ਮੁਹਾਲੀ ਵਿੱਚ ਗੰਭੀਰ ਸਮੱਸਿਆ ਬਣੇ ਖਾਲੀ ਪਏ ਪਲਾਟ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਮੁਹਾਲੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਉੱਪਰ ਖਾਲੀ ਪਏ ਪਲਾਟ ਇੱਕ ਗੰਭੀਰ ਸਮੱਸਿਆ ਬਣ ਗਏ ਹਨ| ਇਹ ਖਾਲੀ ਪਲਾਟ ਇਹਨਾਂ ਪਲਾਟਾਂ ਦੇ ਨੇੜੇ ਰਹਿਣ ਵਾਲੇ ਹੋਰਨਾਂ ਵਸਨੀਕਾਂ ਲਈ ਬਹੁਤ ਵੱਡੀ ਸਿਰਦਰਦੀ ਬਣ ਗਏ ਹਨ| ਇਹਨਾਂ ਖਾਲੀ ਪਲਾਟਾਂ ਵਿੱਚੋਂ ਵੱਡੀ ਗਿਣਤੀ ਪਲਾਟਾਂ ਦੇ ਮਾਲਕ ਵਿਦੇਸ਼ ਰਹਿੰਦੇ  ਨੇ, ਜਿਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ| ਇਹਨਾਂ ਖਾਲੀ ਪਲਾਟਾਂ ਦੇ ਆਲੇ ਦੁਆਲੇ ਮਾਲਕਾਂ ਵੱਲੋਂ ਚਾਰਦਿਵਾਰੀ ਕੀਤੀ ਹੋਈ ਹੈ| ਕਈ ਪਲਾਟਾਂ ਵਿੱਚ ਇੱਕ ਕਮਰਾ ਪਾ ਕੇ ਸੀਵਰੇਜ ਕੁਨੈਕਸ਼ਨ ਵੀ ਲਿਆ ਹੋਇਆ ਹੈ| ਇਹ ਖਾਲੀ ਪਲਾਟ ਅਸਲ ਵਿੱਚ ਸ਼ਹਿਰ ਵਾਸੀਆਂ ਲਈ ਸਿਰਦਰਦੀ ਬਣੇ ਹੋਏ ਹਨ| ਇਹਨਾਂ ਖਾਲੀ ਪਲਾਟਾਂ ਵਿੱਚ ਬਹੁਤ ਉੱਚਾ ਘਾਹ ਫੂਸ ਉਗਿਆ ਹੋਇਆ ਹੈ ਅਤੇ ਇੱਥੇ ਜਹਿਰੀਲੀ ਬੂਟੀਆਂ ਦੀ ਭਰਮਾਰ ਹੈ| ਇਸ ਤੋਂ ਇਲਾਵਾ ਇਹਨਾਂ ਖਾਲੀ ਪਲਾਟਾਂ ਵਿੱਚ ਸੱਪ, ਨਿਊਲੇ ਵੀ ਰਹਿੰਦੇ ਹਨ ਜੋ ਕਿ ਨੇੜਲੇ ਘਰਾਂ ਵਿੱਚ ਵੀ ਜਾ ਵੜਦੇ ਹਨ| ਜਿਸ ਕਰਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇਸ ਤੋਂ ਇਲਾਵਾ ਨਸ਼ੇੜੀ, ਸਮਾਜ ਵਿਰੋਧੀ ਅਨਸਰ ਅਤੇ ਆਸ਼ਕ ਮੁੰਡੇ ਕੁੜੀਆਂ ਨੇ ਵੀ ਇਹਨਾਂ ਖਾਲੀ ਪਲਾਟਾਂ ਨੂੰ ਆਪਣਾ ਖੁਫੀਆ ਅੱਡਾ ਬਣਾਇਆ ਹੋਇਆ ਹੈ|
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ. ਕਰਨਲ ਐਸ ਐਸ ਸੋਹੀ ਨੇ ਦਸਿਆ ਕਿ ਸੈਕਟਰ-71 ਵਿੱਚ ਪਲਾਟ ਨੰਬਰ 1125 ਬਹੁਤ ਸਮੇਂ ਤੋਂ ਖਾਲੀ ਪਿਆ ਹੈ| ਜਿਸਦੇ ਮਾਲਕ ਵਿਦੇਸ਼ ਰਹਿੰਦੇ ਹਨ| ਇਸ ਪਲਾਟ ਵਿੱਚ ਬਹੁਤ ਝਾੜੀਆਂ ਉਗੀਆਂ ਹੋਈਆਂ ਹਨ| ਉਹਨਾਂ ਕਿਹਾ  ਗਮਾਡਾ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ| ਆਲੇ ਦੁਆਲੇ ਰਹਿੰਦੇ ਲੋਕ ਹੀ ਇਸ ਪਲਾਟ ਦੀ ਸਮੇਂ  ਸਮੇਂ ਉੱਪਰ ਸਫਾਈ ਕਰਵਾਉਂਦੇ ਹਨ| ਉਹਨਾਂ ਕਿਹਾ ਕਿ ਗਮਾਡਾ ਨੂੰ ਇਹਨਾਂ ਖਾਲੀ ਪਲਾਟਾਂ ਦੇ ਰੱਖ ਰਖਾਓ ਦਾ ਪ੍ਰਬੰਧ ਕਰਨਾ ਚਾਹੀਦਾ ਹੈ|
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹਨਾਂ ਖਾਲੀ ਪਲਾਟਾਂ ਦੀ ਅਲਾਟਮੈਂਟ ਰੱਦ ਕਰਕੇ ਇਹ ਨਵੇਂ ਸਿਰਿਓਂ ਅਲਾਟ ਕਰਨੇ ਚਾਹੀਦੇ ਹਨ ਤੇ ਇਹਨਾਂ ਖਾਲੀ ਪਲਾਟਾਂ ਉੱਪਰ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਚਾਹੀਦਾ ਹੈ|

Leave a Reply

Your email address will not be published. Required fields are marked *