ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
ਪ੍ਰਾਪਰਟੀ ਸਲਾਹਕਾਰਾਂ ਨੂੰ ਤੰਗ ਕਰਨ ਵਾਲੇ ਬਿਲਡਰਾਂ ਦੇ ਬਾਈਕਾਟ ਦਾ ਫੈਸਲਾ
ਐਸ ਏ ਐਸ ਨਗਰ, 10 ਨਵੰਬਰ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਇੱਕ ਮੀਟਿੰਗ ਸੰਸਥਾ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਸਭਰਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੈਂਬਰਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਵਿਚਾਰ ਕਰਕੇ ਉਹਨਾਂ ਦੇ ਹਲ ਲਈ ਲੋੜੀਂਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ|
ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਉਹਨਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ| ਉਹਨਾਂ ਦੱਸਿਆ ਕਿ ਕੁੱਝ ਮੈਂਬਰਾਂ ਦੀ ਸ਼ਿਕਾਇਤ ਸੀ ਕਿ ਨਵੇਂ ਬਿਲਡਰ ਪ੍ਰਾਪਰਟੀ ਸਲਾਹਕਾਰਾਂ ਦਾ ਬਣਦਾ ਕਮਿਸ਼ਨ ਅਦਾ ਕਰਨ ਤੋਂ ਇਨਕਾਰੀ ਹੋ ਜਾਂਦੇ ਹਨ ਅਤੇ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ| ਇਸ ਤਰ੍ਹਾਂ ਕੁੱਝ ਮੈਂਬਰਾਂ ਵੱਲੋਂ ਗਮਾਡਾ ਵਿੱਚ ਕੰਮ ਦੇ ਦੌਰਾਨ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਜਿਵੇਂ ਕੰਮ ਵਿੱਚ ਹੋਣ ਵਾਲੀ ਬਿਨਾ ਵਜ੍ਹਾ ਦੇਰੀ ਅਤੇ ਵੱਖ-ਵੱਖ ਇਤਰਾਜ਼ ਲਗਾਉਣ ਦੀ ਸ਼ਿਕਾਇਤ ਕੀਤੀ ਗਈ|
ਸੰਸਥਾ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਸਭਰਵਾਲ ਨੇ ਕਿਹਾ ਕਿ ਗਮਾਡਾ ਨਾਲ ਸੰਬੰਧਿਤ ਸਮੱਸਿਆਵਾਂ ਦੇ ਹਲ ਲਈ ਸੰਸਥਾ ਦਾ ਇੱਕ ਵਫਦ ਪੰਜਾਬ ਦੇ ਸ਼ਹਿਰੀ ਵਿਕਾਸ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਮਿਲੇਗਾ ਅਤੇ ਉਹਨਾਂ ਨੂੰ ਸਾਰੀ ਜਾਣਕਾਰੀ ਦੇ ਕੇ ਸਮੱਸਿਆਵਾਂ ਦੇ ਹਲ ਲਈ ਲੋੜੀਂਦੀ ਕਾਰਵਾਈ ਦੀ ਮੰਗ ਕਰੇਗਾ| ਉਹਨਾਂ ਇਸ ਮੌਕੇ ਨਵੇਂ ਬਿਲਡਰਾਂ ਕਾਰਣ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਸਖਤ ਰੁੱਖ ਅਪਣਾਉਂਦਿਆਂ ਕਿਹਾ ਕਿ ਜੇਕਰ ਕੋਈ ਬਿਲਡਰ ਸੰਸਥਾ ਦੇ ਕਿਸੇ ਮੈਂਬਰ ਦਾ ਹੱਕ ਮਾਰੇਗਾ ਜਾਂ ਉਸਨੂੰ ਬਿਨਾ ਵਜ੍ਹਾ ਤੰਗ ਕਰੇਗਾ ਤਾਂ ਸੰਸਥਾ ਵਲੋਂ ਉਸਦਾ ਬਾਈਕਾਟ ਕੀਤਾ ਜਾਵੇਗਾ ਅਤੇ ਟ੍ਰਾਈਸਿਟੀ ਦੀਆਂ ਸਾਰੀਆਂ ਐਸੋਸੀਏਸ਼ਨਾਂ ਅਜਿਹੇ ਬਿਲਡਰਾਂ ਦਾ ਬਾਈਕਾਟ ਕਰਨਗੀਆਂ|
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਸ੍ਰ. ਏ ਕੇ ਪਵਾਰ ਗੋਗੀ, ਮੁੱਖ ਸਰਪ੍ਰਸਤ ਸ੍ਰ. ਹਰਜਿੰਦਰ ਸਿੰਘ ਧਵਨ, ਸਰਪ੍ਰਸਤ ਸ੍ਰ. ਬੀ ਐਸ ਝੱਜ, ਫਾਉਂਡਰ ਪ੍ਰਧਾਨ ਐਨ ਕੇ ਮਰਵਾਹਾ, ਵਿੱਤ ਸਕੱਤਰ ਸ੍ਰੀ ਜਤਿੰਦਰ ਆਨੰਦ ਟਿੰਕੂ ਸਮੇਤ ਵੱਡੀ ਗਿਣਤੀ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *