ਮੁਹਾਲੀ ਵਿੱਚ ਗੰਭੀਰ ਸਮੱਸਿਆ ਬਣ ਗਏ ਹਨ ਆਵਾਰਾ ਅਤੇ ਪਾਲਤੂ ਪਸ਼ੂ

ਐਸ ਏ ਐਸ ਨਗਰ, 7 ਅਗਸਤ (ਸ.ਬ.) ਅਨੇਕਾਂ ਹੀ ਹੋਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਮੁਹਾਲੀ ਸ਼ਹਿਰ ਵਿੱਚ ਹਰ ਗਲੀ, ਮੁਹੱਲੇ ਤੇ ਚੌਂਕਾਂ ਵਿੱਚ ਘੁੰਮਦੇ ਫਿਰਦੇ ਆਵਾਰਾ ਪਸ਼ੂਆਂ ਦੇ ਨਾਲ ਹੀ ਘੁੰਮਦੇ ਫਿਰਦੇ ਪਾਲਤੂ ਪਸ਼ੂ ਵੀ ਬਹੁਤ ਵੱਡੀ ਸਮੱਸਿਆ ਬਣ ਗਏ ਹਨ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਬ ਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਹਰ ਦਿਨ ਹੀ ਹਰ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਜਿੱਥੇ ਆਵਾਰਾ ਗਊਆਂ ਅਤੇ ਢੱਠੇ ਘੁੰਮਦੇ ਫਿਰਦੇ ਰਹਿੰਦੇ ਹਨ, ਉਥੇ ਹੀ ਵੱਡੀ ਗਿਣਤੀ ਵਿੱਚ ਪਾਲਤੂ ਮੱਝਾਂ ਵੀ ਹਰ ਇਲਾਕੇ ਵਿੱਚ ਹੀ ਘੁੰਮਦੀਆਂ ਫਿਰਦੀਆਂ ਦਿਖਾਈ ਦਿੰਦੀਆਂ ਹਨ, ਕਈ ਵਾਰ ਤਾਂ ਇਹਨਾਂ ਪਾਲਤੂ ਮੱਝਾਂ ਨਾਲ ਮੱਝਾਂ ਦੇ ਮਾਲਕ ਵੀ ਸੋਟੀ ਘੁੰਮਾਉਂਦੇ ਤੁਰੇ ਜਾਂਦੇ ਦਿਖਾਈ ਦਿੰਦੇ ਹਨ, ਜੇ ਕੋਈ ਵਿਅਕਤੀ ਇਹਨਾਂ ਮੱਝਾਂ ਦੇ ਮਾਲਕਾਂ ਨੂੰ ਇਹਨਾਂ ਮੱਝਾਂ ਨੂੰ ਸ਼ਹਿਰ ਵਿੱਚ ਖੁੱਲ੍ਹਾ ਨਾ ਛੱਡਣ ਲਈ ਕਹਿੰਦਾ ਹੈ ਤਾਂ ਇਹ ਪਸ਼ੂ ਪਾਲਕ ਉਸ ਵਿਅਕਤੀ ਨਾਲ ਲੜਾਈ ਝਗੜਾ ਵੀ ਸ਼ੁਰੂ ਕਰ ਦਿੰਦੇ ਹਨ| ਜਿਸ ਕਾਰਨ ਡਰਦਾ ਮਾਰਾ ਕੋਈ ਵਿਅਕਤੀ ਇਹਨਾਂ ਪਸ਼ੂ ਮਾਲਕਾਂ ਨੂੰ ਕੁਝ ਵੀ ਕਹਿਣ ਦੀ ਥਾਂ ਪਾਸੇ ਹੋ ਕੇ ਲੰਘ ਜਾਂਦਾ ਹੈ|
ਇਹ ਆਵਾਰਾ ਅਤੇ ਪਾਲਤੂ ਪਸ਼ੂ ਸ਼ਹਿਰ ਵਿੱਚ ਗੰਦਗੀ ਵੀ ਬਹੁਤ ਖਿਲਾਰਦੇ ਹਨ ਅਤੇ ਕੂੜੇ ਨੂੰ ਫਰੋਲ ਫਰੋਲ ਕੇ ਹਰ ਪਾਸੇ ਹੀ ਗੰਦਗੀ ਪਾ ਦਿੰਦੇ ਹਨ| ਇਹ ਆਵਾਰਾ ਅਤੇ ਪਾਲਤੂ ਪਸ਼ੂ ਮਲ ਮੂਤਰ ਕਰਕੇ ਬਹੁਤ ਗੰਦ ਪਾਉਂਦੇ ਹਨ| ਇਹਨਾਂ ਖੁਲੇ ਫਿਰਦੇ ਪਸ਼ੂਆਂ ਕਾਰਨ ਅਕਸਰ ਹੀ ਟ੍ਰੈਫਿਕ ਜਾਮ ਹੋ ਜਾਂਦਾ ਹੈ ਅਤੇ ਕਈ ਵਾਰ ਇਹਨਾਂ ਪਸ਼ੂਆਂ ਕਾਰਨ ਹਾਦਸੇ ਵੀ ਵਾਪਰ ਜਾਂਦੇ ਹਨ, ਜਿਹਨਾਂ ਵਿੱਚ ਕੀਮਤੀ ਮਨੁੱਖੀ ਜਾਨਾਂ ਅਜਾਂਈ ਚਲੀਆਂ ਜਾਂਦੀਆਂ ਹਨ|
ਇਹਨਾਂ ਆਵਾਰਾ ਅਤੇ ਪਾਲਤੂ ਪਸ਼ੂਆਂ ਕਾਰਨ ਸ਼ਹਿਰ ਦੀ ਸੁੰਦਰਤਾ ਉਪਰ ਵੀ ਧੱਬਾ ਲੱਗ ਰਿਹਾ ਹੈ| ਇਹਨਾਂ ਆਵਾਰਾ ਅਤੇ ਖੁਲ੍ਹੇ ਛੱਡੇ ਹੋਏ ਪਾਲਤੂ ਪਸ਼ੂਆਂ ਨੂੰ ਕਾਬੂ ਕਰਨ ਵਿੱਚ ਨਗਰ ਨਿਗਮ ਮੁਹਾਲੀ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ ਜਿਸ ਕਾਰਨ ਹੁਣ ਸ਼ਹਿਰ ਵਾਸੀ ਨਗਰ ਨਿਗਮ ਮੁਹਾਲੀ ਅਤੇ ਪ੍ਰਸ਼ਾਸਨ ਦੀ ਕਾਰਗੁਜਾਰੀ ਉਪਰ ਸਵਾਲ ਉਠਾਉਣ ਲੱਗੇ ਹਨ|
ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਘੁੰਮਦੇ ਫਿਰਦੇ ਆਵਾਰਾ ਪਸ਼ੂਆਂ ਦੇ ਨਾਲ ਖੁਲ੍ਹੇ ਛੱਡੇ ਹੋਏ ਪਾਲਤੂ ਪਸ਼ੂ ਵੀ ਕਾਬੂ ਕੀਤੇ ਜਾਣ ਅਤੇ ਪਾਲਤੂ ਪਸ਼ੂਆਂ ਨੂੰ ਖੁਲ੍ਹਾ ਛੱਡਣ ਵਾਲੇ ਪਸ਼ੂ ਪਾਲਕਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *