ਮੁੰਬਈ ਪੁਲੀਸ ਨੇ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਨੂੰ ਗ੍ਰਿਫ਼ਤਾਰ ਕੀਤਾ


ਮੁੰਬਈ, 4 ਨਵੰਬਰ (ਸ.ਬ.)              ਰਾਏਗੜ੍ਹ ਪੁਲੀਸ ਨੇ ਅੱਜ ਸਵੇਰੇ ਰਿਪਬਲਿਕ ਟੀ.ਵੀ. ਦੇ ਐਡੀਟਰ-ਇਨ-ਚੀਫ਼ ਅਰਨਬ ਗੋਸਵਾਮੀ ਸਮੇਤ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਇਨ੍ਹਾਂ ਤੇ 53 ਸਾਲਾ ਇੰਟੀਰੀਅਰ ਡਿਜ਼ਾਈਨਰ ਅਤੇ ਉਨ੍ਹਾਂ ਦੀ ਮਾਂ ਨੂੰ 2018 ਵਿੱਚ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਹੈ| ਇਸ ਕੇਸ ਵਿੱਚ ਅਰਨਬ ਨਾਲ ਜਿਨ੍ਹਾਂ 2 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ, ਉਨ੍ਹਾਂ ਵਿੱਚ ਇਕ ਫਿਰੋਜ਼ ਸ਼ੇਖ, ਜਦੋਂ ਕਿ ਦੂਜੇ          ਨਿਤੇਸ਼ ਸਾਰਦਾ ਹਨ| ਗੋਸਵਾਮੀ ਨੂੰ ਵਰਲੀ, ਜਦੋਂ ਕਿ ਫਿਰੋਜ਼ ਨੂੰ ਕਾਂਦਿਵਲੀ ਅਤੇ ਨਿਤੇਸ਼ ਨੂੰ ਜੋਗੇਸ਼ਵਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ| ਅਰਨਬ ਦੀ ਗ੍ਰਿਫ਼ਤਾਰੀ ਰਾਏਗੜ੍ਹ ਪੁਲੀਸ ਅਤੇ ਮੁੰਬਈ ਪੁਲੀਸ ਦੀ ਸਾਂਝੀ ਮੁਹਿੰਮ ਵਿੱਚ ਹੋਈ ਹੈ| ਏ.ਪੀ.ਆਈ. ਸਚਿਨ ਵਾਜੇ ਦੀ ਟੀਮ ਨੇ ਅਰਨਬ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ| ਦੋਸ਼ ਅਨੁਸਾਰ, ਰਿਪਬਲਿਕ ਟੀ.ਵੀ. ਤੇ ਆਰਟੀਕੇਕਟ ਫਰਮ ਕਾਨਕਾਰਡ ਡਿਜ਼ਾਈਨ           ਪ੍ਰਾਈਵੇਟ ਲਿਮਟਿਡ ਦੇ ਐਮ.ਡੀ. ਅਨਵਯ ਨਾਈਕ ਦਾ 83 ਲੱਖ ਰੁਪਏ ਬਕਾਇਆ ਸੀ| ਨਾਇਕ ਨੇ ਰਿਪਬਲਿਕ ਟੀ.ਵੀ. ਦਾ ਸਟੂਡੀਓ ਤਿਆਰ ਕੀਤਾ ਸੀ| 2 ਹੋਰ ਕੰਪਨੀਆਂ- ਆਈਕਾਸਟਐਕਸ/ਸਕਾਈਮੀਡੀਆ ਅਤੇ ਸਮਾਰਟਵਰਕਰਜ਼ ਵੀ ਆਪਣਾ-ਆਪਣਾ ਬਕਾਇਆ ਚੁਕਾਉਣ ਵਿੱਚ ਅਸਫ਼ਲ ਰਹੀਆਂ| ਪੁਲੀਸ ਅਨੁਸਾਰ, ਤਿੰਨੋਂ ਕੰਪਨੀਆਂ ਤੇ ਕੁੱਲ 5.40 ਕਰੋੜ ਰੁਪਏ ਬਕਾਇਆ ਸੀ|
ਇਕ ਸੀਨੀਅਰ ਪੁਲੀਸ ਅਫ਼ਸਰ ਨੇ ਕਿਹਾ,”ਅਰਨਬ ਅਤੇ ਉਨ੍ਹਾਂ ਦੀ ਪਤਨੀ ਸਾਮਯਬਰਤ ਨੇ ਕਰੀਬ ਇਕ ਘੰਟੇ ਤੱਕ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕੀਤਾ, ਜਦੋਂ ਕਿ ਅਸੀਂ ਉਨ੍ਹਾਂ ਨੂੰ ਦੱਸਦੇ ਰਹੇ ਕਿ ਅਸੀਂ ਅਲੀਬਾਗ਼ ਕੇਸ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਆਏ ਹਾਂ| ਅਸੀਂ ਇਕ ਪੁਲੀਸ ਵਾਲੇ ਨੂੰ ਪੂਰੇ ਘਟਨਾਕ੍ਰਮ ਦਾ ਵੀਡੀਓ ਬਣਾਉਣ ਦੀ                     ਜ਼ਿੰਮੇਵਾਰੀ ਦੇ ਦਿੱਤੀ ਤਾਂ ਕਿ ਸਾਡੇ ਤੇ ਕੋਈ ਦੋਸ਼ ਨਾ ਲਗਾਇਆ ਜਾਵੇ| ਜਦੋਂ ਅਰਨਬ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੀ ਪਤਨੀ ਵੀਡੀਓ ਬਣਾਉਣ ਲੱਗੀ ਅਤੇ ਦੋਸ਼ ਲਗਾ ਦਿੱਤਾ ਕਿ ਪੁਲੀਸ ਨੇ ਉਨ੍ਹਾਂ (ਅਰਨਬ) ਨਾਲ ਹੱਥੋਪਾਈ ਕੀਤੀ| ਪੁਲੀਸ ਨੇ ਕਿਹਾ ਕਿ ਆਈ.ਪੀ.ਸੀ. ਦੀ ਧਾਰਾ 306 ਦੇ ਅਧੀਨ ਅਰਨਬ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਨੂੰ ਗ੍ਰਿਫ਼ਤਾਰੀ ਵਾਰੰਟ ਦੀ ਜ਼ਰੂਰਤ ਨਹੀਂ ਸੀ| ਪੁਲੀਸ ਨੇ ਕਿਹਾ ਕਿ ਜਦੋਂ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੀ ਸੂਚਨਾ ਵਾਲਾ ਨੋਟਿਸ ਫੜਾਇਆ ਤਾਂ ਉਨ੍ਹਾਂ ਦੀ ਪਤਨੀ ਨੇ ਇਸ ਨੂੰ ਪਾੜ ਦਿੱਤਾ| ਉਦੋਂ ਪੁਲੀਸ ਨੇ ਅਰਨਬ ਨੂੰ ਪੁਲੀਸ ਵੈਨ ਵਿੱਚ ਧੱਕ ਦਿੱਤਾ ਅਤੇ ਐਨ.ਐਮ. ਜੋਸ਼ੀ ਮਾਰਗ ਥਾਣੇ ਵਿੱਚ ਇਕ ਸਟੇਸ਼ਨ ਡਾਇਰੀ ਐਂਟਰੀ ਕੀਤੀ| ਇਸ ਤੋਂ ਬਾਅਦ ਉਨ੍ਹਾਂ ਨੂੰ ਅਲੀਬਾਗ਼ ਪੁਲੀਸ ਨੂੰ ਸੌਂਪ ਦਿੱਤਾ ਗਿਆ|

Leave a Reply

Your email address will not be published. Required fields are marked *