ਮੁੜ ਭਖਿਆ ਮੈਰੀਟੋਰਅਸ ਸਕੂਲ ਵਿੱਚ ਵਿਦਿਆਰਥੀ ਦੇ ਕਤਲ ਦਾ ਮਾਮਲਾ

ਮੁੜ ਭਖਿਆ ਮੈਰੀਟੋਰਅਸ ਸਕੂਲ ਵਿੱਚ ਵਿਦਿਆਰਥੀ ਦੇ ਕਤਲ ਦਾ ਮਾਮਲਾ
ਕਤਲ ਕੇਸ ਨੂੰ ਛੁਪਾਉਣ, ਸਬੂਤਾਂ ਨੂੰ ਖੁਰਦ ਬੁਰਦ ਕਰਨ, ਕਾਨੂੰਨ ਅਤੇ ਪੁਲੀਸ ਨੂੰ ਗੁੰਮਰਾਹ ਕਰਨ ਦੇ ਦੋਸ਼ੀਆਂ ਖਿਲਾਫ ਹੋਵੇ ਸਖਤ ਕਾਰਵਾਈ : ਸਤਨਾਮ ਦਾਊਂ
ਐਸ.ਏ.ਐਸ.ਨਗਰ, 9 ਸਤੰਬਰ (ਸ.ਬ.) ਮੁਹਾਲੀ ਦੇ ਸੈਕਟਰ 70 ਦੇ ਮੈਰੀਟੋਰੀਅਸ ਸਕੂਲ ਵਿੱਚ 9 ਮਾਰਚ ਨੂੰ ਹੋਏ ਹਰਮਨਜੀਤ ਸਿੰਘ ਨਾਮ ਦੇ ਇੱਕ ਹੋਣਹਾਰ ਵਿਦਿਆਰਥੀ ਦੇ ਕਤਲ ਦੇ ਮਾਮਲੇ ਵਿੱਚ ਸਕੂਲ ਪ੍ਰਸ਼ਾਸਨ ਦੇ ਖਿਲਾਫ ਕੋਈ ਕਾਰਵਾਈ ਨਾ ਹੋਣ ਤੇ ਜਿੱਥੇ ਸਿੱਖਿਆ ਵਿਭਾਗ ਦੀ ਕਾਰਗੁਜਾਰੀ ਤੇ ਸਵਾਲ ਉਠ ਰਹੇ ਹਨ ਉੱਥੇ ਇਸ ਮੁੱਦੇ ਤੇ ਸਮਾਜਸੇਵੀ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਦਾਊਂ ਵਲੋਂ ਮੰਗ ਕੀਤੀ ਗਈ ਹੈ ਕਿ ਕਤਲ ਕੇਸ ਨੂੰ ਛੁਪਾਉਣ, ਸਬੂਤਾਂ ਨੂੰ ਖੁਰਦ ਬੁਰਦ ਕਰਨ, ਕਾਨੂੰਨ ਅਤੇ ਪੁਲੀਸ ਨੂੰ ਗੁੰਮਰਾਹ ਕਰਨ ਦੇ ਦੋਸ਼ੀ ਸਕੂਲ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ| ਇਸਦੇ ਨਾਲ ਹੀ ਮ੍ਰਿਤਕ ਬੱਚੇ ਦੇ ਪਿੰਡ ਰਤਨਗੜ੍ਹ ਦੀ ਪੰਚਾਇਤ ਅਤੇ ਨੰਬਰਦਾਰ ਗੁਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਇਨਸਾਫ ਲੈਣ ਲਈ ਸਿੱਖਿਆ ਵਿਭਾਗ ਦੇ ਦਫਤਰ ਦਾ            ਘੇਰਾਓ ਕੀਤਾ ਜਾਵੇਗਾ ਅਤੇ ਲੋੜ ਪੈਣ ਦੇ ਮਾਣਯੋਗ ਹਾਈ ਕੋਰਟ ਦਾ ਦਰਵਾਜਾ ਵੀ ਖੜਕਾਇਆ                   ਜਾਵੇਗਾ|
ਅੱਜ ਇੱਥੇ ਜਾਰੀ ਬਿਆਨ ਵਿੱਚ ਸ੍ਰ. ਦਾਊਂ ਨੇ ਕਿਹਾ ਕਿ ਸਕੂਲ ਸਟਾਫ ਅਤੇ ਸਕੂਲ ਪ੍ਰਸ਼ਾਸਨ ਇਸ ਕਤਲ ਵਿੱਚ ਆਪਣੀ ਭੂਮਿਕਾ ਨੂੰ ਹੁਣੇ ਵੀ ਛੁਪਾ ਰਿਹਾ ਹੈ ਅਤੇ ਪੁਲੀਸ ਅਤੇ ਕਾਨੂੰਨ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕਰ ਰਿਹਾ ਹੈ| 
ਜਿਕਰਯੋਗ ਹੈ ਕਿ 9 ਮਾਰਚ 2020 ਨੂੰ ਹੋਏ ਇਸ ਕਤਲ ਨੂੰ ਪਹਿਲਾਂ ਸਕੂਲ ਪ੍ਰਸ਼ਾਸਨ ਵੱਲੋਂ ਖੁਦਕੁਸ਼ੀ ਦਾ        ਕੇਸ ਬਣਾ ਕੇ ਪੇਸ਼ ਕੀਤਾ ਗਿਆ ਸੀ| ਬਾਅਦ ਵਿੱਚ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਹਰਮਨਜੀਤ ਦਾ ਕਤਲ ਕੀਤਾ ਗਿਆ ਹੈ| ਪਰਿਵਾਰ ਦਾ ਤਰਕ ਸੀ ਕਿ ਹਰਮਨਜੀਤ ਇੱਕ ਹੋਣਹਾਰ ਅਤੇ ਚੰਗੇ ਚਾਲ ਚਲਣ ਵਾਲਾ ਵਿਦਿਆਰਥੀ ਸੀ| ਇਸ ਅੰਮ੍ਰਿਤਧਾਰੀ ਬੱਚੇ ਨੂੰ ਘਰ ਅਤੇ ਸਕੂਲ ਵਿੱਚ ਕਿਸੇ ਕਿਸਮ ਦਾ ਦਬਾਓ ਨਹੀਂ ਸੀ ਅਤੇ ਨਾ ਹੀ ਕਿਸੇ ਕਿਸਮ ਦੀ ਦਿਮਾਗੀ ਪ੍ਰੇਸ਼ਾਨੀ ਸੀ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਤੱਥ ਲੁਕਾਏ ਜਾ ਰਹੇ ਹਨ| 
ਉਹਨਾਂ ਕਿਹਾ ਕਿ ਉਹਨਾਂ ਵਲੋਂ ਉਸੇ ਦਿਨ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਚੇਅਰਮੈਨ ਡਾ. ਦਲੇਰ ਸਿੰਘ ਮੁਲਤਾਨੀ ਦੇ ਨਾਲ ਇਸ ਘਟਨਾ ਦਾ ਨੋਟਿਸ ਲੈਂਦਿਆਂ ਕਿਹਾ ਸੀ ਕਿ ਇਸ ਬੱਚੇ ਦੇ ਸਰੀਰ ਤੇ ਲੱਗੀਆਂ ਸੱਟਾਂ, ਕਤਲ ਦੇ ਸਥਾਨ ਤੇ ਖਿੱਲਰਿਆ ਖੂਨ ਅਤੇ ਬਾਥਰੂਮ ਵਿੱਚ ਲੱਗਿਆ ਖੂਨ ਅਤੇ ਮੌਕੇ ਦੇ ਹਾਲਾਤ ਇਸ ਗੱਲ ਵੱਲ ਇਸ਼ਾਰਾ ਕਰਦੇ ਸਨ ਕਿ ਇਹ ਖੁਦਕੁਸ਼ੀ ਨਾ ਹੋ ਕੇ ਇੱਕ ਕਤਲ ਕੇਸ ਹੈ| ਇਸ ਸੰਬੰਧੀ ਉਹਨਾਂ ਦੀ ਸੰਸਥਾ, ਸਹਿਯੋਗੀ ਸੰਸਥਾਵਾਂ, ਪਿੰਡ ਵਾਸੀਆਂ ਅਤੇ ਮਾਪਿਆਂ ਵੱਲੋਂ ਤਿੱਖੇ ਰੋਹ ਦਾ ਪ੍ਰਦਰਸ਼ਨ ਕੀਤਾ ਗਿਆ ਸੀ| ਇਸਦੇ ਨਾਲ ਹੀ ਉਹਨਾਂ ਵਲੋਂ ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਪੁਲੀਸ ਮੁਖੀ             ਸਮੇਤ ਹੋਰਨਾਂ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਹ ਮੰਗ ਕੀਤੀ ਸੀ ਕਿ ਇਸ ਕੇਸ ਵਿੱਚ ਕਤਲ ਦੀਆਂ ਧਾਰਾਵਾਂ ਲਗਾ ਕੇ ਸਕੂਲ ਪ੍ਰਸ਼ਾਸਨ ਅਤੇ ਸਹਿ ਵਿਦਿਆਰਥੀਆਂ ਅਤੇ ਪੋਸਟ ਮਾਰਟਮ ਕਰਨ ਵਾਲੇ ਡਾਕਟਰਾਂ ਨੂੰ ਜਾਂਚ ਦੇ               ਘੇਰੇ ਵਿੱਚ ਲਿਆ ਜਾਵੇ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ| ਜਿਸਤੋਂ ਬਾਅਦ ਪੁਲੀਸ ਜਾਂਚ ਵਿੱਚ ਵੀ ਇਹ ਪਾਇਆ ਗਿਆ ਸੀ ਕਿ ਇਹ ਕਤਲ ਕੇਸ ਹੀ ਹੈ ਅਤੇ ਕਤਲ ਕੇਸ ਸਾਬਿਤ ਹੋਣ ਤੋਂ ਬਾਅਦ ਪੁਲੀਸ ਤਫਤੀਸ਼ ਵਿੱਚ ਮ੍ਰਿਤਕ ਦੇ ਨਾਲ ਪੜ੍ਹਦੇ ਦੋ ਵਿਦਿਆਰਥੀਆਂ ਖਿਲਾਫ ਕਤਲ ਦੀਆਂ ਵੱਖ ਵੱਖ ਧਾਰਾਵਾਂ ਲਗਾ ਕੇ ਕੇਸ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ| 
ਉਹਨਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਵਿੱਚ ਪੁਲੀਸ, ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਜਾਂਚ ਕਮਿਸ਼ਨ ਬਿਠਾਉਣ ਤੇ  ਸਕੂਲ ਪ੍ਰਸ਼ਾਸਨ, ਪ੍ਰਿੰਸੀਪਲ ਅਤੇ ਸਟਾਫ ਵੀ ਦੋਸ਼ੀ ਸਾਬਤ ਹੋਏ ਪਰ ਇਸਦੇ ਬਾਵਜੂਦ ਸਿੱਖਿਆ ਵਿਭਾਗ ਅਤੇ ਪੁਲੀਸ ਵੱਲੋਂ ਸਕੂਲ ਪ੍ਰਸ਼ਾਸਨ, ਪ੍ਰਿੰਸੀਪਲ ਅਤੇ ਸਟਾਫ ਦੇ  ਖਿਲਾਫ ਕਿਸੇ ਵੀ ਕਿਸਮ ਦੀ ਕੋਈ ਵੀ ਕਾਰਵਾਈ ਨਾ ਹੋਣਾ ਪੁਲੀਸ, ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਉਂਦਾ ਹੈ| ਉਹਨਾਂ ਇਲਜਾਮ ਲਗਾਇਆ ਕਿ ਸਕੂਲ ਪ੍ਰਿੰਸੀਪਲ ਦੇ ਪਤੀ ਦੇ ਸਿੱਖਿਆ ਸਕੱਤਰ ਨਾਲ ਦੋਸਤਾਨਾ ਸਬੰਧ ਹਨ ਜਿਸ ਕਾਰਨ ਵੀ ਇਸ ਕੇਸ ਵਿੱਚ ਹੋਈ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ| ਉਹਨਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਸਕਿਊਰਟੀ ਕੈਮਰਿਆਂ ਦੀ ਫੂਟੇਜ਼ ਪਰਿਵਾਰ ਨੂੰ ਨਹੀਂ ਦਿੱਤੀ ਗਈ ਸੀ| ਵਾਰਦਾਤ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਮੌਕੇ ਤੇ ਪੁਲੀਸ ਨੂੰ ਸੂਚਿਤ ਨਹੀਂ ਕੀਤਾ ਗਿਆ| ਵਾਰਦਾਤ ਦੇ ਨਿਸ਼ਾਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ| ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਸਕੂਲ ਪ੍ਰਸ਼ਾਸਨ ਕਿਸੇ ਵੱਡੀ ਵਾਰਦਾਤ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ|
ਸੰਸਥਾ ਦੇ ਵਕੀਲਾਂ ਐਡਵੋਕੇਟ            ਤੇਜਿੰਦਰ ਸਿੱਧੂ, ਗਮਦੂਰ ਸਿੰਘ, ਲਵਨੀਤ ਠਾਕੁਰ, ਪੀ.ਐਸ. ਗਰੇਵਾਲ ਅਤੇ ਜਾਨਕੀ ਦਾਸ ਨੇ ਕਿਹਾ ਕਿ ਮਾਰਚ ਮਹੀਨੇ ਤੋਂ ਬਾਅਦ ਲਾਕਡਾਊਨ ਦੀ ਸਥਿਤੀ ਕਾਰਨ ਸੰਸਥਾ ਅਤੇ ਮਾਪੇ ਇਸ ਕੇਸ ਦੀ ਠੀਕ ਤਰ੍ਹਾਂ ਪੈਰਵਾਈ ਨਹੀਂ ਕਰ ਸਕੇ ਅਤੇ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਇਸ ਫਾਇਦਾ ਚੁੱਕਦੇ ਹੋਏ ਇਸ ਕੇਸ ਨੂੰ ਜਲਦ ਤੋਂ ਜਲਦ ਨਿਪਟਾਉਣ ਦੀ ਕੋਸ਼ਿਸ਼ ਕਰਦੇ ਹੋਏ ਦੋ ਸਹਿ ਵਿਦਿਆਰਥੀਆਂ ਵਿਰੁੱਧ ਕਤਲ ਦਾ ਪਰਚਾ ਦਰਜ ਕਰ ਕੇ ਚਲਾਨ ਪੇਸ਼ ਕਰ ਦਿੱਤਾ ਗਿਆ| ਪਰੰਤੂ ਇਸ ਜਲਦਬਾਜੀ ਵਿੱਚ ਸਕੂਲ ਪ੍ਰਸ਼ਾਸਨ ਅਤੇ ਸਟਾਫ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ|
ਉਹਨਾਂ ਕਿਹਾ ਕਿ ਇਸ ਕੇਸ ਵਿੱਚ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਸ ਸਮੇਂ ਤੱਕ ਸੰਸਥਾਵਾਂ ਅਤੇ ਮਾਪਿਆਂ ਵੱਲੋਂ ਸੰਘਰਸ਼ ਦਾ ਰਸਤਾ ਅਪਣਾਇਆ ਜਾਵੇਗਾ|

Leave a Reply

Your email address will not be published. Required fields are marked *