ਮੁਹਾਲੀ ਪੁਲੀਸ ਵਲੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਸ਼ੂਟਰ ਦੀਪਕ ਟੀਨੂੰ ਅਤੇ ਸੰਪਤ ਨਹਿਰਾ ਦੇ ਚਾਰ ਸਾਥੀ ਅਸਲੇ ਸਮੇਤ ਗ੍ਰਿਫਤਾਰ

ਐਸ.ਏ.ਐਸ. ਨਗਰ 20 ਜਨਵਰੀ (ਸ.ਬ.) ਮੁਹਾਲੀ ਪੁਲੀਸ ਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਸ਼ੂਟਰਾਂ ਸੰਪਤ ਨੇਹਰਾ ਅਤੇ ਦੀਪਕ ਟੀਨੂੰ ਦੇ ਚਾਰ ਸਹਿਯੋਗੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਹ ਇੱਕ ਕਤਲ ਕੇਸ ਵਿੱਚ ਫਰਾਰ ਸਨ। ਲਾਰੈਂਸ ਬਿਸ਼ਨੋਈ ਗਰੁੱਪ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂ.ਟੀ. ਵਿੱਚ ਕਤਲ, ਡਕੈਤੀ, ਅਗਵਾ ਅਤੇ ਜਬਰਨ ਵਸੁਲੀ ਦੇ ਕਈ ਮਾਮਲਿਆਂ ਲਈ ਜਿੰਮੇਵਾਰ ਹੈ।

ਐਸ ਐਸ ਪੀ ਮੁਹਾਲੀ ਸz. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਪੁਲੀਸ ਵਲੋਂ ਗੈਰ ਸਮਾਜੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬੀਤੀ 18-19 ਜਨਵਰੀ ਦੀ ਦਰਮਿਆਨੀ ਰਾਤ ਨੂੰ ਕੁਰਾਲੀ ਸਿਟੀ ਥਾਣੇ ਦੇ ਐਸ ਐਚ ਓ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੰਪਤ ਨਹਿਰਾ ਅਤੇ ਦੀਪਕ ਟੀਨੂੰ ਦੇ ਨਜਦੀਕੀ ਸਾਥੀ ਕੁਰਾਲੀ ਏਰੀਆ ਵਿਚ ਸਰਗਰਮ ਹਨ ਅਤੇ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਵਿਚ ਹਨ। ਉਹਨਾਂ ਦੱਸਿਆ ਕਿ ਇਸ ਜਾਣਕਾਰੀ ਤੋਂ ਬਾਅਦ ਐਸ ਪੀ ਰੂਰਲ ਰਵਜੋਤ ਕੌਰ ਗਰੇਵਾਲ ਅਤੇ ਡੀ ਐਸ ਪੀ ਮੁੱਲਾਪੁਰ ਬਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਚਲਾਈ ਗਈ ਮੁਹਿੰਮ ਦੌਰਾਨ ਪੁਲੀਸ ਵਲੋਂ ਇਹਨਾਂ ਚਾਰਾਂ ਨੂੰ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਕਾਬੂ ਕੀਤੇਗਏ ਵਿਅਕਤੀਆਂ ਦਰਸ਼ਨ ਸਿੰਘ ਵਾਸੀ ਪਿੰਡ ਅਮਲਾਲਾ (ਡੇਰਾਬਸੀ) ਨੂੰ ਇੱਕ 7-65 ਐਮ ਐਮ ਪਿਸਟਲ ਸਮੇਤ, ਮਨੀਸ਼ ਕੁਮਾਰ ਵਾਸੀ ਪਿੰਡ ਬੀਬੀ ਪੁਰ (ਜਿਲ੍ਹਾ ਪਟਿਆਲਾ) ਨੂੰ 12 ਬੋਰ ਸਿੰਗਲ ਬੈਰਲ ਗਨ ਸਮੇਤ, ਸੂਰਜ ਵਾਸੀ ਕੁਰਾਲੀ ਨੂੰ 7.65 ਐਮ ਐਮ ਪਿਸਟਲ ਸਮੇਤ ਅਤੇ ਭਗਤ ਸਿੰਘ ਉਰਫ ਹਨੀ ਵਾਸੀ ਕੁਰਾਲੀ ਨੂੰ 315 ਬੋਰ ਦੀ ਪਿਸਟਲ ਸਮੇਤ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਵਿੱਚੋਂ ਦੋ ਦਾ ਅਪਰਾਧਿਕ ਰਿਕਾਰਡ ਹੈ। ਦਰਸ਼ਨ ਸਿੰਘ, ਥਾਣਾ ਸਿਵਲ ਲਾਈਨ ਭਿਵਾਨੀ ਦੇ ਸਾਲ 2017 ਦੇ ਕਤਲ ਦੇ ਮੁੱਕਦਮੇ ਵਿੱਚ ਭਗੌੜਾ ਸੀ ਅਤੇ ਮਨੀਸ਼ ਕੁਮਾਰ ਵਿਰੁੱਧ ਥਾਣਾ ਜੁਲਕਾਂ, ਜਿਲ੍ਹਾ ਪਟਿਆਲਾ ਵਿਖੇ ਕਤਲ ਦਾ ਮੁਕੱਦਮਾ ਦਰਜ ਹੈ।

ਐਸ ਐਸ ਪੀ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਦੀ ਪੁੱਛ ਗਿੱਛ ਤੋਂ ਸਾਹਮਣੇ ਆਇਆ ਹੈ ਕਿ ਇਹ ਸਾਰੇ ਜਣੇ ਤੇ ਇਹਨਾਂ ਦੇ ਹੋਰ ਭਗੌੜੇ ਸਾਥੀ ਲਾਰੇਂਸ ਬਿਸ਼ਨੋਈ ਗੈਗਸਟਰ ਗਰੁੱਪ ਦੇ ਜੇਲ੍ਹ ਵਿੱਚ ਬੰਦ ਸ਼ਾਰਪ ਸ਼ੂਟਰ ਸੰਪਤ ਨਹਿਰਾ ਤੇ ਦੀਪਕ ਟਿਨੂੰ ਦੇ ਨੇੜਲੇ ਸਾਥੀ ਹਨ। ਦਰਸ਼ਨ ਸਿੰਘ ਨੇ ਸਾਲ 2017 ਵਿਚ ਗੈਗਸਟਰ ਦੀਪਕ ਟੀਨੂੰ ਨੂੰ ਉਸ ਸਮੇਂ ਹੁਬਲੀ ਕਰਨਾਟਕਾ ਵਿਖੇ ਪਨਾਹ ਦਿੱਤੀ ਹੋਈ ਸੀ ਜਦੋਂ ਉਸਦੀ ਤਲਾਸ਼ ਕਈ ਰਾਜਾਂ ਦੀ ਪੁਲੀਸ ਕਰ ਰਹੀ ਸੀ। ਜਿੱਥੇ ਦੀਪਕ ਟਿਨੂੰ ਨੂੰ ਹਰਿਆਣਾ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਸੀ। ਦਰਸ਼ਨ ਸਿੰਘ ਪਿਛਲੇ ਕਾਫੀ ਸਮੇਂ ਤੋਂ ਭਗੌੜਾ ਚੱਲਿਆਂ ਆ ਰਿਹਾ ਸੀ। ਇਸ ਦੌਰਾਨ ਉਸਨੇ ਕੁਰਾਲੀ ਦੇ ਸੂਰਜ ਅਤੇ ਹਨੀ ਨਾਲ ਆਪਣੇ ਸੰਪਰਕ ਬਣਾ ਲਏ ਸਨ ਅਤੇ ਇਹਨਾ ਨਾਲ ਰਲ ਕੇ ਫਿਰ ਅਪਰਾਧਿਕ ਕਾਰਵਾਈਆਂ ਕਰਨ ਲੱਗ ਪਿਆ ਸੀ।

ਐਸ ਐਸ ਪੀ ਨੇ ਦੱਸਿਆ ਕਿ ਇਹਨਾਂ ਨੇ ਕੁਝ ਸਮਾਂ ਪਹਿਲਾ ਮਲੇਰਕੋਟਲਾ ਵਿਖੇ ਆਪਣੇ ਵਿਰੋਧੀ ਗੁੱਟ ਤੇ ਸ਼ਰੇਆਮ ਫਾਇਰਿੰਗ ਕੀਤੀ ਸੀ ਤੇ ਫਰਾਰ ਹੋ ਗਏ ਸੀ। ਹੁਣ ਇਹ ਇਕਠੇ ਹੋ ਕੇ ਆਪਣਾ ਨਵਾਂ ਗਿਰੋਹ ਬਣਾ ਕੇ ਅਪਰਾਧਿਕ ਕਾਰਵਾਈਆਂ ਸ਼ੁਰੂ ਕਰਨ ਲਈ ਵਿਉਂਤ ਬੰਦੀ ਕਰ ਰਹੇ ਸਨ। ਉਹਨਾਂ ਕਿਹਾ ਕਿ ਇਸ ਗਰੁੱਪ ਵਿੱਚ ਸ਼ਾਮਿਲ ਹੋਰ ਅਪਰਾਧੀਆ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਸ ਕੇਸ ਵਿੱਚ ਜਲਦੀ ਹੀ ਹੋਰ ਅਪਰਾਧੀਆਂ ਦੇ ਕਾਬੂ ਆਉਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *