦੀਪ ਫਰਾਰ ਹਨ ਜਿਹਨਾਂ ਦੀ ਤਲਾਸ਼ ਜਾਰੀ ਹੈ। ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਤੋਂ ਹੋਰ ਵੀ ਵਹੀਕਲ ਬਰਾਮਦ ਹੋਣ ਦੀ ਸੰਭਾਵਨਾ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੁਲੀਸ ਵਲੋਂ ਰਵਿੰਦਰ ਗਿਰੀ ਉਰਫ ਡੀ ਸੀ ਵਾਸੀ ਪਿੰਡ ਸ਼ਾਮਪੁਰ, ਥਾਣਾ ਸੋਹਾਣਾ ਜਿਲ੍ਹਾ ਐਸ ਏ ਐਸ ਨਗਰ ਤੋਂ ਕੁੱਝ ਮੋਟਰਸਾਈਕਲ ਅਤੇ ਸ਼ਰਨਜੀਤ ਸਿੰਘ ਉਰਫ ਸੰਨੀ ਵਾਸੀ ਪਿੰਡ ਮੋਟੇਮਾਜਰ, ਕਵੀ ਸਿੰਘ ਵਾਸੀ ਪਿੰਡ ਭਾਗੋਮਾਜਰਾ ਜਿਲ੍ਹਾ ਐਸ ਏ ਐਸ ਨਗਰ ਤੋਂ 2 ਬੁਲਟ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਬਾਅਦ ਵਿੱਚ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਕਵੀ ਸਿੰਘ ਤੋਂ ਹੋਰ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਇਹ ਤਿੰਨੇ ਵਿਅਕਤੀ ਇਸ ਸਮੇਂ ਜੁਡੀਸ਼ੀਅਲ ਕਸਟਡੀ ਵਿੱਚ ਬੰਦ ਹਨ। ਉਹਨਾਂ ਦੱਸਿਆ ਕਿ ਥਾਣਾ ਫੇਜ਼-1 ਮੁਹਾਲੀ ਦੀ ਪੁਲੀਸ ਵਲੋਂ ਵਾਹਨ ਚੋਰੀ ਦੇ ਕਈ ਮਾਮਲਿਆਂ ਨੂੰ ਹਲ ਕਰਦਿਆਂ ਚੋਰਾਂ ਕੋਲੋਂ ਕੁੱਲ 24 ਦੋ ਪਹੀਆ ਵਾਹਨ ਅਤੇ 4 ਕਾਰਾਂ ਬ੍ਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਵਿੱਚੋਂ 10 ਮੋਟਰਸਾਈਕਲ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਹਨ।

Leave a Reply

Your email address will not be published. Required fields are marked *