ਮੁਹਾਲੀ ਵਿੱਚ ਪੂਰੀ ਤਰ੍ਹਾਂ ਬੇਅਸਰ ਰਿਹਾ ਭਾਰਤ ਬੰਦ, ਬਾਜਾਰ ਖੁੱਲੇ ਰਹੇ, ਸਫਾਈ ਮਜਦੂਰ ਯੂਨੀਅਨ ਵਲੋਂ ਰੋਸ ਮੁਜਾਹਰਾ

ਐਸ ਏ ਐਸ ਨਗਰ, 2 ਅਪ੍ਰੈਲ (ਸ.ਬ.) ਸੁਪਰੀਮ ਕੋਰਟ ਵਲੋਂ ਐਸ ਸੀ/ਐਸ ਟੀ ਐਕਟ ਸੰਬੰਧੀ ਦਰਜ ਹੋਣ ਵਾਲੇ ਮਾਮਲਿਆਂ ਬਾਰੇ ਆਏ ਤਾਜਾ ਫੈਸਲੇ ਦੇ ਵਿਰੋਧ ਵਿੱਚ ਦਲਿਤ ਸੰਗਠਨਾਂ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਅੱਜ ਮੁਹਾਲੀ ਵਿੱਚ ਅਮਨ ਅਮਾਨ ਰਿਹਾ| ਇਸ ਦੌਰਾਨ ਬਾਜਾਰ ਖੁੱਲੇ ਰਹੇ ਅਤੇ ਸ਼ਹਿਰ ਵਿੱਚ ਟ੍ਰੈਫਿਕ ਵੀ ਆਮ ਵਾਂਗ ਜਾਰੀ ਰਿਹਾ| ਸ਼ਹਿਰ ਵਿੱਚ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੁਲੀਸ ਵਲੋਂ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਅਤੇ ਇਸ ਦੌਰਾਨ ਬਸ ਅੱਡੇ, ਰੇਲਵੇ ਸਟੇਸ਼ਨ ਤੇ ਭਾਰੀ ਪੁਲੀਸ ਫੋਰਸ ਤੈਨਾਤ ਕੀਤੀ ਗਈ ਸੀ|
ਇਸ ਦੌਰਾਨ ਦਲਿਤ ਵਰਗ ਵੱਲੋਂ ਐਸ.ਸੀ./ਐਸ.ਟੀ. ਐਕਟ ਨੂੰ ਤੋੜਨ ਦੇ ਵਿਰੋਧ ਵਿੱਚ ਸਫਾਈ ਮਜਦੂਰ ਫੈਡਰੇਸ਼ਨ ਦੀ ਅਗਵਾਈ ਹੇਠ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ| ਸਵੇਰੇ ਵੇਲੇ ਦਲਿਤ ਭਾਈਚਾਰੇ ਦੇ ਲੋਕ ਫੇਜ਼-9 ਦੇ ਪਾਰਕ ਵਿੱਚ ਇਕੱਠੇ ਹੋਏ ਅਤੇ ਉੱਥੇ ਕੁੱਝ ਸਮਾਂ ਪ੍ਰਦਰਸ਼ਨ ਕਰਨ ਤੋਂ ਬਾਅਦ ਇਹ ਲੋਕ ਰੈਲੀ ਦੀ ਸ਼ਕਲ ਵਿੱਚ ਰੇਲਵੇ ਸਟੇਸ਼ਨ ਵੱਲ ਰਵਾਨਾ ਹੋ ਗਏ|
ਰੇਲਵੇ ਸਟੇਸ਼ਨ ਤੇ ਪੁਲੀਸ ਵਲੋਂ ਸਖਤ ਪ੍ਰਬੰਧ ਕੀਤੇ ਗਏ ਸਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਰੇਲਵੇ ਸਟੇਸ਼ਨ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਸਟੇਸ਼ਨ ਦੇ ਬਾਹਰ ਰੈਲੀ ਕੀਤੀ| ਪ੍ਰਦਰਸ਼ਨ ਦੌਰਾਨ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ, ਵਾਲਮੀਕਿ ਨੌਜਵਾਨ ਸਭਾ ਮੁਹਾਲੀ ਸਮੇਤ ਵੱਖ ਵੱਖ ਦਲਿਤ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ| ਰੈਲੀ ਨੂੰ ਸੰਬੋਧਨ ਕਰਦਿਆਂ ਸੱਜਨ ਸਿੰਘ, ਮੋਹਣ ਸਿੰਘ, ਪਵਨ ਗੋਡਯਾਲ, ਸੋਭਾ ਰਾਮ, ਰਾਜਨ ਚਵਰੀਆ, ਸ਼ਿਵ ਕੁਮਾਰ, ਪ੍ਰਵੀਨ ਟਾਂਕ, ਬਿਸ਼ਨ ਲਾਲ ਪੁਹਾਲ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਬਲਵਿੰਦਰ ਬਿੱਲਾ, ਕਰਮਵੀਰ ਸਿੰਘ, ਓਮ ਪ੍ਰਕਾਸ਼, ਰਿਸ਼ੀ ਰਾਜ ਅਤੇ ਹੋਰਨਾਂ ਆਗੂਆਂ ਨੇ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਵੱਲੋਂ ਐਸ.ਸੀ./ਐਸ.ਟੀ. ਐਕਟ ਵਿੱਚ ਸੋਧ ਬਾਰੇ ਜੋ ਫੈਸਲਾ ਆਇਆ ਹੈ ਇਹ ਮੋਦੀ ਸਰਕਾਰ ਦੀ ਦੇਣ ਹੈ ਕਿਉਂਕਿ ਮੋਦੀ ਸਰਕਾਰ ਨੇ ਇਸ ਕੇਸ ਦੀ ਪੈਰਵਾਈ ਜਾਣ-ਬੁੱਝ ਕੇ ਨਹੀਂ ਕੀਤੀ| ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਐਸ.ਸੀ./ਐਸ.ਟੀ. ਐਕਟ ਵਿੱਚ ਕਿਸੇ ਕੀਮਤ ਤੇ ਸੋਧ ਨਹੀਂ ਹੋਣ ਦਿੱਤੀ ਜਾਵੇਗੀ|

Leave a Reply

Your email address will not be published. Required fields are marked *