ਮੁਹਾਲੀ ਵਿਖੇ ਵਿਗਿਆਨਿਕ ਮੁਰਗੀ ਪਾਲਣ ਦਾ ਸਿਖਲਾਈ ਕੋਰਸ ਆਯੋਜਿਤ

ਐਸ.ਏ.ਐਸ. ਨਗਰ 19 ਫਰਵਰੀ (ਸ.ਬ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਧੀਨ ਚੱਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਮੁਹਾਲੀ ਦੇ ਕੁਰਾਲੀ ਕੈਂਪਸ ਵਿਖੇ ਵਿਗਿਆਨਿਕ ਮੁਰਗੀ ਪਾਲਣ ਦਾ ਸਿਖਲਾਈ ਕੋਰਸ 11 ਫਰਵਰੀ ਤੋਂ 17 ਫਰਵਰੀ ਤੱਕ ਆਯੋਜਿਤ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿੱਚ ਇੱਕ ਇਸਤਰੀ ਸਮੇਤ 16 ਕਿਸਾਨਾਂ ਨੇ ਹਿੱਸਾ ਲਿਆ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਡਾ. ਸ਼ਸ਼ੀਪਾਲ ਸਹਾਇਕ ਪ੍ਰੋਫੈਸਰ (ਪਸ਼ੂ ਉਤਪਾਦਨ) ਕ੍ਰਿਸ਼ੀ ਵਿਗਿਆਨ ਕੇਂਦਰ ਮੁਹਾਲੀ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਮੁਰਗੀ ਪਾਲਣ ਦੇ ਕਈ ਪਹਿਲੂਆਂ ਜਿਵੇਂ ਕਿ ਮੁਰਗੀਆਂ ਦੀਆਂ ਨਸਲਾਂ, ਸ਼ੈਡਾਂ ਦੀ ਬਣਤਰ, ਘਰੇਲੂ ਖੁਰਾਕ ਬਣਾਉਣ ਦੇ ਤਰੀਕੇ, ਗਰਮੀਆਂ ਅਤੇ ਸਰਦੀਆਂ ਦੇ ਬਚਾਅ, ਵੱਖੋ-ਵੱਖੋ ਟੀਕਾਕਰਣ ਅਤੇ ਬਿਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ।

ਉਹਨਾਂ ਕਿਹਾ ਕਿ ਮੁਰਗੀ ਪਾਲਣ ਕਿੱਤੇ ਦਾ ਪੰਜਾਬ ਵਿੱਚ ਕਾਰਜ ਖੇਤਰ ਬਹੁਤ ਵਿਸ਼ਾਲ ਹੈ। ਪੰਜਾਬ ਵਿੱਚ ਸਾਲਾਨਾ ਲਗਭਗ 5900 ਮਿਲੀਅਨ ਅੰਡੇ ਅਤੇ 50 ਮਿਲੀਅਨ ਬ੍ਰਾਇਲਰ ਪੈਦਾ ਹੁੰਦੇ ਹਨ ਅਤੇ ਪੰਜਾਬ ਭਾਰਤ ਵਿੱਚ ਅੰਡਾ ਉਤਪਾਦਨ ਅਤੇ ਬ੍ਰਾਇਲਰ ਉਤਪਾਦਨ ਵਿੱਚ ਕ੍ਰਮਵਾਰ ਪੰਜਵੇਂ ਅਤੇ ਅੱਠਵੇਂ ਸਥਾਨ ਤੇ ਆਉਂਦਾ ਹੈ। ਇਸ ਲਈ ਮੁਰਗੀ ਪਾਲਣ ਕਿੱਤੇ ਵਿਚ ਤਰਕੀ ਦੀਆਂ ਵਧੇਰੇ ਸੰਭਾਵਨਾਵਾਂ ਹਨ।

ਉਹਨਾਂ ਦੱਸਿਆ ਕਿ ਸਾਰੇ ਕਿਸਾਨਾਂ ਨੂੰ ਮੁਰਗੀ ਪਾਲਣ ਸੰਬੰਧੀ ਵਿਸ਼ੇਸ਼ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ।

ਉਹਨਾਂ ਨੂੰ ਸਿਹਤਮੰਦ ਅਤੇ ਬਿਮਾਰ ਮੁਰਗੀਆਂ ਬਾਰੇ ਪਛਾਣ, ਖੁਰਾਕ ਬਣਾਉਣ ਦੀ ਵਿਧੀ ਅਤੇ ਟੀਕਾਕਰਣ ਦੇ ਪ੍ਰੈਕਟੀਕਲ ਕਰਾਏ ਗਏ। ਇਹਨਾਂ ਕਿਸਾਨਾਂ ਨੂੰ ਨੇੜੇ ਦੇ ਮੁਰਗੀ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ ਤਾਂ ਕਿ ਇੱਕ ਮੁਰਗੀ ਪਾਲਕ ਨੂੰ ਇਸ ਕੰਮ ਦੇ ਉਤਾਰ ਚੜਾਅ ਬਾਰੇ ਜਾਣਕਾਰੀ ਮਿਲ ਸਕੇ।

ਡਾ. ਪਰਮਿੰਦਰ ਸਿੰਘ ਸਹਿਯੋਗੀ ਨਿਰਦੇਸ਼ਕ ਨੇ ਦੱਸਿਆ ਕਿ ਉੇਹਨਾਂ ਨੇ ਸਿਖਿਆਰਥੀਆਂ ਨੂੰ ਮੁਰਗੀ ਫਾਰਮ ਦੀ ਸਹੀ ਜਗ੍ਹਾਂ ਦੀ ਚੋਣ, ਕੰਟਰੈਕਟ ਪੋਲਟਰੀ ਫਾਰਮਿੰਗ ਤੋਂ ਇਲਾਵਾ ਕਰਜ਼ਾ ਲੈਣ ਲਈ ਪ੍ਰੋਜੈਕਟ ਰਿਪੋਰਟ ਅਤੇ ਵੱਖੋਂ-ਵੱਖੋਂ ਸਕੀਮਾਂ ਬਾਰੇ ਜਾਣੂ ਕਰਵਾਇਆ।

Leave a Reply

Your email address will not be published. Required fields are marked *