ਮੁੱਖ ਮੰਤਰੀ ਦਫਤਰ ਦਾ ਅਧਿਕਾਰੀ ਬਣਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂ

ਐਸ. ਏ. ਐਸ ਨਗਰ, 19 ਦਸੰਬਰ (ਸ.ਬ.) ਸਟੇਟ ਸਪੈਸ਼ਲ ਅਪਰੇਸ਼ਨ ਸੈਲ ਮੁਹਾਲੀ ਦੀ ਟੀਮ ਅਤੇ ਜੀਰਕਪੁਰ ਦੀ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ਵਿੱਚ ਸੰਜੇ ਕੁਮਾਰ ਵਸਨੀਕ ਜਿਲਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਨੂੰ ਜੀਰਕਪੁਰ ਵਿੱਚ ਗ੍ਰਿਫਤਾਰ ਕੀਤਾ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਮੁਹਾਲੀ ਦੇ ਏ ਆਈ ਜੀ ਸ੍ਰੀ ਵਰਿੰਦਰਪਾਲ ਸਿੰਘ ਨੇ ਦਸਿਆ ਕਿ ਸੰਜੇ ਕੁਮਾਰ ਲੋਕਾਂ ਨਾਲ ਠੱਗੀਆਂ ਮਾਰਨ ਦਾ ਮਾਹਿਰ ਸੀ ਜੋ ਆਪਣੇ ਆਪ ਨੂੰ ਨਰਿੰਦਰ ਕੁਮਾਰ ਦੱਸਦਾ ਸੀ ਜੋ ਪੰਜਾਬ, ਹਿਮਾਚਲ ਤੇ ਹਰਿਆਣਾ ਸੀ ਐਮ ਹਾਊਸ ਦਾ ਅਧਿਕਾਰੀ ਦੱਸਦਾ ਸੀ| ਇਹ ਸਰਕਾਰੀ ਮਹਿਕਮਿਆਂ ਦੇ ਮੁਅੱਤਲ ਮੁਲਾਜ਼ਮਾਂ ਨੂੰ ਬਹਾਲ ਕਰਾਉਣ, ਬਦਲੀ ਕਰਵਾਉਣੀ ਤੇ ਭੋਲੇ ਭਾਲੇ ਲੋਕਾਂ ਨੂੰ ਨੌਕਰੀਆਂ ਲਵਾਉਣ ਦਾ ਝਾਂਸਾ ਦੇ ਕੇ ਮੋਟੀ ਰਕਮ ਵਸੂਲਦਾ ਸੀ|
ਉਹਨਾਂ ਦੱਸਿਆ ਕਿ ਬੀ ਏ ਕਰਨ ਉਪਰੰਤ ਇਸ ਨੇ ਟਰੱਕ ਲੈ ਕੇ ਟਰਾਂਸਪੋਰਟ ਦਾ ਕਾਰੋਬਾਰ ਕੀਤਾ ਅਤੇ ਇਸਦੇ ਟਰੱਕ ਦਾ ਐਕਸੀਡੈਂਟ ਹੋਣ ਕਾਰਨ ਪੈਸੇ ਤੋਂ ਤੰਗੀ ਆਉਣ ਤੇ ਇਸ ਨੇ ਠੱਗੀ ਦਾ ਨਵਾਂ ਰਸਤਾ ਅਪਣਾਇਆ ਜੋ ਪੰਜਾਬ ਹਿਮਾਚਲ ਤੇ ਹਰਿਆਣਾ ਦੀਆਂ ਅਖਬਾਰਾਂ ਪੜ੍ਹ ਕੇ ਜੇਕਰ ਕੋਈ ਸਰਕਾਰੀ ਕਰਮਚਾਰੀ ਦੀ ਬਦਲੀ ਜਾਂ ਮੁਅੱਤਲ ਦੀ ਖਬਰ ਲੱਗੀ ਹੁੰਦੀ ਸੀ ਤਾਂ ਉਸ ਮਹਿਕਮੇ ਦਾ ਇੰਟਰਨੈਟ ਰਾਹੀਂ ਨੰਬਰ ਲੈ ਕੇ ਸਬੰਧਿਤ ਅਧਿਕਾਰੀ ਨਾਲ ਸੀ ਐਮ ਹਾਊਸ ਦਾ ਅਧਿਕਾਰੀ ਦੱਸ ਕੇ ਸੰਪਰਕ ਬਣਾ ਲੈਂਦਾ ਸੀ ਤੇ ਇਹ ਯਕੀਨ ਕਰਾ ਦਿੰਦਾ ਸੀ ਕਿ ਉਸਦੀ ਫਾਈਲ ਸਾਡੇ ਦਫਤਰ ਵਿੱਚ ਆਈ ਹੈ| ਜਿਆਦਾਤਰ ਤੇ ਸੀ ਐਮ ਹਾਊਸ ਦੇ ਬਾਹਰ ਪੀੜਤ ਮੁਲਾਜ਼ਮਾਂ ਨੂੰ ਮਿਲਦਾ ਸੀ ਤੇ ਆਪਣੇ ਜਾਲ ਵਿੱਚ ਫਸਾ ਕੇ ਬਹਾਲ ਕਰਾਉਣ ਜਾਂ ਬਦਲੀ ਕਰਾਉਣ ਦਾ ਲਾਲਚ ਦੇ ਕੇ ਠੱਗੀ ਕਰਦਾ ਸੀ| ਇਸ ਦੇ ਕਰੀਬ 20 ਹਜਾਰ ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀ ਠੱਗੀ ਮਾਰੀ ਸੀ ਜਿਸ ਕਰਕੇ ਹੁਣ ਤੱਕ ਇਹ ਲੋਕਾਂ ਤੋਂ ਲੱਖਾਂ ਰੁਪਏ ਠੱਗ ਚੁੱਕਾ ਸੀ| ਹਰਿਆਣਾ ਦੇ ਲੋਕਾਂ ਨੂੰ ਇਹ ਹਰਿਆਣਾ ਸੀ ਐਮ ਹਾਊਸ ਦਾ ਅਧਿਕਾਰੀ ਦੱਸਦਾ ਤੇ ਪੰਜਾਬ ਦੇ ਲੋਕਾਂ ਨੂੰ ਇਹ ਪੰਜਾਬ ਸੀ ਐਮ ਹਾਊਸ ਦਾ ਅਧਿਕਾਰੀ ਦੱਸਦਾ ਤੇ ਹਿਮਾਚਲ ਦੇ ਲੋਕਾਂ ਨੂੰ ਹਿਮਾਚਲ ਸੀ ਐਮ ਹਾਊਸ ਦਾ ਅਧਿਕਾਰੀ ਦੱਸਦਾ ਸੀ| ਜਿਆਦਾਤਰ ਇਹ ਚੰਡੀਗੜ੍ਹ ਆਉਣ ਸਮੇਂ ਪੰਚਕੂਲਾ ਜਾਟ ਭਵਨ ਵਿੱਚ ਕਮਰਾ ਕਿਰਾਏ ਤੇ ਲੈ ਕੇ ਰਹਿੰਦਾ ਸੀ| ਇਸ ਤੋਂ ਇਲਾਵਾ ਇਸ ਨੇ 3-4 ਸਾਲ ਡੇ ਐਡ ਨਾਇਟ ਚੈਨਲ ਰਾਹੀਂ ਜਰਨਲਿਸਮ ਦੀ ਟਰੇਨਿੰਗ ਦੇਣ ਲਈ ਸ਼ਿਮਲਾ ਵਿੱਚ ਇੰਸਟੀਚਿਊਟ ਖੋਲਿਆ ਸੀ| ਗ੍ਰਿਫਤਾਰੀ ਦੌਰਾਨ ਵੀ ਜ਼ੀਰਕਪੁਰ ਵਿੱਚ ਕਿਸੇ ਸਰਕਾਰੀ ਮੁਲਾਜਮ ਨੂੰ ਬਹਾਲ ਕਰਾਉਣ ਲਈ ਮੀਟਿੰਗ ਕਰਨ ਲਈ ਬੁਲਾ ਕੇ ਠੱਗੀ ਕਰਨ ਵਿੱਚ ਸੀ| ਇਸ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੋ 3 ਦਿਨਾਂ ਤੇ ਪੁਲੀਸ ਰਿਮਾਂਡ ਤੇ ਹੈ|
ਉਹਨਾਂ ਦੱਸਿਆ ਕਿ ਸੰਜੇ ਕੁਮਾਰ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮਾਲ ਮਹਿਕਮਾ, ਬਿਜਲੀ ਮਹਿਕਮਾ, ਜਿਲਾ ਭਲਾਈ ਮਹਿਕਮਾ, ਮਾਈਨਿੰਗ ਡਿਪਾਰਟਮੈਂਟ ਤੇ ਹੋਰ ਕੋਈ ਵਿਭਾਗ/ਮਹਿਕਮੇ ਦੇ ਕਾਫੀ ਅਧਿਕਾਰੀਆਂ ਨਾਲ ਠੱਗੀ ਮਾਰੀ ਸੀ ਜੋ ਪੁਲੀਸ ਤਫਤੀਸ਼ ਦੌਰਾਨ ਇਹਨਾਂ ਅਧਿਕਾਰੀਆਂ ਨਾਲ ਸੰਪਰਕ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *