ਮੁਹਾਲੀ ਵਿੱਚ ਰੋਜ਼ ਡੇਅ ਅਤੇ ਵੈਲਨਟਾਈਨ ਡੇਅ ਮੌਕੇ ਲੱਗੀਆਂ ਰੌਣਕਾਂ ਦੁਕਾਨਾਂ ਅਤੇ ਸ਼ੋਅਰੂਮਾਂ ਉੱਪਰ ਨੌਜਵਾਨਾਂ ਦੀ ਹੈ ਭੀੜ

ਐਸ ਏ ਐਸ ਨਗਰ, 9 ਫਰਵਰੀ (ਸ.ਬ.) ਮੁਹਾਲੀ ਸ਼ਹਿਰ ਵਿੱਚ ਅੱਜਕਲ੍ਹ ਵੱਖ-ਵੱਖ ਮਾਰਕੀਟਾਂ ਦੇ ਸ਼ੋਅਰੂਮਾਂ ਅਤੇ ਦੁਕਾਨਾਂ ਉੱਪਰ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ| ਇਸ ਦਾ ਕਾਰਨ ਵੈਲਨਟਾਈਨ ਡੇਅ ਅਤੇ ਹੋਰ ਤਿਉਹਾਰਾਂ ਦਾ ਹੋਣਾ ਹੈ| ਇਹਨਾਂ ਦੁਕਾਨਾਂ ਉੱਪਰ ਨੌਜਵਾਨਾਂ ਦੀਆਂ ਭੀੜਾਂ ਵੇਖੀਆਂ ਜਾ ਰਹੀਆਂ ਹਨ ਪਰ ਅਸਲੀਅਤ ਇਹ ਵੀਹੈ ਕਿ ਪੰਜਾਬ ਦੀ ਨੌਜਵਾਨ ਪੀੜੀ ਅੱਜ ਕੱਲ ਪੱਛਮੀ ਸਭਿਅਤਾ ਦੇ ਅਸਰ ਹੇਠ ਆ ਕੇ ਆਪਣਾ ਵਿਰਸਾ ਹੀ ਭੁਲਦੀ ਜਾ ਰਹੀ ਹੈ| ਇਸ ਪੀੜੀ ਨੂੰ ਅੰਗਰੇਜਾਂ ਦੇ ਤਾਂ ਸਾਰੇ ਤਿਉਹਾਰਾਂ ਅਤੇ ਦਿਨਾਂ ਦੀ ਜਾਣਕਾਰੀ ਹੁੰਦੀ ਹੈ ਪਰ ਇਹ ਨੌਜਵਾਨ ਪੀੜੀ ਖਾਸ ਕਰਕੇ ਅੱਲੜ ਉਮਰ ਦੇ ਬੱਚੇ ਪੰਜਾਬ ਦੇ ਅਨਮੋਲ ਵਿਰਸੇ ਤੋਂ ਕੋਰੇ ਹੀ ਹਨ| ਅਸਲ ਵਿਚ ਪਬਲਿਕ ਅਤੇ ਕਾਨਵੈਂਟ ਸਕੂਲਾਂ ਵਿਚ ਪੜਨ ਵਾਲੇ ਬਚਿਆਂ ਨੂੰ ਸਕੂਲ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਵਲੋਂ ਵੀ ਅੰਗਰੇਜਾਂ ਦੇ ਤਿਉਹਾਰਾਂ ਦੀ ਵਧੇਰੇ ਜਾਣਕਾਰੀ ਦਿਤੀਜਾਂਦੀ ਹੈ ਅਤੇ ਅੰਗਰੇਜਾਂ ਦੇ ਤਿਉਹਾਰ ਖਾਸ ਕਰਕੇ ਕ੍ਰਿਸਮਿਸ ਤੇ ਹੋਰ ਦਿਵਸ ਇਹਨਾਂ ਸਕੂਲਾਂ ਵਿਚ ਮਨਾਏ ਵੀ ਜਾ ਰਹੇ ਹਨ|
ਅੱਜ ਕਲ ਦੇ ਦਿਨ ਨੌਜਵਾਨ ਪੀੜੀ ਲਈ ਅਹਿਮ ਮੰਨੇ ਜਾ ਰਹੇ ਹਨ ਅਸਲ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਅੰਗਰੇਜਾਂ ਦੇ ਕੁਝ ਅਹਿਮ ਦਿਨ ਪੰਜਾਬ ਦੀ ਨੌਜਵਾਨ ਪੀੜੀ ਵਲੋਂ ਵੀ ਮਨਾਏ ਜਾ ਰਹੇ ਹਨ| ਇਹਨਾਂ ਦਿਨਾਂ ਦੌਰਾਨ ਇਕ ਦਿਨ ਰੋਜ ਡੇ ਹੁੰਦਾ ਹੈ, ਦੂਜੇ ਦਿਨ ਟੈਡੀ ਡੇ ਹੁੰਦਾ ਹੈ,ਤੀਜੇ ਦਿਨ ਵੈਲਨਟਾਈਨ ਡੇ ਹੁੰਦਾ ਹੈ| ਇਸ ਤਰਾਂ ਪੂਰਾ ਹਫਤਾ ਹੀ ਕੋਈ ਨਾ ਕੋਈ ਦਿਵਸ ਹੁੰਦਾ ਹੈ, ਇਹਨਾਂ ਦਿਨਾਂ ਕਰਕੇ ਮੁਹਾਲੀ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਦੁਕਾਨਾਂ ਅਤੇ ਸ਼ੋਅਰੂਮਾਂ ਦੇ ਮਾਲਕਾਂ ਨੇ ਇਹਨਾਂ ਨੁੰ ਖੂਬ ਸਜਾ ਕੇ ਰਖਿਆ ਹੋਇਆ ਹੈ| ਇਹਨਾਂ ਦੁਕਾਨਾਂ ਅਤੇ ਸ਼ੋਅਰੂਮਾਂ ਉਪਰ ਗਾਹਕਾਂ ਦੀਆਂ ਵੀ ਭੀੜਾਂ ਦੇਖੀਆ ਜਾ ਰਹੀਆਂ ਹਨ ਅਤੇ ਇਹਨਾਂ ਗਾਹਕਾਂ ਵਿਚ ਵੱਡੀ ਗਿਣਤੀ ਨੌਜਵਾਨ ਅਤੇ ਅੱਲੜ ਮੁੰਡੇ ਕੁੜੀਆਂ ਦੀ ਹੈ|
ਜਿਸ ਤਰਾਂ ਦਿਵਾਲੀ ਦੇ ਤਿਉਹਾਰ ਮੌਕੇ ਬਾਜਾਰਾਂ ਅਤੇ ਮਾਰਕੀਟਾਂ ਵਿਚ ਰੌਣਕਾਂ ਲੱਗੀਆਂ ਹੁੰਦੀਆਂ ਹਨ,ਉਸੇ ਤਰਾਂ ਹੀ ਅੱਜ ਕਲ ਵੀ ਬਾਜਾਰਾਂ ਅਤੇ ਮਾਰਕੀਟਾਂ ਵਿਚ ਰੌਣਕਾਂ ਲਗੀਆਂ ਹੋਈਆਂ ਹਨ| ਬੱੱਚੇ ਵੀ ਬਹੁਤ ਉਤਸ਼ਾਹ ਨਾਲ ਖਿਲੌਣੇ ਅਤੇ ਟੈਡੀ ਬੀਅਰ ਲੈਂਦੇ ਵੇਖੇ ਜਾ ਰਹੇ ਹਨ| ਛੋਟੇ ਛੋਟੇ ਬੱਚਿਆਂ ਨੁੰ ਵੀ ਪਤਾ ਹੈ ਕਿ ਅੱਜ ਰੋਜ ਡੇ ਜਾਂ  ਅੱਜ ਟੈਡੀ ਡੇ ਹੈ| ਹੈਰਾਨੀ ਤਾਂ ਇਸ ਗਲ ਦੀ ਹੈ ਕਿ ਪੰਜਾਬ ਦੀ ਇਹ ਨੌਜਵਾਨ ਪੀੜੀ ਦਾ ਕਾਫੀ ਵੱਡਾ ਹਿਸਾ  ਅਤੇ ਵੱਡੀ ਗਿਣਤੀ ਬੱਚੇ ਪੰਜਾਬ ਦੇ ਮੂਲ ਤਿਉਹਾਰਾਂ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਰਖਦੇ| ਇਹਨਾਂ ਬੱਚਿਆਂ ਨੁੰ ਤਾਂ ਮੱਸਿਆ ਅਤੇ ਸੰਗਰਾਂਦ ਬਾਰੇ ਅਤੇ ਇਨਾਂ ਦਿਨਾਂ ਦੇ ਮਹੱਤਵ ਬਾਰੇ ਵੀ ਜਾਣਕਾਰੀ ਨਾਂਹ ਦੇ ਬਰਾਬਰ ਹੁੰਦੀ ਹੈ| ਕੁਝ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਨੌਜਵਾਨ ਪੀੜੀ ਖਾਸ ਕਰਕੇ ਬਚਿਆਂ ਨੂੰ ਅੰਗਰੇਜੀ ਤਿਉਹਾਰਾਂ ਦੇ ਨਾਲ ਨਾਲ ਪੰਜਾਬੀ ਵਿਰਸੇ ਦੀ ਜਾਣਕਾਰੀ ਦੇਣੀ ਵੀ ਮਾਪਿਆਂ ਅਤੇ ਅਧਿਆਪਕਾਂ ਦਾ ਫਰਜ ਹੈ ਅਤੇ ਇਸ ਫਰਜ ਨੂੰ ਨਿਭਾਉਣ ਵਿਚ ਕੋਈ ਕੋਤਾਹੀ ਨਹੀਂ ਵਰਤੀ ਜਾਣੀ ਚਾਹੀਦੀ |

Leave a Reply

Your email address will not be published. Required fields are marked *