ਮੁਹਾਲੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਰੇ ਅੱਜ ਦੇਰ ਸ਼ਾਮ ਫੈਸਲਾ ਹੋਣ ਦੀ ਉਮੀਦ ਹਰਭਜਨ ਮਾਨ, ਦਰਸ਼ਨ ਧਾਲੀਵਾਲ, ਹਰਦੀਪ ਸਿੰਘ ਅਤੇ ਗੁਲਪਨਾਗ ਦੇ ਨਾਮ ਚਰਚਾ ਵਿੱਚ

ਐਸ.ਏ.ਐਸ.ਨਗਰ, 15 ਦਸੰਬਰ (ਸ.ਬ.)ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੀ ਸ਼ਾਮ  ਮਜੀਠਾ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਪਾਰਟੀ ਵੱਲੋਂ ਮੁਹਾਲੀ ਹਲਕੇ ਲਈ ਐਲਾਨੇ ਗਏ ਉਮੀਦਵਾਰ ਸ੍ਰ. ਹਿੰਮਤ ਸਿੰਘ ਸ਼ੇਰਗਿੱਲ ਨੂੰ ਮਜੀਠਾ ਵਿਧਾਨ ਸਭਾ ਹਲਕੇ ਤੋਂ ਕੈਬਿਨਟ ਮੰਤਰੀ ਸ੍ਰ. ਵਿਕਰਮ ਸਿੰਘ ਮਜੀਠਿਆ ਦੇ ਮੁਕਾਬਲੇ ਆਮ ਆਦਮੀ ਪਾਰਟੀ ਦਾ ਉਮੀਦਵਾਰ  ਐਲਾਨੇ ਜਾਣ ਤੋਂ ਬਾਅਦ ਪਾਰਟੀ ਵੱਲੋਂ ਮੁਹਾਲੀ ਹਲਕੇ ਲਈ ਨਵੇਂ ਉਮੀਦਵਾਰ ਬਾਰੇ ਫੈਸਲੇ ਕਰਨ ਲਈ ਅੱਜ ਦਿੱਲੀ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਫੈਸਲਾ ਹੋਣ ਉਪਰੰਤ ਅੱਜ ਦੇਰ ਸ਼ਾਮ ਮੁਹਾਲੀ ਦੇ ਉਮੀਦਵਾਰ ਹੋ ਸਕਦਾ ਹੈ|
ਪਾਰਟੀ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਮੁਹਾਲੀ ਹਲਕੇ ਤੋਂ ਕੋਈ ਸਿੱਖ ਹੀ ਮੈਦਾਨ ਵਿੱਚ ਉਤਾਰਿਆ ਜਾਵੇਗਾ ਅਤੇ ਇਸ ਸੰਬੰਧੀ ਪਾਰਟੀ ਵੱਲੋਂ ਕਈ ਨਾਵਾਂ ਤੇ ਵਿਚਾਰ ਕੀਤਾ ਜਾ ਸਕਦਾ ਹੈ| ਪਾਰਟੀ ਦੀ ਉਚ ਪੱਧਰੀ ਮੀਟਿੰਗ ਜਿਸ ਵਿੱਚ ਮੁਹਾਲੀ ਹਲਕੇ ਦੇ ਉਮੀਦਵਾਰ ਬਾਰੇ ਫੈਸਲੇ ਤੇ ਮੁਹਰ ਲੱਗਣੀ ਹੈ| ਪਹਿਲਾਂ ਦੁਪਹਿਰ ਡੇਢ ਵਜੇ ਰੱਖੀ ਗਈ ਸੀ ਪਰੰਤੂ ਬਾਅਦ ਵਿੱਚ (ਧੁੰਧ ਕਾਰਨ ਫਲਾਈਟਾਂ ਲੇਟ ਹੋਣ ਕਾਰਨ) ਇਹ ਮੀਟਿੰਗ ਅੱਜ ਸ਼ਾਮ ਲਈ ਮੁਲਤਵੀ ਕਰ ਦਿੱਤੀ ਗਈ|
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਸ੍ਰ.ਗੁਰਪ੍ਰੀਤ ਸਿੰਘ ਵੜੈਚ ਨੇ ਸੰਪਰਕ ਕਰਨ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਮੁਹਾਲੀ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਬਾਰੇ ਫੈਸਲਾ ਕਰਨ ਲਈ ਅੱਜ ਦਿੱਲੀ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ|
ਹਾਲਾਂਕਿ ਉਹਨਾਂ ਨੇ ਮੀਟਿੰਗ ਵਿੱਚ ਵਿਚਾਰੇ ਜਾਣ ਵਾਲੇ ਪ੍ਰਸਤਾਵਿਤ ਉਮੀਦਵਾਰ ਦੇ ਨਾਮ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਹੋਣ ਤੇ ਇਸ ਸਾਰੇ ਰਸਮੀ ਐਲਾਨ ਹੋ ਸਕਦਾ ਹੈ|
ਸੂਤਰਾਂ ਦੀ ਮੰਨੀਏ ਤਾਂ ਪਾਰਟੀ ਵੱਲੋਂ ਇੱਥੇ ਕਿਸੇ ਸਥਾਨਕ ਆਗੂ ਨੂੰ ਹੀ ਪਾਰਟੀ ਦੀ ਟਿਕਟ ਦਿੱਤੇ ਜਾਣ ਦੀ ਸੰਭਾਵਨਾ ਹੈ ਅਤੇ ਪਹਿਲਾਂ ਚਰਚਾ ਵਿੱਚ ਆਏ ਦਿੱਲੀ ਦੇ ਵਿਧਾਇਕ ਸ੍ਰ ਜਰਨੈਲ ਸਿੰਘ ਨੂੰ ਇੱਥੋ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਘੱਟੀ ਹੀ ਹੈ| ਇਸਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਪਾਰਟੀ ਵੱਲੋਂ ਸ੍ਰ. ਜਰਨੈਲ ਸਿੰਘ ਨੂੰ ਇੱਥੋਂ ਜੇਕਰ ਉਮੀਦਵਾਰ ਬਣਾਇਆ ਗਿਆ ਤਾਂ ਉਹਨਾਂ ਨੂੰ ਦਿੱਲੀ ਵਿਧਾਨ  ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਪੰਜਾਬ ਵਿੱਚ ਆਪਣੀ ਵੋਟ ਬਣਾਉਣੀ ਪੈਣੀ ਇਸ ਲਈ ਉਹਨਾਂ ਦੀ ਉਮੀਦਵਾਰੀ ਦੀ ਸੰਭਾਵਨਾ ਘੱਟ ਹੈ|
ਇਸ ਦੌਰਾਨ ਜਿਹੜੇ ਨਾਮ ਚਰਚਾ ਵਿੱਚ ਹਨ ਉਹਨਾਂ ਵਿੱਚ ਪਾਰਟੀ ਦੇ ਹਲਕਾ ਆਨੰਦਪੁਰ ਸਾਹਿਬ ਦੇ ਕਨਵੀਨਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਚੰਡੀਗੜ੍ਹ ਤੋਂ ਲੋਕਸਭਾ ਦੀ ਚੋਣਾਂ ਲੜ ਚੁੱਕੀ ਫਿਲਮ ਅਭਿਨੇਤਰੀ ਅਤੇ ਮਾਡਲ ਗੁਲ ਪਨਾਗ, ਮੁਹਾਲੀ ਤੋਂ ਸ੍ਰੋਮਣੀ             ਕਮੇਟੀ ਮੈਂਬਰ ਸ੍ਰ. ਹਰਦੀਪ ਸਿੰਘ ਅਤੇ ਮਸ਼ਹੂਰ ਪੰਜਾਬੀ ਗਾਇਕ ਅਤੇ ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੇ ਸਾਬਕਾ ਚੇਅਰਮੈਨ ਸ੍ਰ. ਹਰਭਜਨ ਮਾਨ ਦੇ ਨਾਮ ਪ੍ਰਮੁਖ ਤੋਰ ਤੇ ਉਭਰ ਕੇ ਆਏ ਹਨ ਪਰੰਤੂ ਪਾਰਟੀ ਦੇ ਸੂਤਰਾਂ ਅਨੁਸਾਰ ਪਾਰਟੀ ਵੱਲੋਂ ਇਹਨਾਂ ਤੋਂ ਇਲਾਵਾ ਕਿਸੇ ਹੋਰ ਨੂੰ ਵੀ ਉਮੀਦਵਾਰ ਬਣਾਇਆ ਜਾ ਸਕਦਾ ਹੈ ਜਿਸ ਬਾਰੇ ਫੈਸਲਾ ਅੱਜ ਦੇਰ ਸ਼ਾਮ ਹੋਣ ਦੀ ਪੂਰੀ ਸੰਭਾਵਨਾ ਹੈ| ਖਬਰ ਲਿਖੇ ਜਾਣ ਤੱਕ ਦਿੱਲੀ ਵਿਖੇ ਮੀਟਿੰਗ ਜਾਰੀ ਸੀ|

Leave a Reply

Your email address will not be published. Required fields are marked *