ਮੁੱਖ ਮੰਤਰੀ ਦਫਤਰ ਦੀ ਫੌਜ ਕਰ ਰਹੀ ਹੈ ਮਾਫੀਆ ਦੀ ਸਰਪ੍ਰਸਤੀ : ਬੀਰਦਵਿੰਦਰ ਸਿੰਘ


ਪਟਿਆਲਾ, 11 ਨਵੰਬਰ (ਸ.ਬ.) ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਸ੍ਰੀ ਬੀਰਦਵਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫਤਰ ਦੇ ਓ. ਐਸ. ਡੀ, ਰਾਜਨੀਤਕ ਸਕੱਤਰਾਂ ਅਤੇ ਸਲਾਹਕਾਰਾਂ ਦੀ ਫੌਜ ਹੀ, ਪੰਜਾਬ ਵਿੱਚ ਮਾਫੀਆ ਰਾਜ ਦੀ ਸਰਪ੍ਰਸਤੀ ਅਤੇ ਦੇਖ-ਰੇਖ ਕਰ ਰਹੀ ਹੈ| ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਵਿੱਚ ਫੜੇ ਗਏ ਬਦਨਾਮ ਡਰੱਗ ਸਮਗਲਰ, ਪਿੰਡ ਰਾਣੋਂ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਨਾਲ ਇਨ੍ਹਾਂ ਸਾਰਿਆਂ ਦੇ ਨੇੜਲੇ ਸਬੰਧ ਤਸਵੀਰਾਂ ਰਾਹੀਂ ਬੇਪਰਦ ਹੋ ਰਹੇ ਹਨ ਜਿਹੜੇ ਡੂੰਘੀ ਚਿੰਤਾ ਦਾ ਵਿਸ਼ਾ ਹਨ| 
ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਰੇਤ ਮਾਫੀਆ, ਸ਼ਰਾਬ ਮਾਫੀਆ, ਭੂਮੀ ਮਾਫੀਆ, ਡਰੱਗ ਮਾਫੀਆ ਆਦਿ ਦੀਆਂ ਤਾਰਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਨਾਲ ਜੁੜੀਆਂ ਹੋਈਆਂ ਹਨ ਅਤੇ ਇਸੇ ਕਾਰਨ ਇਹ ਸਾਰੇ ਕਾਰੋਬਾਰ ਪੰਜਾਬ ਵਿੱਚ ਦਿਨ-ਰਾਤ ਵਿਕਸਿਤ ਹੋ ਰਹੇ ਹਨ| ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿੱਤੀ ਮੁਕੰਮਲ ਤੌਰ ਤੇ ਨਸ਼ਟ ਹੋ ਕੇ ਰਹਿ ਗਈ ਹੈ| ਉਹਨਾਂ ਕਿ ਕਿ ਇਸ ਤੋਂ ਵੱਧ ਹਨੇਰ ਹੋਰ ਕੀ ਹੋ ਸਕਦਾ ਹੈ ਕਿ ਇੱਕ ਬਦਨਾਮ ਡਰੱਗ ਸਮਗਲਰ ਨੂੰ  ਡਰੱਗ ਸਮੱਗਲਿੰਗ ਅਤੇ ਹੋਰ ਕਾਲੇ ਧੰਦੇ, ਲੁੱਟਾਂ-ਖੋਹਾਂ ਤੇ ਨਜਾਇਜ਼ ਕਬਜ਼ੇ ਕਰਨ ਲਈ, ਗੰਨ ਮੈਨ ਅਤੇ ਜਿਪਸੀਆਂ ਵੀ ਮੁੱਖ ਮੰਤਰੀ ਦੇ ਦਫ਼ਤਰ ਰਾਹੀਂ ਜਾ ਵੱਡੇ ਪੁਲੀਸ ਅਫਸਰਾਂ ਰਾਹੀਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਸਨ| ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਕਿਸੇ ਉਚ ਪੱਧਰੀ ਕਮੇਟੀ ਵੱਲੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਬਦਨਾਮ ਡਰੱਗ ਸਮਗਲਰ ਨਾਲ ਮੁੱਖ ਮੰਤਰੀ ਦਫ਼ਤਰ ਦੇ ਜਿਹੜੇ ਓ. ਐਸ. ਡੀਜ਼ ਅਤੇ ਰਾਜਨੀਤਕ ਸਕੱਤਰਾਂ ਦੇ ਨੇੜਲੇ ਸਬੰਧਾਂ ਦਾ ਪਰਦਾ ਫਾਸ਼ ਹੋਇਆ ਹੈ ਉਨ੍ਹਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਹਨਾਂ ਪੁਲੀਸ ਅਧਿਕਾਰੀਆਂ ਨੂੰ ਵੀ ਕਾਰਵਾਈ ਦੇ ਘੇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਜਿਹਨਾਂ ਦੀ ਮਿਲੀ ਭੁਗਤ ਅਤੇ ਸਮਰਥਨ ਦੇ ਨਾਲ ਅਜਿਹੇ ਡਰੱਗ ਮਾਫੀਏ ਪੰਜਾਬ ਵਿੱਚ ਪਨਪ ਰਹੇ ਹਨ|

Leave a Reply

Your email address will not be published. Required fields are marked *