ਮੁਹਾਲੀ ਸ਼ਹਿਰ ਦਾ ਫੇਜ਼ 3 ਬੀ-1 ਰੋ ਰਿਹਾ ਹੈ ਰਖ ਰਖਾਉ ਨੂੰ

ਅੱਜ ਕੱਲ੍ਹ ਇੱਕ ਫੈਸ਼ਨ ਬਣ ਗਿਆ ਹੈ ਕਿ ਸਾਡੇ ਸ਼ਹਿਰ ਦੇ ਨੇਤਾ ਵੱਡੇ ਵੱਡੇ ਬਿਆਨ ਦਿੰਦੇ ਹਨ | ਸਾਡੇ ਸ਼ਹਿਰ ਦੇ ਪ੍ਰਸ਼ਾਸ਼ਿਨਕ ਅਧਿਕਾਰੀ ਵੀ ਇਨ੍ਹਾਂ ਤੋਂ ਘੱਟ ਨਹੀਂ| ਜਿਹੜਾ ਅਧਿਕਾਰੀ ਨਵੀਂ ਕੁਰਸੀ ਵਿਚ ਬਹਿੰਦਾ ਹੈ ਉਹ ਵੱਡੇ ਵੱਡੇ ਦਮਗਜੇ ਮਾਰਦਾ ਹੈ| ਸ਼ਹਿਰ ਦੇ ਵਿਕਾਸ ਨੂੰ ਤਾਂ ਛੱਡੋ , ਇਥੇ ਰੱਖ ਰਖਾਉ ਵੀ ਪੂਰਾ ਅਣਗੌਲਿਆ ਹੋਇਆ ਹੈ| ਇਸ ਅਸਲੀਅਤ ਦੀ ਮਿਸਾਲ ਹੈ ਇਸ ਸ਼ਹਿਰ ਦਾ ਫੇਜ਼ 3 ਬੀ -1 ਜਿਸ ਬਾਰੇ ਪ੍ਰਸ਼ਾਸ਼ਨ ਅੱਖਾਂ ਬੰਦ ਕਰਕੇ ਬੈਠਿਆ ਹੋਇਆ ਹੈ|
ਇਹ ਸਭ ਜਾਣਦੇ ਹਨ ਕਿ ਫੇਜ਼ 3 ਬੀ-1 ਸ਼ਹਿਰ ਦੇ ਚੰਗੇ ਫੇਜ਼ਾਂ ਵਿੱਚ ਗਿਣਿਆ ਜਾਂਦਾ ਹੈ| ਇਸ ਫੇਜ਼ ਵਿੱਚ ਦੋ ਗੁਰਦੁਆਰੇ ਹਨ ਅਤੇ ਇੱਕ ਮੰਦਰ ਹੈ| ਇਨ੍ਹਾਂ ਵਿੱਚ ਵਸਨੀਕਾਂ ਵਾਸਤੇ ਕਾਫੀ ਸਿਹਤ ਸਹੂਲਤਾਂ ਉਪਲਬਧ ਹਨ| ਇਸ ਫੇਜ਼ ਵਿੱਚ ਡਾਕਖਾਨਾ ਅਤੇ ਡਿਸਪੈਂਸਰੀ ਵੀ ਹੈ| ਮੁਹਾਲੀ ਦਾ ਇਕਲੌਤਾ ਰੋਜ਼ ਗਾਰਡਨ ਵੀ ਇਸੇ     ਫੇਜ਼ ਵਿਚ ਹੈ| ਚਾਰ ਸਕੂਲਾਂ ਦੇ ਨਾਲ ਇਸ ਫੇਜ਼ ਵਿੱਚ ਜਿਲ੍ਹਾਂ ਸਿੱਖਿਆ ਦਾ ਦਫਤਰ ਵੀ ਹੈ| ਕਮਿਊਨਟੀ ਸੈਂਟਰ ਵੀ ਹੈ ਜਿਹੜਾ ਪਿਛਲੇ ਸਾਲ ਜਿਲ੍ਹਾ ਕਚਹਿਰੀ ਦੇ ਕਬਜੇ ਤੋਂ ਖਾਲੀ ਹੋਇਆ ਸੀ| ਇਸ ਫੇਜ਼ ਦੀ ਜਨਤਾ ਮਾਰਕੀਟ ਤੋਂ ਤਾਂ ਸਾਰੇ ਸ਼ਹਿਰ ਵਾਸੀ ਜਾਣੂ ਹਨ ਕਿਉਂਕਿ ਇਹ ਕਾਫੀ ਚੱਲ ਰਹੀ ਹੈ| ਇਸ ਮਾਰਕੀਟ ਦੇ ਨੇੜੇ ਇੱਕ ਮਿਲਕ ਬੂਥ ਵੀ ਹੈ| ਸ਼ਹਿਰ ਦੇ ਕਿਸੇ ਵੀ ਹੋਰ      ਫੇਜ਼ ਵਿਚ ਐਨੀਆਂ ਸਹੂਲਤਾਂ ਉਪਲਬਧ ਨਹੀਂ ਹਨ| ਇਹ ਬਹੁਤ ਦੁੱਖ ਭਰੀ ਗੱਲ ਹੈ ਕਿ ਏਨਾ ਕੁਝ ਹੋਣ ਦੇ ਬਾਵਜੂਦ ਇਸ ਫੇਜ਼ ਨੂੰ ਅਣਗੌਣਿਆ ਕੀਤਾ ਜਾ ਰਿਹਾ ਹੈ| ਸਭ ਤੋਂ ਪਹਿਲਾਂ ਚੰਗੀ ਚਲਣ ਵਾਲੀ ਜਨਤਾ ਮਾਰਕੀਟ ਦੇ ਆਲੇ ਦੁਆਲੇ ਨਜ਼ਰ ਮਾਰੀਏ ਤਾਂ  ਦੇਖਦੇ ਹਾਂ ਕਿ ਇਥੇ ਸਮਸਿਆਵਾਂ ਦਾ ਬੋਲਬਾਲਾ ਹੈ| ਜਨਤਾ ਮਾਰਕੀਟ ਦੀ ਪਾਰਕਿੰਗ ਵਿੱਚ ਰੇਹੜੀਆਂ ਅਤੇ ਫੜੀਆਂ ਵਾਲੇ ਬਰਾਜਮਾਨ ਹਨ| ਇਸ ਮਾਰਕੀਟ ਦੀ ਪਾਰਕਿੰਗ ਵਿੱਚ ਘਰਾਂ ਨੇ ਆਪਣੇ ਪਿਛਲੇ ਪਾਸੇ ਖੋਲ ਕੇ ਰੈਂਪ ਬਣਾਏ ਹੋਏ ਹਨ| ਜ਼ਿਕਰਯੋਗ  ਹੈ ਕਿ ਕੁਝ ਸਾਲਾਂ ਪਹਿਲਾਂ ਸਾਡੀ ਸੰਸਥਾ ਨੇ ਪੰਜਾਬ ਅਤੇ ਹਰਿਆਣਾ ਹਾਈ ਕਰੋਟ ਵਿੱਚ ਕੇਸ ਪਾਇਆ ਸੀ| ਕੋਰਟ ਦੇ ਆਦੇਸ਼ਾਂ ਨੂੰ ਲਾਗੂ ਕਰਦੇ ਹੋਏ ਗਮਾਡਾ ਨੇ ਇਹ ਦਰਵਾਜੇ ਬੰਦ ਕਰਵਾਏ ਸੀ| ਪਰ ਵਕਤ ਦੇ ਨਾਲ ਨਾਲ ਇਹ ਦਰਵਾਜੇ ਫਿਰ ਖੁਲ ਗਏ| ਘਰਾਂ ਵਿੱਚ ਸਬਜੀਆਂ, ਛੋਟੇ ਮੋਟੇ ਹਸਪਤਾਲ ਅਤੇ ਹੋਰ ਦੁਕਾਨਾਂ ਚੱਲ ਰਹੀਆਂ ਹਨ| ਫੁਟਪਾਥਾਂ ਉਪਰ ਮੋਚੀ, ਬਰਫ ਵਾਲੇ , ਸਕੂਟਰ ਮਕੈਨਿਕ, ਨਾਈ ਆਦਿ ਦਿਖਾਈ ਦਿੰਦੇ ਹਨ| ਰਿਕਸ਼ਿਆਂ ਵਾਲੇ ਕਿਸੇ ਤੋਂ ਘੱਟ ਨਹੀਂ| ਉਹ ਵੀ ਰਿਕਸ਼ੇ ਫੁਟਪਾਥਾਂ ਉਪਰ ਖੜੇ ਕਰਦੇ ਹਨ| ਉਹਨਾਂ ਦਾ ਕਹਿਣਾ ਹੈ ਕਿ ਇਸ ਸ਼ਹਿਰ ਦੇ ਰਾਮ ਰਾਜ ਵਿੱਚ ਅਸੀਂ ਵੀ ਪਾਤਰ ਹਾਂ,  ਸਬਜੀਆਂ ਅਤੇ ਫਲਾਂ ਦੀਆਂ       ਰੇਹੜੀਆਂ ਵੀ ਸੜਕ ਉਪਰ ਮਿਲਦੀਆਂ ਹਨ| ਪਾਠਕ ਜਾਣਦੇ ਹਨ ਕਿ ਜਦੋਂ ਜਨਤਾ ਮਾਰਕੀਟ ਸੜ ਕੇ ਸੁਆਹ ਹੋਈ ਸੀ ਤਾਂ ਗਮਾਡਾ ਨੇ     ਨਵੇਂ ਬੂਥਾਂ ਦੀ ਅਲਾਟਮੈਂਟ ਕਰਦੇ ਵਕਤ 22 ਬੂਥ ਸਬਜੀਆਂ ਵਾਲਿਆਂ ਨੂੰ ਅਲਾਟ ਕੀਤੇ ਸਨ ਜਦੋਂ ਕਿ ਉਸ ਵਕਤ ਸਿਰਫ 5/6 ਸਬਜੀਆਂ ਵਾਲੇ ਮਾਰਕੀਟ ਦੇ ਪਿਛਲੇ ਹਿੱਸੇ ਵਿੱਚ ਤਖਤ ਰੱਖ ਕੇ ਦੁਕਾਨਾਂ ਚਲਾ ਰਹੇ ਸਨ| ਉਸ ਵਕਤ ਇਕ ਵੀ ਦੁਕਾਨ ਖੋਖਿਆ  ਵਿੱਚ ਨਹੀਂ ਸੀ| 22 ਬੂਥ ਅਲਾਟ ਹੋਣ ਦੇ ਬਾਵਜੂਦ ਇਕ ਵੀ ਸਬਜੀ ਦੀ ਦੁਕਾਨ ਇਨ੍ਹਾਂ ਬੂਥਾਂ ਵਿੱਚ ਨਹੀਂ ਚਲ ਰਹੀ|
ਫੇਜ਼ 3 ਬੀ-1 ਦੇ ਸਰਕਾਰੀ ਸਕੂਲ ਦੇ ਬਾਹਰ ਬਣਾਈ ਗਈ ਫੁਟਪਾਥ ਦਾ ਨਾਮੋ ਨਿਸ਼ਾਨ ਮਿਟ ਚੁਕਿਆ ਹੈ| ਟਾਈਲਾਂ ਖਤਮ ਹਨ ਅਤੇ ਇਨ੍ਹਾਂ ਦੇ       ਹੇਠਾਂ ਤੋਂ ਬਜੱਰੀ ਵੀ ਖਿੱਲਰੀ ਹੋਈ ਹੈ| ਇਥੇ ਫੁੱਟ ਪਾਥ ਤੋਂ ਇਲਾਵਾ ਹੋਰ ਵੀ ਥਾਂਵਾਂ ਤੇ ਟਾਈਲਾਂ ਕਚਰਾ, ਕਚਰਾ ਹੋਈਆਂ ਪਈਆਂ ਹਨ| ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਕਰਵ ਚੈਨਲਾਂ ਦੇ ਪੱਥਰ ਪੁੱਟੇ ਗਏ ਸਨ, ਪਰ ਨਵੇਂ ਪੱਥਰ ਅੱਜ ਤਕ ਨਹੀਂ ਲੱਗੇ,     ਫੇਜ਼ ਵਿੱਚ ਰੋਡ ਗਲੀਆਂ ਦਾ , ਖਾਸ ਕਰਕੇ ਜਨਤਾ ਮਾਰਕੀਟ ਵਾਲੀ ਸੜਕ ਉਪਰ ਬੁਰਾ ਹਾਲ ਹੈ| ਕਾਫੀ ਰੋਡ ਗਲੀਆਂ ਬੰਦ ਹਨ ਜਾਂ ਫਿਰ  ਜਾਲੀਆਂ ਟੁੱਟੀਆਂ ਹਨ| ਇਹ ਸਭ  ਕੁਝ ਕਈ ਸਾਲਾਂ ਤੋਂ ਚਲਦਾ ਆਇਆ ਹੈ| ਜਦੋਂ ਅਸੀਂ ਦੇਖਿਆ ਕਿ ਪ੍ਰਸ਼ਾਸ਼ਨ ਸਿਰਫ ਗੁੰਗਾ ਨਹੀਂ, ਬਲਕਿ ਇਹ ਅੰਨ੍ਹਾਂ ਅਤੇ ਬੋਲਾ ਵੀ ਹੈ ਤਾਂ ਸਾਡੀ ਐਸੋਸੀਏਸ਼ਨ ਦਸੰਬਰ 2000 ਵਿਚ ਡੀ ਸੀ ਰੂਪ ਨਗਰ ਪਾਸ ਪਹੁੰਚੀ ਸੀ| ਡੀ ਸੀ ਰੂਪ ਨਗਰ ਸ੍ਰੀ ਜੀ ਐਸ ਗਰੇਵਾਲ ਆਈ ਏ ਐਸ ਨੇ ਜੀ ਐਮ ਇੰਡਸਟਰੀ ਦੇ ਦਫਤਰ  ਵਿਚ 20 ਦਸੰਬਰ 2000 ਨੂੰ ਮੀਟਿੰਗ ਰੱਖੀ ਸੀ ਜਿਸ ਵਿਚ ਮੁਹਾਲੀ ਦੇ ਸਾਰੇ ਅਧਿਕਾਰੀ ਹਾਜਰ ਸਨ| ਉਹਨਾਂ ਵਿੱਚ ਉਸ ਵਕਤ ਦੇ ਮਿਉਂਸਪਲ ਕੌਂਸਲ ਦੇ ਪ੍ਰਧਾਨ ਸ੍ਰੀ ਕੁਲਵੰਤ ਸਿੰਘ ਵੀ ਹਾਜਰ ਸਨ| ਉਸ ਮੀਟਿੰਗ ਵਿਚ ਦਿੱਤੇ ਗਏ ਆਦੇਸ਼ਾਂ ਦੇ ਮੁਤਾਬਕ ਪ੍ਰਸ਼ਾਸ਼ਨ ਨੇ ਕਾਰਵਾਈ ਕੀਤੀ ਪਰ ਸਮੇਂ ਦੇ ਨਾਲ ਫਿਰ ਹਾਲਾਤ ਵੈਸੇ ਹੀ ਹੋ ਗਏ, ਸਾਡੀ ਐਸੋਸੀਏਸ਼ਨ ਨੇ ਫਿਰ ਡੀ ਸੀ ਰੂਪਨਗਰ ਸ੍ਰੀਮਤੀ ਸੀਮਾ ਜੈਨ ਤੋਂ ਮੀਟਿੰਗ ਮੰਗੀ ਅਤੇ ਉਹਨਾਂ ਨੇ 15 ਜੂਨ 2002 ਨੂੰ ਮਿਊਂਸਪਲ ਕੌਂਸਲ ਮੁਹਾਲੀ ਦੇ ਦਫਤਰ ਫੇਜ਼-7 ਵਿਚ ਮੀਟਿੰਗ ਰੱਖੀ| ਉਸ ਮੀਟਿੰਗ ਵਿੱਚ ਵੀ ਪ੍ਰਧਾਨ ਮਿਉਂਸਪਲ ਕੌਂਸਲ ਸ੍ਰੀ ਕੁਲਵੰਤ ਸਿੰਘ ਹਾਜਰ ਸਨ| ਇਕ ਦਫਾ ਫਿਰ ਡੀ ਸੀ ਦੇ    ਆਦੇਸ਼ਾਂ ਦੀ ਪਾਲਣਾ ਕਰਦੇ ਹੋਏ, ਫੇਜ਼ 3 ਬੀ-1 ਵਿਚ ਸੁਧਾਰ ਕੀਤੇ ਗਏ| ਪਰ ਸਮੇਂ ਦੇ ਨਾਲ ਨਾਲ ਅਸੀ ਉਸ ਜਗ੍ਹਾ ਤੇ ਆ ਗਏ ਹਾਂ ਜਿਥੋਂ ਅਸੀਂ ਚੱਲੇ ਸੀ| ਇਹ ਸਭ ਕੁਝ ਲਿਖਣ ਦਾ ਮਕਸਦ ਕਿਸੇ ਨੂੰ ਨੀਚਾ ਦਿਖਾਉਣ ਦਾ ਨਹੀਂ ਬਲਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਅਸੀਂ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਹਨ ਫੇਜ਼ ਦੇ ਸੁਧਾਰ ਵਾਸਤੇ|
ਜਨਤਾ ਮਾਰਕੀਟ ਦੀ ਪਾਰਕਿੰਗ ਦਾ ਬਹੁਤ ਬੁਰਾ ਹਾਲ ਸੀ ਪਰ ਇਸ ਵਿੱਚ ਕੁਝ ਮਹੀਨੇ ਪਹਿਲਾ ਸੁਧਾਰ ਕਰ ਦਿੱਤਾ ਗਿਆ ਹੈ| ਇਸ ਸੁਧਾਰ ਨੂੰ       ਦੇਖਦੇ ਹੋਏ ਐਸਾ ਲਗਦਾ ਹੈ ਕਿ ਸਾਡੇ ਸਬੰਧਤ ਅਧਿਕਾਰੀ, ਜਨਤਾ ਮਾਰਕੀਟ ਨਾਲ ਕਾਫੀ ਖੁਸ਼ ਹਨ| ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਇਸ ਮਾਰਕੀਟ ਦੀ ਪਾਰਕਿੰਗ ਵਿਚ ਰੰਗਦਾਰ ਟਾਈਲਾਂ ਲਗਾਈਆਂ ਹਨ| ਜਿਹੜੀਆਂ ਕਿ ਸ਼ਾਇਦ ਹੀ ਸ਼ਹਿਰ ਦੀ ਕਿਸੇ ਹੋਰ ਮਾਰਕੀਟ ਦੀ ਪਾਰਕਿੰਗ  ਵਿਚ ਲਗਾਈਆਂ ਗਈਆਂ ਹੋਣ| ਫੇਜ਼ 3 ਬੀ-1 ਦੇ ਫੁੱਟ ਪਾਥ ਇਸ ਪਾਰਕਿੰਗ ਤੋਂ ਦੂਰ ਨਹੀਂ ਅਤੇ ਇਸ ਪਾਰਕਿੰਗ ਨੂੰ ਦੇਖਦੇ ਹੋਏ ਇਹ ਫੁੱਟਪਾਥ ਆਸਾਂ ਲਾਕੇ ਬੈਠੇ ਹਨ ਕਿ ਇਹਨਾਂ ਦੀ ਵਾਰੀ ਕਦੋਂ ਆਉਂਗੀ ਕਿਉਂਕਿ ਫੁਟਪਾਥਾਂ ਉੱਪਰ ਤਾਂ ਸ਼ਹਿਰ ਵਾਸੀ ਚਲਦੇ ਹਨ ਅਤੇ  ਪਾਰਕਿੰਗ ਵਿਚ ਤਾਂ ਵਾਹਣ ਹੀ ਪਾਰਕ ਹੁੰਦੇ ਹਨ|
ਅਵਾਰਾ ਕੁੱਤੇ ਅਤੇ ਪਸ਼ੂ ਫੇਜ਼ ਦੀਆਂ ਸਾਰੀਆਂ ਸੜਕਾਂ ਉਪਰ ਮਿਲਦੇ ਹਨ| ਫੇਜ਼ ਵਾਸੀ ਖਾਸ ਕਰਕੇ ਸਕੂਲੀ ਬੱਚਿਆਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ| ਸਵੇਰੇ ਵਸਨੀਕ ਆਪਣੇ ਪਾਲਤੂ ਕੁੱਤਿਆਂ ਨੂੰ ਲੈ ਕੇ ਨਿਕਲਦੇ ਹਨ ਤਾਂ ਇਹ ਆਵਾਰਾ ਕੁੱਤੇ ਅਤੇ ਅਵਾਰਾ ਪਸ਼ੂ ਘਰਾਂ ਦੀਆਂ ਫੁਲਵਾੜੀਆਂ ਬਰਬਾਦ ਕਰਦੇ ਹਨ | ਇਹ ਸੜਕਾਂ ਵਿਚ ਕਿਤੇ ਵੀ ਆਪਣੇ ਡੇਰੇ ਲਾ ਲੈਂਦੇ ਹਨ ਕਿਉਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਇਹ ਸੰਵਿਧਾਨਕ ਹਕ ਹੈ ਅਤੇ ਐਕਸੀਡੈਂਟਾਂ ਦਾ ਕਾਰਨ ਬਣ ਜਾਂਦੇ ਹਨ| ਇਕ ਪਾਸੇ ਭਾਰਤ ਵਿਚ ਆਵਾਜ਼ਾਂ ਆ ਰਹੀਆਂ ਹਨ ਕਿ ਗਊ ਹੱਤਿਆ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ| ਦੂਜੇ ਪਾਸੇ ਸ਼ਹਿਰ ਵਾਸੀਆਂ ਦੀਆਂ ਸੱਟਾਂ ਬਾਰੇ ਕੋਈ ਕਾਨੂੰਨ ਨਹੀਂ ਜਿਹੜਾ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਸਜ਼ਾ ਦੇ ਸਕੇ| ਪਿਛਲੇ ਸਾਲਾਂ ਵਿਚ ਸ਼ਹਿਰ ਦੀਆਂ ਬੀ-1 ਸੜਕਾਂ ਦੇ ਨਾਲ ਲਗਦੀਆਂ ਅੰਦਰਲੀਆਂ ਸੜਕਾਂ ਤੇ ਲਗੀਆਂ ਗਰਿੱਲਾਂ ਹਟਾਕੇ ਸੁਰੱਖਿਆ ਦੀਵਾਰਾਂ ਬਣਾਈਆਂ ਗਈਆਂ ਸਨ| ਪਰ ਇਸ ਫੇਜ਼ ਦੀ ਕੋਠੀ ਨੰਬਰ 27 ਦੇ ਨਾਲ ਲੱਗਦੀ ਗਰਿਲ ਨਹੀਂ ਹਟਾਈ ਗਈ ਅਤੇ ਸੁਰਖਿਆ ਦੀਵਾਰ ਨਹੀਂ ਬਣਾਈ ਗਈ ਜਦੋਂ ਕਿ ਇਸੇ ਦੇ ਐਸਟੀਮੇਟ ਪਾਸ ਹੋਏ ਸਨ| ਫੇਜ਼ ਦੀ ਸਫਾਈ ਦਾ ਵੀ ਮੰਦਾ ਹਾਲ ਹੈ| ਸਵੱਛਤਾ ਮੁਹਿੰਮ ਦਾ ਕੋਈ ਖਾਸ ਫਾਇਦਾ ਨਹੀਂ ਮਿਲ ਰਿਹਾ| ਸੜਕਾਂ ਪੱਤਿਆਂ ਨਾਲ ਭਰੀਆਂ ਪਈਆਂ ਹਨ| ਜੇਕਰ ਕੋਈ ਸਮਾਜ ਵਿਰੋਧੀ ਵਿਅਕਤੀ ਇਹਨਾਂ ਪੱਤਿਆਂ ਨੂੰ ਅੱਗ ਲਾ ਦੇਵੇ ਤਾਂ ਇਸ ਦਾ ਨੁਕਸਾਨ ਘਰਾਂ ਨੂੰ ਵੀ ਹੋ ਸਕਦਾ ਹੈ|
ਆਖਿਰ ਕੀ ਕਾਰਨ ਹੈ ਕਿ ਇਸ     ਫੇਜ਼ ਨੂੰ ਪ੍ਰਸ਼ਾਸ਼ਨ ਨੇ ਏਨਾ ਅਣਗੌਲਿਆਂ ਕਰ ਰੱਖਿਆ ਹੈ| ਸਾਡਾ ਪ੍ਰਸ਼ਾਸ਼ਨ ਨੇ ਕਿਉਂ ਕੰਨ ਬੰਦ ਕਰਕੇ ਬੈਠਾ ਹੈ| ਵਾਰ ਵਾਰ ਇਹ ਸਮਸਿਆਵਾਂ ਉਭਾਰਨ ਦੇ ਕੁਝ ਨਹੀਂ ਹੋ ਰਿਹਾ| ਆਖਿਰ ਕਿਉਂ ਐਸੇ ਹਾਲਾਤ ਹਨ| ਇਸ ਫੇਜ਼ ਨਾਲ  ਵਿਤਕਰਾ ਕਿਉਂ ਹੋ ਰਿਹਾ ਹੈ| ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਮੈਨੂੰ ਇਤਿਹਾਸ  ਵਿਚ ਪੜ੍ਹੀਆਂ ਐਂਗਲੋ ਸਿਖ  ਲੜਾਈਆਂ ਯਾਦ ਆ ਰਹੀਆਂ ਹਨ| ਜਦੋਂ ਕਿ ਫਰੰਗੀ ਵੀ ਅਤੇ ਸਿੱਖ ਫੌਜਾਂ ਪਿਛੇ ਹਟ ਗਈਆਂ ਸਨ| ਸ਼ਾਇਦ ਉਸ ਵਕਤ  ਦੀ ਸਿੱਖ ਲੀਡਰਸ਼ਿਪ ਕਮਜ਼ੋਰ ਸੀ| ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਇਹ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ|” ਭਾਵ ਇਹ ਕਿ ਉਸ ਵਕਤ ਫੌਜਾਂ ਦੀ ਰਹਿਨਮਾਈ ਕਰਨ ਵਾਲਾ ਕੋਈ ਸਿਆਣਾ ਲੀਡਰ ਨਹੀਂ ਸੀ|  ਫੇਜ਼ 3 ਬੀ-1 ਦੀ ਹਾਲਤ ਨੂੰ       ਦੇਖਦੇ ਹੋਏ ਇਹ ਲਗਦਾ ਹੈ ਕਿ ਸਾਡੇ ਪਾਸ ਕੋਈ ਸਿਆਣਾ ਰਹਿਨਮਾ ਨਹੀਂ| ਫਿਰ ਵੀ ਅਸੀਂ ਉਮੀਦ ਰਖਦੇ ਹਾਂ ਕਿ ਪ੍ਰਸ਼ਾਸ਼ਨ ਐਸਾ ਸਭ ਕੁਝ ਜਾਣਦਾ ਹੋਇਆ ਇਸ ਫੇਜ਼ ਨੂੰ ਇਸ ਦਾ ਬਣਦਾ ਹੋਕਾ ਦੇਵੇਗਾ|
ਐਚ ਐਸ ਸੰਘਾ

Leave a Reply

Your email address will not be published. Required fields are marked *