ਮੁਹਾਲੀ ਵਿੱਚ ਬੇਅਸਰ ਰਿਹਾ ਪੰਜਾਬ ਬੰਦ ਦਾ ਸੱਦਾ

ਐਸ ਏ ਐਸ ਨਗਰ, 14 ਜੁਲਾਈ (ਸ.ਬ.) ਹਿੰਦੂ ਜਥੇਬੰਦੀਆਂ ਵੱਲੋਂ ਦਿਤੇ ਗਏ  ਪੰਜਾਬ ਬੰਦ ਦੇ ਸੱਦੇ ਦੌਰਾਨ ਮੁਹਾਲੀ ਵਿੱਚ ਅਮਨ-ਅਮਾਨ ਰਿਹਾ ਅਤੇ ਇਸ ਬੰਦ ਦਾ ਸ਼ਹਿਰ ਵਿੱਚ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ|
ਅੱਜ ਪੰਜਾਬ ਬੰਦ ਦੇ ਸੱਦੇ ਦੇ ਬਾਵਜੂਦ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਵਿੱਚ ਦੁਕਾਨਾਂ ਆਮ ਵਾਂਗ ਖੁੱਲੀਆਂ ਅਤੇ ਦੁਕਾਨਾਂ-ਸ਼ੋਅਰੂਮਾਂ ਉੱਪਰ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਆਮਦ ਵੀ ਆਮ ਦਿਨਾਂ ਵਰਗੀ ਰਹੀ| ਸ਼ਹਿਰ ਵਿੱਚ ਕਿਸੇ ਪਾਸੇ ਵੀ ਬੰਦ  ਦਾ ਅਸਰ ਵੇਖਣ ਨੂੰ ਨਹੀਂ ਮਿਲਿਆ|
ਇਸੇ ਦੌਰਾਨ ਕੁਝ ਦੁਕਾਨਦਾਰਾਂ ਨੇ ਕਿਹਾ ਕਿ ਅਜੇ ਤਾਂ ਦੁਕਾਨਦਾਰ ਤੇ ਵਪਾਰੀ ਨੋਟਬੰਦੀ ਦੀ ਮਾਰ ਤੋਂ ਹੀ ਨਹੀਂ ਨਿਕਲੇ, ਉੱਪਰੋਂ ਜੀ ਐਸ ਟੀ ਟੈਕਸ ਨੇ ਵੀ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ| ਇਸ ਕਾਰਨ ਦੁਕਾਨਦਾਰੀ ਤੇ ਵਪਾਰ ਪਹਿਲਾਂ ਹੀ ਮੰਦੀ ਦੀ ਮਾਰ ਹੇਠ ਹਨ| ਇਸ ਲਈ ਅਜਿਹੇ ਸਮੇਂ ਵਿੱਚ ਦੁਕਾਨਾਂ ਬੰਦ ਕਰਨ ਦੇ ਸੱਦੇ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ|
ਇਸੇ ਤਰ੍ਹਾ ਪੰਜਾਬ ਬੰਦ ਦੇ ਸੱਦੇ ਦਾ ਮੁਹਾਲੀ ਦੇ ਫੇਜ਼-1 ਵਿੱਚ ਕੋਈ ਅਸਰ ਨਹੀਂ ਹੋਇਆ| ਅੱਜ ਸਾਰਾ ਦਿਨ ਇਸ ਇਲਾਕੇ ਵਿੱਚ ਦੁਕਾਨਾਂ ਆਮ ਵਾਂਗ ਖੁੱਲੀਆ| ਸਥਾਨਕ ਖੋਖਾ ਮਾਰਕੀਟ ਵਿੱਚ ਵੀ ਲੋਕ ਆਮ ਦਿਨਾਂ ਵਾਂਗ ਹੀ ਦੁਕਾਨਾਂ ਉੱਪਰ ਆਪਣੇ ਕੰਮ ਧੰਦੇ ਜਾਂਦੇ ਨਜਰ ਆਏ|
ਇਸੇ ਦੌਰਾਨ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿੱਚ ਸ਼ਿਵ ਸੈਨਿਕ ਇਕੱਠੇ ਹੋਏ ਅਤੇ ਉਹਨਾਂ ਨੇ ਵਾਹਨਾਂ ਵਿੱਚ ਬੈਠ ਕੇ ਮੁਹਾਲੀ, ਖਰੜ, ਸਨੀ ਇਨਕਲੇਵ ਵਿੱਚ ਗੇੜੇ ਲਾਏ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਮਰਨਾਥ ਯਾਤਰੀਆਂ ਦੀ ਸਰੱਖਿਆ ਯਕੀਨੀ ਬਣਾਏ, ਨਹੀਂ ਤਾਂ ਯਾਤਰੀਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਹਿੰਦੂ ਸੰਗਠਨਾਂ ਨੂੰ ਦੇ ਦੇਵੇ| ਹਿੰਦੂ ਸੰਗਠਨ ਅੱਤਵਾਦੀਆਂ ਨੂੰ ਭਜਾ ਦੇਣਗੇ|
ਸਨੀ ਇਨਕਲੇਵ ਵਿੱਚ ਜਦੋਂ ਹਿੰਦੂ ਆਗੂਆਂ ਦਾ ਕਾਫਿਲਾ ਪਹੁੰਚਿਆਂ ਤਾਂ ਉੱਥੇ ਮੌਜੂਦ ਪੁਲੀਸ ਨੇ ਉਹਨਾਂ ਨੂੰ ਰੋਕ ਲਿਆ| ਇਸ ਮੌਕੇ ਹਿੰਦੂ ਆਗੂ ਅਸ਼ੌਕ ਤਿਵਾੜੀ, ਕੀਰਤ ਸਿੰਘ ਮੁਹਾਲੀ, ਰਜਿੰਦਰ ਸਿੰਘ ਧਾਲੀਵਾਲ, ਅਮਰਜੀਤ ਸ਼ਰਮਾ, ਮਹਿਲਾ ਵਿੰਗ ਦੀ ਪ੍ਰਧਾਨ ਆਸ਼ਾ ਕਾਲੀਆ, ਮਨੋਜ ਕੁਮਾਰ, ਗਿਆਨ ਚੰਦ ਵੀ ਮੌਜੂਦ ਸਨ|

Leave a Reply

Your email address will not be published. Required fields are marked *